ਕਾਨੂੰਨੀ ਸੇਵਾਵਾਂ ਅਥਾਰਟੀ ਨੇ ਮਨਾਇਆ ਆਜ਼ਾਦੀ ਦਿਹਾੜਾ
ਬਲਵਿੰਦਰਪਾਲ , ਪਟਿਆਲਾ, 16 ਅਗਸਤ 2021
ਪਟਿਆਲਾ ਵਿਖੇ ਆਜ਼ਾਦੀ ਦਿਹਾੜੇ ਮੌਕੇ ਪੋਲੋ ਗਰਾਊਂਡ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਮੰਚ ਤੋਂ ਹਾਜ਼ਰੀਨ ਲੋਕਾਂ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਦੱਸਿਆ ਗਿਆ ਅਤੇ 11 ਸਤੰਬਰ 2021 ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਲੰਬਿਤ ਝਗੜਿਆਂ ਨੂੰ ਆਉਣ ਵਾਲੀ ਲੋਕ-ਅਦਾਲਤ ਦੇ ਸਾਹਮਣੇ ਰੱਖਣ ਤਾਂ ਜੋ ਉਹਨਾਂ ਦਾ ਕੀਮਤੀ ਸਮਾਂ ਅਤੇ ਮਿਹਨਤ ਦੀ ਕਮਾਈ ਦੀ ਬੱਚਤ ਕੀਤੀ ਜਾ ਸਕੇ।
ਇਸ ਤੋ ਇਲਾਵਾ ਮਿਤੀ 15.08.2021 ਨੂੰ ਮਾਣਯੋਗ ਜਸਟਿਸ ਅਜੇ ਤਿਵਾੜੀ, ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਮ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੁਹਾਲੀ ਜੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਰਾਜਿੰਦਰ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਕਮ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਅਤੇ ਮਿਸ ਪਰਮਿੰਦਰ ਕੌਰ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਜੀ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਦੇ ਸ੍ਰੀ ਮਨਇੰਦਰ ਸਿੰਘ ਪੈਰਾ ਲੀਗਲ ਵਲੰਟੀਅਰ ਵੱਲੋਂ ਪਿੰਡ ਸੂਲਰ ਦੇ ਆਮ ਲੋਕਾਂ ਨਾਲ ਸਵਤੰਤਰਤਾ ਦਿਵਸ ਦੇ ਮੌਕੇ ਤੇ ਸੈਮੀਨਾਰ ਕੀਤਾ ਗਿਆ ਇਸ ਸੈਸ਼ਨ ਦੌਰਾਨ ਉਨ੍ਹਾਂ ਨੂੰ ਆਜ਼ਾਦੀ ਦਿਵਸ ਦੀ ਮਹੱਤਤਾ ਬਾਰੇ ਵਿਸਤਾਰ ਨਾਲ ਦੱਸਿਆ ਅਤੇ ਮੁਫ਼ਤ ਕਾਨੂੰਨੀ ਸੇਵਾਵਾਂ, ਮੈਡੀਏਸ਼ਨ ਤੇ ਕੰਸੀਲੀਏਸ਼ਨ ਸੈਂਟਰ, ਪਰਮਾਨੈਂਟ ਲੋਕ ਅਦਾਲਤ (ਜਨ-ਉਪਯੋਗੀ ਸੇਵਾਵਾਂ), ਟੋਲ ਫਰੀ ਨੰਬਰ 1968 ਬਾਰੇ ਦੱਸਿਆ ਗਿਆ ਅਤੇ 50 ਦੇ ਲਗਭਗ ਮੁਫ਼ਤ ਕਾਨੂੰਨੀ ਸੇਵਾਵਾਂ ਦੇ ਪੈਂਫ਼ਲਿਟ ਵੀ ਵੰਡੇ ਗਏ।
ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਬਹਾਦਰਗੜ੍ਹ, ਉਲਾਣਾ, ਟੌਹੜਾ ਅਤੇ ਮੱਘਰ ਸਾਹਿਬ ਲੀਗਲ ਲਿਟਰੇਸੀ ਕਲੱਬ ਦੇ ਵਿਦਿਆਰਥੀਆਂ ਨਾਲ ਸਵਤੰਤਰਤਾ ਦਿਵਸ ਸੰਬੰਧੀ ਵੈਬੀਨਾਰ ਕੀਤੇ ਗਏ ਜਿਸ ਮੌਕੇ ਬੱਚਿਆਂ ਨੂੰ ਆਜ਼ਾਦੀ ਦਿਵਸ ਦੀ ਮਹੱਤਤਾ ਬਾਰੇ, ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਵਿਸਤਾਰ ਸਹਿਤ ਦੱਸਿਆ ਗਿਆ ਅਤੇ ਪੇਂਟਿੰਗ, ਡਰਾਇੰਗ ਦੇ ਚਾਰਟ ਬਣਵਾਏ ਗਏ ।