ਸੰਯੁਕਤ ਕਿਸਾਨ ਮੋਰਚਾ: ਧਰਨੇ ਦਾ 320 ਵਾਂ ਦਿਨ
ਖੁੱਲ੍ਹੀ ਮੰਡੀ ਦੇ ਪੈਰੋਕਾਰ ਅਰਥ- ਸ਼ਾਸਤਰੀਆਂ ਨੇ ਕਿਸਾਨਾਂ ਨੂੰ ਧੋਖਾ ਦਿੱਤਾ: ਕਿਸਾਨ ਆਗੂ
ਸ਼ਹੀਦ ਕਿਸਾਨ ਨਿਰਮਲ ਸਿੰਘ ਹਮੀਦੀ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ।
ਪ੍ਰਦੀਪ ਕਸਬਾ , ਬਰਨਾਲਾ: 16 ਅਗਸਤ, 2021
ਬੱਤੀ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 320 ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਧਰਨੇ ਵਿੱਚ ਬੁਲਾਰਿਆਂ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੱਲ੍ਹ 15 ਅਗਸਤ ਨੂੰ ਲਾਲ ਕਿਲ੍ਹੇ ਦੀ ਫਸੀਲ ਤੋਂ ਕੀਤੀ ਤਕਰੀਰ ਦੀ ਚੀਰਫਾੜ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਖੇਤੀ ਸੁਧਾਰਾਂ ਦਾ ਨਾਂਅ ਦੇ ਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।ਇਸ ਵਾਰ ਪ੍ਰਧਾਨ ਮੰਤਰੀ ਨੇ ਗੁੰਮਰਾਹ ਕਰਨ ਲਈ ਛੋਟੇ ਕਿਸਾਨਾਂ ਨੂੰ ਮੁੱਖ ਨਿਸ਼ਾਨਾ ਬਣਾਇਆ। ਸਰਕਾਰ ਕਿਸਾਨਾਂ ਨੂੰ ਵੱਖ ਵੱਖ ਵਰਗਾਂ ਵਿੱਚ ਵੰਡ ਕੇ ਸ਼ਾਇਦ ਅੰਦੋਲਨ ਵਿੱਚ ਤਰੇੜ੍ਹਾਂ ਪਾਉਣੀਆਂ ਚਾਹੁੰਦੀ ਹੈ।ਇਹ ਕਾਲੇ ਖੇਤੀ ਕਾਨੂੰਨ ਸਭ ਵਰਗਾਂ ਦੇ ਕਿਸਾਨਾਂ, ਮਜਦੂਰਾਂ, ਛੋਟੇ ਤੇ ਮੱਧਵਰਗੀ ਵਪਾਰੀਆਂ ਤੇ ਕਾਰੋਬਾਰੀਆਂ ਸਮੇਤ ਸਾਰੇ ਖਪਤਕਾਰਾਂ ਲਈ ਖਤਰਨਾਕ ਹਨ। ਪ੍ਰਧਾਨ ਮੰਤਰੀ ਨੇ ਆਪਣੀ ਤਕਰੀਰ ਰਾਹੀਂ,ਹਰ ਸਾਲ ਦੀ ਤਰ੍ਹਾਂ, ਘਿਸੇ-ਪਟੇ ਸ਼ਬਦਜਾਲ ਰਾਹੀਂ ਕਿਸਾਨਾਂ ਤੇ ਹੋਰ ਸਭ ਵਰਗਾਂ ਦੇ ਲੋਕਾਂ ਨੂੰ ਝੂਠੇ ਸ਼ਬਜਬਾਗ ਦਿਖਾਉਣ ਦੀ ਕੋਸ਼ਿਸ਼ ਕੀਤੀ। ਕਿਸਾਨ ਸਮਝ ਚੁੱਕੇ ਕਨ ਕਿ ਖੇਤੀ ਕਾਨੂੰਨ ਰੱਦ ਕਰਵਾਏ ਬਗੈਰ ਉਨ੍ਹਾਂ ਦਾ ਛੁਟਕਾਰਾ ਨਹੀਂ।
ਅੱਜ 65 ਸਾਲਾ ਸ਼ਹੀਦ ਕਿਸਾਨ ਨਿਰਮਲ ਸਿੰਘ ਹਮੀਦੀ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ। ਉਹ ਲਗਾਤਾਰ ਕਈ ਮਹੀਨਿਆਂ ਤੋਂ ਦਿੱਲੀ ਦੇ ਕਿਸਾਨ ਮੋਰਚਿਆਂ ‘ ਤੇ ਡਟਿਆ ਹੋਇਆ ਸੀ ਕਿ ਮਹੀਨਾ ਕੁ ਪਹਿਲਾਂ ਬਿਮਾਰ ਪੈ ਗਿਆ। ਕੱਝ ਦਿਨ ਹਸਪਤਾਲ ਦਾਖਲ ਰਹਿਣ ਬਾਅਦ ਨਿਰਮਲ ਸਿੰਘ ਕੱਲ੍ਹ 15 ਅਗਸਤ ਨੂੰ ਚਲਾਣਾ ਕਰ ਗਿਆ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਮੇਲਾ ਸਿੰਘ ਕੱਟੂ,ਬਾਬੂ ਸਿੰਘ ਖੁੱਡੀ ਕਲਾਂ,ਗੁਰਦੇਵ ਸਿੰਘ ਮਾਂਗੇਵਾਲ, ਰਣਧੀਰ ਸਿੰਘ ਰਾਜਗੜ੍ਹ, ਬਲਜੀਤ ਸਿੰਘ ਚੌਹਾਨਕੇ, ਨੇਕਦਰਸ਼ਨ ਸਿੰਘ, ਹਰਚਰਨ ਸਿੰਘ ਚੰਨਾ, ਬੂਟਾ ਸਿੰਘ ਠੀਕਰੀਵਾਲਾ ਤੇ ਅਮਰਜੀਤ ਕੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਅੱਜ ਉਨ੍ਹਾਂ ਅਰਥ- ਸ਼ਾਸਤਰੀਆਂ ਨੂੰ ਵੀ ਨਿਸ਼ਾਨੇ ‘ ਤੇ ਲਿਆ ਜੋ ਖੁੱਲ੍ਹੀ ਮੰਡੀ ਅਰਥਾਤ ਨਿੱਜੀਕਰਨ ਨੂੰ ਹੀ ਹਰ ਸਮੱਸਿਆ ਦਾ ਹੱਲ ਦੱਸਦੇ ਹਨ।ਆਗੂਆਂ ਨੇ ਕਿਹਾ ਕਿ ਖੇਤੀ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਵਾਲਾ ਵਿਕਾਸ ਮਾਡਲ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਫੇਲ੍ਹ ਹੋ ਚੁਕਿਆ ਹੈ। ਭਾਰਤ ਵਿੱਚ ਤਾਂ ਇਹ ਕਾਰਪੋਰੇਟੀ ਮਾਡਲ ਬਿਲਕੁੱਲ ਵੀ ਸਫਲ ਨਹੀਂ ਹੋ ਸਕਦਾ।ਆਰਥਿਕਤਾ ਦੇ ਦੂਸਰੇ ਖੇਤਰਾਂ ਵਿੱਚ ਪਹਿਲਾਂ ਹੀ ਬਹੁਤ ਜਿਆਦਾ ਬੇਰੁਜ਼ਗਾਰੀ ਹੋਣ ਕਾਰਨ ਖੇਤੀ ਖੇਤਰ ‘ਚੋਂ ਕੱਢੇ ਜਾਣ ਵਾਲੇ ਕਿਸਾਨਾਂ ਨੂੰ ਉਥੇ ਰੁਜਗਾਰ ਨਹੀਂ ਦਿੱਤਾ ਜਾ ਸਕਦਾ। ਸੋ ਕਾਰਪੋਰੇਟ ਪੱਖੀ ਵਿਕਾਸ ਮਾਡਲ ਨੂੰ ਤਿਆਗ ਕੇ ਲੋਕ-ਪੱਖੀ ਵਿਕਾਸ ਮਾਡਲ ਅਪਣਾਉਣਾ ਹੀ ਇੱਕੋ ਇੱਕ ਹੱਲ ਹੈ।
ਅੱਜ ਰਾਜਵਿੰਦਰ ਸਿੰਘ ਮੱਲੀ ਦੀ ਕਵੀਸ਼ਰੀ ਜਥੇ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਪ੍ਰਸੰਗ ਦਾ ਬੀਰਰਸੀ ਕਵੀਸ਼ਰੀ ਗਾਇਣ ਕਰਕੇ ਪੰਡਾਲ ‘ਚ ਜੋਸ਼ ਭਰਿਆ। ਨਿਰੰਜਣ ਸਿੰਘ ਮਸਤੂਆਣਾ ਨੇ ਇਨਕਲਾਬੀ ਗੀਤ ਸੁਣਾਇਆ।