12 ਅਗਸਤ ਦਾਣਾ ਮੰਡੀ ਮਹਿਲਕਲਾਂ ਕਾਫਲੇ ਬੰਨ੍ਹਕੇ ਪੁੱਜਣ ਦਾ ਸੱਦਾ
ਗੁਰਸੇਵਕ ਸਹੋਤਾ, ਮਹਿਲਕਲਾਂ 8 ਅਗਸਤ 2021
ਐਕਸ਼ਨ ਕਮੇਟੀ ਮਹਿਲਕਲਾਂ ਦੀ ਅਗਵਾਈ ਵਿੱਚ ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਦੇ ਕਿਸਾਨ ਅੰਦੋਲਨ ਨੂੰ ਸਮਰਪਿਤ 24 ਵੇਂ ਬਰਸੀ ਸਮਾਗਮ ਨੂੰ ਸਫਲ ਬਨਾਉਣ ਲਈ ਅੱਜ ਬਲਾਕ ਮਹਿਲਕਲਾਂ ਦੇ ਅੱਧੀ ਦਰਜਣ ਤੋਂ ਵੱਧ ਪਿੰਡਾਂ ਗਹਿਲ, ਛੀਨੀਵਾਲਖੁਰਦ, ਦੀਵਾਨਾ, ਰਾਏਸਰ, ਸਹਿਜੜਾ, ਸਹੌਰ ਅਤੇ ਮਹਿਲਕਲਾਂ ਵਿਖੇ ਮੀਟਿੰਗਾਂ/ਨੁੱਕੜ ਨਾਟਕ ਖੇਡੇ ਗਏ। ਸ਼ਹੀਦ ਭਗਤ ਸਿੰਘ ਕਲਾ ਮੰਚ ਦੀ ਨਾਟਕ ਟੀਮ ਵੱਲੋਂ ਭਾਅ ਜੀ ਗੁਰਸ਼ਰਨ ਸਿੰਘ ਦੀ ਰਚਨਾ “ਲੀਰਾਂ” ਤੀਰਥ ਚੜਿੱਕ ਦੀ ਨਿਰਦੇਸ਼ਨਾ ਹੇਠ ਬਹੁਤ ਖੁਬਸੂਰਤੀ ਨਾਲ ਪੇਸ਼ ਕੀਤਾ ਗਿਆ।
ਇਸ ਸਮੇਂ ਵੱਡੀ ਗਿਣਤੀ ਵਿੱਚ ਸ਼ਾਮਿਲ ਕਿਸਾਨ-ਮਜਦੂਰ ਮਰਦ ਔਰਤਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਮਨਜੀਤ ਧਨੇਰ, ਗੁਰਬਿੰਦਰ ਸਿੰਘ ਕਲਾਲਾ, ਜਰਨੈਲ ਸਿੰਘ ਚੰਨਣਵਾਲ, ਗੁਰਮੇਲ ਠੁੱਲੀਵਾਲ,ਦਰਸ਼ਨ ਸਿੰਘ ਰਾਏਸਰ,ਜਗਰਾਜ ਸਿੰਘ ਹਰਦਾਸਪੁਰਾ ਅਤੇ ਅਮਰਜੀਤ ਸਿੰਘ ਠੁੱਲੀਵਾਲ ਨੇ ਕਿਹਾ ਕਿ 1 ਅਗਸਤ ਤੋਂ ਸ਼ੁਰੂ ਹੋਈ ਮੀਟਿੰਗਾਂ/ਨੁੱਕੜ ਨਾਟਕਾਂ ਦੀ ਮੁਹਿੰਮ ਨੇ ਮਹਿਲਕਲਾਂ ਬਲਾਕ ਦੇ 30 ਪਿੰਡ ਕਵਰ ਕਰ ਲਏ ਹਨ। ਹਰ ਪਿੰਡ ਵਿੱਚੋਂ ਕਿਸਾਨ ਮਰਦ ਔਰਤਾਂ ਦਾ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ ।
ਆਗੂਆਂ ਕਿਹਾ ਕਿ ਮੋਦੀ ਹਕੂਮਤ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਰੰਟੀ ਵਾਲਾ ਨਵਾਂ ਕਾਨੂੰਨ ਬਨਾਉਣ ਅਤੇ ਬਿਜਲੀ ਸੋਧ ਬਿਲ-2021 ਰੱਦ ਕਰਾਉਣ ਲਈ ਦਿੱਲੀ ਦੇ ਬਾਰਡਰਾਂ ਤੇ ਹਰ ਮੁਸ਼ਕਲ ਹਰ ਸਜਿਸ਼ ਖਿਲਾਫ ਜੂਝਦਾ ਹੋਇਆ ਸੰਘਰਸ਼ ਨੌਵੇਂ ਮਹੀਨੇ ਵਿੱਚ ਦਾਖਲ ਹੋ ਗਿਆ ਹੈ।ਇਨ੍ਹਾਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਰਾਹੀਂ ਇੱਕ ਵਾਰ ਕਰੋੜਾਂ ਕਰੋੜ ਲੋਕਾਂ ਦੇ ਉਜਾੜੇ ਦਾ ਸਵਾਲ ਹੈ ਤੇ ਦੂਜੇ ਪਾਸੇ ਸਾਮਰਾਜੀ ਸੰਸਥਾਵਾਂ ਅਤੇ ਭਾਰਤੀ ਉੱਚ ਅਮੀਰ ਘਰਾਣਿਆਂ ਦੇ ਲੁਟੇਰੇ ਹਿੱਤ ਹਨ।ਆਗੂਆਂ ਇਹ ਵੀ ਦੱਸਿਆ ਕਿ ਔਰਤ ਮੁਕਤੀ ਦਾ ਚਿੰਨ ਬਣੀ ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ 12 ਅਗਸਤ ਦਾਣਾ ਮੰਡੀ ਮਹਿਲਕਲਾਂ ਵਿਖੇ ਸੰਯੁਕਤ ਕਿਸਾਨ ਮੋਰਚਾ ਦੀ ਸਮੁੱਚੀ ਲੀਡਰਸ਼ਿਪ ਪਹੁੰਚ ਰਹੀ ਹੈ।
ਇਨ੍ਹਾਂ ਮੀਟਿੰਗ ਨੂੰ ਅਮਨਦੀਪ ਸਿੰਘ ਰਾਏਸਰ, ਅੰਗਰੇਜ ਸਿੰਘ ਰਾਏਸਰ, ਜੱਗੀ ਰਾਏਸਰ, ਭੁਪਿੰਦਰ ਸਹੌਰ, ਦਲਵੀਰ ਸਿੰਘ, ਭੋਲਾ ਸਿੰਘ,. ਦਲੀਪ ਸਿੰਘ, ਮੁਖਤਿਆਰ ਸਿੰਘ ਸਹਿਜੜਾ, ਬਲਵੀਰ ਸਿੰਘ ਸਹਿਜੜਾ, ਗੁਰਪ੍ਰੀਤ ਸਿੰਘ ਸਹਿਜੜਾ, ਜੱਗਾ ਸਿੰਘ ਮਹਿਲਕਲਾਂ, ਅਮਨਦੀਪ ਸਿੰਘ ਮਹਿਲਕਲਾਂ, ਸੋਹਣ ਸਿੰਘ ਮਹਿਲਕਲਾਂ, ਗੋਬਿੰਦਰ ਸਿੰਘ ਮਹਿਲਕਲਾਂ, ਦਰਸ਼ਨ ਸਿੰਘ ਫੋਜੀ ਮਹਿਲਕਲਾਂ,ਪ੍ਰੀਤਮ ਸਿੰਘ ਮਹਿਲਕਲਾਂ, ਪਰਮਜੀਤ ਸਿੰਘ ਖਾਲਸਾ ਆਦਿ ਕਿਸਾਨ ਆਗੂਆਂ ਨੇ ਆਗੂ ਟੀਮ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਸ਼ਹੀਦ ਕਿਰਨਜੀਤ ਕੌਰ ਦੇ 12 ਅਗਸਤ ਦਾਣਾ ਮੰਡੀ ਮਹਿਲਕਲਾਂ ਵਿਖੇ ਮਨਾਏ ਜਾ ਰਹੇ 24 ਵੇਂ ਬਰਸੀ ਸਮਾਗਮ ਵਿੱਚ ( ਰਾਸ਼ਨ, ਦੁੱਧ,ਆਰਥਿਕ ਸਹਾਇਤਾ ) ਹਰ ਪੱਖੋਂ ਤਿਆਰੀਆਂ ਕਰਕੇ ਕਿਸਾਨ ਮਰਦ ਔਰਤਾਂ ਦੇ ਕਾਫਲੇ ਬੰਨ੍ਹ ਪਹੁੰਚਣਗੇ।