ਫਾਜ਼ਿਲਕਾ ਜ਼ਿਲ੍ਹੇ ‘ਚ ਵੈਕਸੀਨੇਸ਼ਨ ਦਾ ਆਂਕੜਾ ਸਵਾ 2 ਲੱਖ ਨੂੰ ਹੋਇਆ ਪਾਰ
ਬੀਟੀਐਨ, ਫਾਜ਼ਿਲਕਾ 12 ਅਗਸਤ 2021
ਫਾਜ਼ਿਲਕਾ ਜ਼ਿਲੇ੍ਹ ਵਿਚ ਵੈਕਸੀਨੇਸ਼ਨ ਦਾ ਆਂਕੜਾ 2 ਲੱਖ 26 ਹਜ਼ਾਰ 10 ਤੱਕ ਪੁੱਜ ਗਿਆ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸਾਗਰ ਸੇਤੀਆ ਨੇ ਵੈਕਸੀਨੇਸ਼ਨ ਦੇ ਜ਼ਿਲੇ੍ਹ ਵਿਚ ਚਲ ਰਹੇ ਕੰਮ ਦੀ ਸਮੀਖਿਆ ਅਤੇ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਦੀ ਵੈਕਸੀਨੇਸ਼ਨ ਸਬੰਧੀ ਚਰਚਾ ਲਈ ਬੁਲਾਈ ਬੈਠਕ ਮੌਕੇ ਦਿੱਤੀ। ਸ੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਜ਼ਿਲੇ੍ਹ ਵਿਚ 182014 ਲੋਕਾਂ ਨੂੰ ਪਹਿਲੀ ਡੋਜ਼ ਅਤੇ 43996 ਲੋਕਾਂ ਨੂੰ ਦੂਜੀ ਡੋਜ਼ ਵੀ ਲਗ ਚੁੱਕੀ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ 18 ਸਾਲ ਤੋਂ ਵੱਡੀ ਉਮਰ ਦੇ ਸਾਰੇ ਨਾਗਰਿਕ ਆਪਣੀ ਵੈਕਸੀਨੇਸ਼ਨ ਜ਼ਰੂਰ ਕਰਵਾਉਣ। ਉਨ੍ਹਾਂ ਨੇ ਕਿਹਾ ਕਿ ਤੀਜੀ ਲਹਿਰ ਦੇ ਖਤਰੇ ਨੂੰ ਟਾਲਣ ਲਈ ਲਾਜ਼ਮੀ ਹੈ ਕਿ ਸਮਾਜ ਦੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਵੱਲੋਂ ਵੈਕਸੀਨ ਲਗਵਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਵੈਕਸੀਨੇਸ਼ਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਸਰਕਾਰ ਵੱਲੋਂ ਪੂਰੀ ਤਰ੍ਹਾਂ ਮੁਫਤ ਲਗਾਈ ਜਾ ਰਹੀ ਹੈ। ਇਸ ਮੌਕੇ ਉਪ ਮੁੱਖ ਕਾਰਜਕਾਰੀ ਅਫਸਰ ਸ.ਗਗਨਦੀਪ ਸਿੰਘ ਵਿਰਕ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।