ਕਿਸਾਨੀ ਮੋਰਚੇ ‘ਚ ਹਮੀਦੀ ਪਿੰਡ ਦਾ ਕਿਸਾਨ ਆਗੂ ਨਿਰਮਲ ਸਿੰਘ ਸੋਹੀ ਸ਼ਹੀਦ
ਸੋਹੀ ਨੇ ਆਪਣੇ ਆਖਰੀ ਸਾਹ ਗੁਰੂ ਗੋਬਿੰਦ ਮੈਡੀਕਲ ਕਾਲਜ ਫਰੀਦਕੋਟ ਲਏ।
ਪਰਦੀਪ ਕਸਬਾ ਬਰਨਾਲਾ , 16 ਅਗਸਤ 2021
ਹਮੀਦੀ 16 ਅਗਸਤ ਸੰਯੁਕਤ ਕਿਸਾਨ ਮੋਰਚੇ ਦਾ ਅਹਿਮ ਅੰਗ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਬਰਨਾਲਾ ਦਾ ਸਹਾਇਕ ਖਜਾਨਚੀ ਨਿਰਮਲ ਸਿੰਘ ਸੋਹੀ ਹਮੀਦੀ ਕਿਸਾਨ ਮੋਰਚੇ ਵਿੱਚ ਸ਼ਹੀਦ ਹੋ ਗਿਆ ਹੈ। ਕਿਸਾਨ ਆਗੂ ਨਿਰਮਲ ਸਿੰਘ ਸੋਹੀ ਨੇ ਆਪਣੇ ਆਖਰੀ ਸਾਹ ਗੁਰੂ ਗੋਬਿੰਦ ਮੈਡੀਕਲ ਕਾਲਜ ਫਰੀਦਕੋਟ ਲਏ। ਜਿੱਥੇ ਕੁੱਝ ਦਿਨ ਪਹਿਲਾਂ ਹੀ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਨਾਲ ਜੂਝਦਾ ਹੋਇਆ ਦਾਖਲ ਹੋਇਆ ਸੀ।
ਯਾਦ ਰਹੇ ਕਿਸਾਨ ਆਗੂ ਕੁੱਝ ਦਿਨ ਪਹਿਲਾਂ ਹੀ ਟਿੱਕਰੀ ਮੋਰਚੇ ਤੋਂ ਥੋੜਾ ਬਿਮਾਰ ਹੋਣ ਤੋਂ ਬਾਅਦ ਵਾਪਸ ਪਿੰਡ ਪਰਤਿਆ ਸੀ।ਬੀਕੇਯੂ ਏਕਤਾ ਡਕੌਂਦਾ ਦੇ ਆਗੂਆਂ ਜਗਰਾਜ ਸਿੰਘ ਹਰਦਾਸਪੁਰਾ, ਪਰਮਿੰਦਰ ਸਿੰਘ ਹੰਢਿਆਇਆ, ਬਾਬੂ ਸਿੰਘ ਖੁੱਡੀਕਲਾਂ, ਗੁਰਦੇਵ ਸਿੰਘ ਮਾਂਗੇਵਾਲ ਨੇ ਕਿਸਾਨ ਆਗੂ ਨਿਰਮਲ ਸਿੰਘ ਸੋਹੀ ਦੇ ਬੇਵਕਤੀ ਵਿਛੋੜੇ ਨੂੰ ਪਰੀਵਾਰ ਅਤੇ ਜਥੇਬੰਦੀ ਲਈ ਵੱਡਾ ਨਾਂ ਪੂਰਿਆ ਜਾ ਸਕਣ ਵਾਲਾ ਘਾਟਾ ਦੱਸਿਆ ਹੈ।ਆਗੂਆਂ ਰਾਜ ਸਿੰਘ ਹਮੀਦੀ, ਗੋਪਾਲ ਕ੍ਰਿਸ਼ਨ ਹਮੀਦੀ, ਕੇਵਲ ਸਿੰਘ ਹਮੀਦੀ ਨੇ ਪ੍ਰਸ਼ਾਸ਼ਨ ਕੋਲੋਂ ਮੰਗ ਕੀਤੀ ਹੈ ਕਿ ਪ੍ਰੀਵਾਰ ਨੂੰ ਦਸ ਲੱਖ ਰੁ. ਦਾ ਮੁਆਵਜਾ, ਸਰਕਾਰੀ ਨੌਕਰੀ ਅਤੇ ਪ੍ਰੀਵਾਰ ਸਿਰ ਚੜ੍ਹਿਆ ਕਰਜਾ ਮੁਆਫ ਕੀਤਾ ਜਾਵੇ। ਆਗੂਆਂ ਕਿਹਾ ਕਿ ਜਿੰਨੀ ਦੇਰ ਪ੍ਰਸ਼ਾਸ਼ਨ ਇਹ ਮੰਗਾਂ ਨਹੀਂ ਮੰਨਦਾ, ਸ਼ਹੀਦ ਕਿਸਾਨ ਨਿਰਮਲ ਸਿੰਘ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ। ਸ਼ਹੀਦ ਕਿਸਾਨ ਨਿਰਮਲ ਸਿੰਘ ਦੀ ਮ੍ਰਿਤਕ ਦੇਹ ਕੱਲ੍ਹ ਤੋਂ ਹੀ ਸਰਕਾਰੀ ਹਸਪਤਾਲ ਵਿੱਚ ਪਈ ਹੈ। ਆਗੂਆਂ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਗਰ 17 ਅਗਸਤ ਤੱਕ ਜਥੇਬੰਦੀ ਦੀਆਂ ਇਹ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਜਾਂਦੀਆਂ ਤਾਂ 18 ਅਗਸਤ ਤੋਂ ਪ੍ਰਸ਼ਾਸ਼ਨ ਖਿਲ਼ਾਫ ਸੰਘਰਸ਼ ਸ਼ੁਰੂ ਕਰ ਦਿੱਤਾ ਜਾਵੇਗਾ। ਯਾਦ ਰਹੇ ਕਿ ਸ਼ਹੀਦ ਕਿਸਾਨ ਨਿਰਮਲ ਸਿੰਘ ਕਿਸਾਨੀ ਘੋਲਾਂ ਦੇ ਨਾਲ ਦੋ ਦਹਾਕਿਆਂ ਤੋਂ ਜੁੜਿਆ ਹੋਇਆ ਸੀ। ਮਹਿਲਕਲਾਂ ਲੋਕ ਘੋਲ ਦੇ ਤਿੰਨ ਆਗੂਆਂ ਦੀ ਰਿਹਾਈ ਅਤੇ ਮਨਜੀਤ ਧਨੇਰ ਦੀ ਸਜਾ ਰੱਦ ਕਰਾਉਣ ਲਈ ਚੱਲੇ ਸੰਘਰਸ਼ ਵਿੱਚ ਪੂਰਾ ਜੀਅ ਜਾਨ ਲਾਕੇ ਅਹਿਮ ਜਿੰਮੇਵਾਰੀ ਨਿਭਾਉਣ ਵਾਲਾ ਸੁਚੇਤ ਆਗੂ ਸੀ। ਔਰਤਾਂ ਨੂੰ ਜਥੇਬੰਦ ਕਰਕੇ , ਕਿਸਾਨ ਸੰਘਰਸ਼ ਵਿੱਚ ਸ਼ਾਮਿਲ ਕਰਾਉਣ ਵਾਲੇ ਆਗੂ ਦੇ ਸਰੀਰਕ ਤੌਰ`ਤੇ ਵਿਛੜ ਜਾਣ ਤੋਂ ਬਾਅਦ ਵੀ ਕਿਸਾਨ ਸੰਘਰਸ਼ ਲਈ ਪ੍ਰੇਰਨਾ ਸ੍ਰੋਤ ਬਣਿਆ ਰਹੇਗਾ।