ਅੰਤਰਰਾਸ਼ਟਰੀ ਯੁਵਾ ਦਿਵਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ
ਨੌਜਵਾਨ ਪੀੜੀ ਆਪਣੇ ਫਰਜ਼ਾਂ ਅਤੇ ਜਿੰਮੇਵਾਰੀਆਂ ਪ੍ਰਤੀ ਜਾਗਰੂਕ ਹੋਵੇ – ਨੀਤੂ ਸ਼ਰਮਾ
ਅਸ਼ੋਕ ਵਰਮਾ, ਬਠਿੰਡਾ, 12 ਅਗਸਤ 2021
ਯੂਥ ਵੀਰਾਂਗਨਾਂਏਂ (ਰਜਿ.) ਇਕਾਈ ਬਠਿੰਡਾ ਵੱਲੋਂ ਅੱਜ ਅੰਤਰਰਾਸ਼ਟਰੀ ਯੁਵਾ ਦਿਵਸ ਮੌਕੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਯੂਥ ਵਲੰਟੀਅਰ ਮਨੀਸ਼ਾ ਨੇ ਅੰਤਰਰਾਸ਼ਟਰੀ ਯੁਵਾ ਦਿਵਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਨੌਜਵਾਨ ਪੀੜੀ ਦੇ ਫਰਜ਼ਾਂ ਅਤੇ ਜਿੰਮੇਵਾਰੀਆਂ ਬਾਰੇ ਨੌਜਵਾਨਾਂ ਨੂੰ ਜਾਗਰੂਕ ਕੀਤਾ। ਉਨਾਂ ਹਾਜਰੀਨ ਨੂੰ ਨਸ਼ੇ ਨਾ ਕਰਨ ਅਤੇ ਕਾਨੂੰਨ ਦੀ ਉਲੰਘਨਾ ਨਾ ਕਰਨ ਦੀ ਤਾਕੀਦ ਕੀਤੀ। ਉਹਨਾਂ ਨੇ ਆਪਣੇ ਬਹੁਮੁੱਲੇ ਵਿਚਾਰਾਂ ਨਾਲ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਬਨਣ ਲਈ ਪੇ੍ਰਰਿਤ ਕੀਤਾ। ਇਸ ਮੌਕੇ ਭਿ੍ਰਸ਼ਟਾਚਾਰ, ਗਰੀਬੀ ਅਤੇ ਬੇਰੁਜ਼ਗਾਰੀ ਤੋਂ ਮੁਕਤ ਨਵੇਂ ਅਤੇ ਸਵੱਛ ਭਾਰਤ ਦੇਸ਼ ਦੇ ਨਿਰਮਾਣ ਲਈ ਸਾਰਿਆਂ ਨੇ ਮਿਲ ਕੇ ਸਹੁੰ ਵੀ ਚੁੱਕੀ।
ਸੰਸਥਾ ਵਲੰਟੀਅਰ ਨੀਤੂ ਸ਼ਰਮਾ ਨੇ ਅੰਤਰਰਾਸ਼ਟਰੀ ਯੁਵਾ ਦਿਵਸ ਦੇ ਸੰਬੰਧ ’ਚ ਕਿਹਾ ਕਿ ਦੇਸ਼ ਦੇ ਨਿਰਮਾਣ ਵਿੱਚ ਹਰ ਇੱਕ ਨੌਜਵਾਨ ਬਹੁਤ ਵੱਡਾ ਰੋਲ ਅਦਾ ਕਰ ਸਕਦਾ ਹੈ ਇਸ ਲਈ ਹਰ ਨੌਜਵਾਨ ਦਾ ਫਰਜ਼ ਹੈ ਕਿ ਉਹ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਦੀ ਤਰੱਕੀ, ਭਾਈਚਾਰੇ ਅਤੇ ਸ਼ਾਂਤੀ ਲਈ ਆਪਣਾ ਪੂਰਨ ਯੋਗਦਾਨ ਦੇਵੇ। ਉਨਾਂ ਕਿਹਾ ਕਿ ਵਿਸ਼ਵ ਦੇ ਨੌਜਵਾਨਾਂ ਨੂੰ ਖੁਸ਼ਹਾਲੀ ਲਈ ਵੱਖੋ-ਵੱਖਰੀਆਂ ਚੁਣੌਤੀਆਂ ਅਤੇ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਹ ਨਿਰਭਰ ਕਰਦਾ ਹੈ ਕਿ ਉਹ ਦੁਨੀਆ ਦੇ ਕਿਸ ਹਿੱਸੇ ਵਿੱਚ ਰਹਿ ਰਹੇ ਹਨ।
ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਰਹਿਣ ਵਾਲੇ ਨੌਜਵਾਨ ਮਾਨਸਿਕ ਅਤੇ ਸਮਾਜਿਕ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਵਧੇਰੇ ਪ੍ਰੇਸ਼ਾਨ ਹੁੰਦੇ ਹਨ, ਜਦੋਂ ਕਿ ਅਵਿਕਸਿਤ ਦੇਸ਼ਾਂ ਵਿੱਚ ਰਹਿੰਦੇ ਨੌਜਵਾਨਾਂ ਨੂੰ ਵਧੇਰੇ ਬੁਨਿਆਦੀ ਲੋੜਾਂ ਜਿਵੇਂ ਸਿੱਖਿਆ, ਸਿਹਤ ਅਤੇ ਰੁਜਗਾਰ ਦੀ ਘਾਟ ਕਾਰਨ ਬਹੁਤ ਜਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਕੇ ਯੂਥ ਵਲੰਟੀਅਰਾਂ ਅਨੂ, ਸੋਨੀ ਅੰਕਿਤਾ ਅਤੇ ਹੋਰ ਮੈਂਬਰਾਂ ਹਾਜਰ ਸਨ।