ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਮਾਰਨ ਵਾਲੇ ਸੁਖਦੇਵ ਭੁਟਾਰਾ ਅਤੇ ਕਰਸੂਨ ਖਿਲਾਫ ਦਰਜ਼ ਕੇਸ ‘ਚ ਵੀ ਨਹੀਂ ਪੇਸ਼ ਹੋਇਆ ਚਲਾਨ
ਸੁਖਦੇਵ ਭੁਟਾਰਾ ਦੇ ਪਿਉ ਦਾ ਛਲਕਿਆ ਦਰਦ, ਕਹਿੰਦਾ ਬੁਰੀ ਸੰਗਤ ਨੇ ਵਿਗਾੜਿਆ ਮੇਰਾ ਲਾਡਲਾ ਪੁੱਤ
ਹਰਿੰਦਰ ਨਿੱਕਾ , ਬਰਨਾਲਾ 8 ਅਗਸਤ 2021
ਬੇਰੁਜ਼ਗਾਰੀ ਦੀ ਚੱਕੀ ‘ਚ ਪਿਸਦਿਆਂ ਅੱਕ ਕੇ ਵਿਦੇਸ਼ੀ ਧਰਤੀ ਤੇ ਜਾਣ ਲਈ ਕਾਹਲੇ ਨੌਜਵਾਨ ਲੜਕੇ ਲੜਕੀਆਂ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਜਿੱਥੇ ਹਰ ਪਾਸੇ ਦੇਖਣ ਨੂੰ ਮਿਲਦੀਆਂ ਹਨ, ਉੱਥੇ ਹੀ ਵਿਦੇਸ਼ ਭੇਜਣ ਦੇ ਨਾਂ ਤੇ ਭੋਲੇ-ਭਾਲੇ ਲੋਕਾਂ ਨਾਲ ਲੱਖਾਂ ਰੁਪਏ ਦੀਆਂ ਹੋ ਰਹੀਆਂ ਠੱਗੀਆਂ ਵੀ ਪੁਲਿਸ ਫਾਈਲਾਂ ਵਿੱਚੋਂ ਝਾਤੀ ਮਾਰ ਰਹੀਆਂ ਹਨ। ਅਜਿਹੇ ਠੱਗੀ ਦੇ ਮਾਮਲਿਆਂ ਵਿੱਚ ਪੁਲਿਸ ਕੇਸ ਤਾਂ ਭਾਂਵੇ ਦਰਜ਼ ਕਰ ਦਿੰਦੀ ਹੈ, ਪਰੰਤੂ ਅਜਿਹੇ ਕੇਸਾਂ ‘ਚ ਨਾਮਜਦ ਦੇ ਦੋਸ਼ੀਆਂ ਵੱਲੋਂ ਅਖਤਿਆਰ ਕੀਤੇ ਜਾਣ ਵਾਲੇ ਦਾਅ ਪੇਚਾਂ ਅੱਗੇ ਪੁਲਿਸ ਬੇਵੱਸ ਹੀ ਜਾਪਦੀ ਹੈ।
ਸ਼ਾਇਦ ਇਸੇ ਕਰਕੇ ਹੀ ਐਫਆਈਆਰ ਦਰਜ਼ ਹੋਣ ਤੋਂ ਕਈ-ਕਈ ਸਾਲ ਬੀਤ ਜਾਣ ਤੋਂ ਬਾਅਦ ਕੀਤੀ ਜਾਂਦੀ ਪੁਲਿਸ ਤਫਤੀਸ਼ ਵੀ ਕੇਸਾਂ ਨੂੰ ” ਟੂ-ਕੋਰਟ ” ਯਾਨੀ ਚਲਾਨ ਪੇਸ਼ ਕਰਕੇ ਅਦਾਲਤਾਂ ਤੱਕ ਪਹੁੰਚਾਉਣ ਵਿੱਚ ਸਫਲ ਨਹੀਂ ਹੁੰਦੀ। ਨਤੀਜੇ ਦੇ ਤੌਰ ਤੇ ਠੱਗੀਆਂ ਮਾਰਨ ਵਾਲਿਆਂ ਦੇ ਹੌਂਸਲੇ ਬੁਲੰਦ ਰਹਿੰਦੇ ਹਨ ਅਤੇ ਲੋਕ ਪੁਲਿਸ ਕੋਲ ਗੇੜੇ ਕੱਢ ਕੱਢ ਕੇ ਥੱਕ ਹਾਰ ਕੇ ਨਿਰਾਸ਼ ਹੋਕੇ ਘਰੀਂ ਬੈਠਣ ਨੂੰ ਮਜਬੂਰ ਹੋ ਜਾਂਦੇ ਹਨ। ਕੁੱਝ ਸਮੇਂ ਤੋਂ ਇਲਾਕੇ ਦੇ ਨਟਵਰ ਲਾਲ ਵੱਜੋਂ ਪਹਿਚਾਣ ਕਾਇਮ ਕਰ ਚੁੱਕੇ ਬਰਨਾਲਾ ਸ਼ਹਿਰ ਦੀ ਸੰਧੂ ਪੱਤੀ ਦੇ ਰਹਿਣ ਵਾਲੇ ਸੁਖਦੇਵ ਰਾਮ ਭੁਟਾਰਾ ਉਰਫ ਸੁੱਖਾ ਦੇ ਪੁਲਿਸ ਗਿਰਫਤ ਵਿੱਚ ਆਉਣ ਤੋਂ ਬਾਅਦ ਕੁੱਝ ਜਿਆਦਾ ਹੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਤਾਜ਼ਾ ਜਿਕਰਯੋਗ ਮਾਮਲਾ ਵੀ ਸੁਖਦੇਵ ਰਾਮ ਅਤੇ ਉਸ ਦੀ ਸਹਿਦੋਸ਼ੀ ਕਰਸੂਮ ਦੇ ਖਿਲਾਫ ਥਾਣਾ ਸਿਟੀ ਬਰਨਾਲਾ ‘ਚ 5 ਜੂਨ 2018 ਨੂੰ ਦਰਜ਼ ਕੀਤਾ ਗਿਆ ਸੀ। ਕੇਸ ਦਰਜ ਹੋਣ ਤੋਂ 3 ਸਾਲ ਤੇ 2 ਮਹੀਨੇ ਲੰਘ ਜਾਣ ਦੇ ਬਾਵਜੂਦ ਪੁਲਿਸ ਅਦਾਲਤ ਵਿੱਚ ਦੋਸ਼ੀਆਂ ਦੇ ਖਿਲਾਫ ਹਾਲੇ ਤੱਕ ਚਲਾਨ ਪੇਸ਼ ਨਹੀਂ ਕਰ ਸਕੀ। ਉੱਧਰ ਬਲਾਤਕਾਰ/ਠੱਗੀ/ਅਮਾਨਤ ਵਿੱਚ ਖਿਆਨਤ ਦੇ ਦੋਸ਼ ਵਿੱਚ ਗਿਰਫਤਾਰ ਸੁਖਦੇਵ ਰਾਮ ਭੁਟਾਰਾ ਦੇ ਪਿਉ ਦਾ ਦਰਦ ਵੀ ਸ਼ੋਸ਼ਲ ਮੀਡੀਆ ਤੇ ਛਲਕ ਆਇਆ। ਉਨਾਂ ਕਿਹਾ ਕਿ ਮੇਰੇ ਪੁੱਤ ਨੂੰ ਬੁਰੀ ਸੰਗਤ ਨੇ ਵਿਗਾੜਿਆ ਹੈ, ਜਦੋਂਕਿ ਉਹਦਾ ਛੋਟਾ ਤੇ ਲਾਡਲਾ ਪੁੱਤ ਸੁਖਦੇਵ ਭੁਟਾਰਾ ਧਾਰਮਿਕ ਪ੍ਰਵਿਰਤੀ ਦਾ ਹੈ, ਉਸ ਵਿੱਚ 2 ਮਹਾਨ ਸੰਤਾਂ ਦੀ ਰੂਹ ਦਾ ਪ੍ਰਵੇਸ਼ ਹੈ। ਪਰੰਤੂ ਟੂਣੇ-ਟੌਟਕਿਆਂ ਤੇ ਸਿਰ ਹਿਲਾਉਣ ਵਾਲਿਆਂ ਦੀ ਮੱਦਦ ਨਾਲ ਕੁੱਝ ਔਰਤਾਂ ਨੇ ਉਸ ਨੂੰ ਆਪਣੇ ਜਾਲ ਵਿੱਚ ਫਸਾਇਆ ਹੋਇਆ ਹੈ। ਜਿਸ ਦਾ ਪਤਾ ਲੱਗਣ ਤੋਂ ਬਾਅਦ ਮੈਂ ਉਸ ਨੂੰ ਅਖਬਾਰ ਰਾਹੀਂ ਬੇਦਖਲ ਕਰ ਦਿੱਤਾ ਸੀ। ਪਰੰਤੂ ਪਿਉ ਤਾਂ ਪਿਉ ਹੀ ਹੁੰਦਾ ਹੈ, ਉਨਾਂ ਭਰੇ ਮਨ ਨਾਲ ਕਿਹਾ ਕਿ ਮੈਂ ਸ਼ਿਵ ਭਗਤ ਹਾਂ, ਇਸ ਲਈ ਸਾਵਣ ਦੇ ਮਹੀਨੇ ਵਿੱਚ ਮੇਰੇ ਤੇ ਚਿੱਕੜ ਰੂਪੀ ਜਹਿਰ ਡੋਲ੍ਹਿਆ ਜਾ ਰਿਹਾ ਹੈ। ਕਿਸੇ ਦੀ ਔਲਾਦ ਨੂੰ ਪੱਟਣਾ ਮਾੜਾ ਹੁੰਦਾ ਹੈ, ਮੇਰੇ ਸ਼ਰੀਰ ਤੇ ਤਨ ਮਨ ਤੇ ਬਹੁਤ ਭੈੜਾ ਅਸਰ ਪਿਆ ਹੈ।
2 ਜਣਿਆਂ ਨੇ ਮਿਲ ਕੇ ਕੀਤੀ 9 ਲੱਖ 10 ਹਜ਼ਾਰ ਰੁਪਏ ਦੀ ਠੱਗੀ !