ਅੰਗਰੇਜ਼ੋ ਭਾਰਤ ਛੱਡੋ’ ਦਿਵਸ ਮੌਕੇ  ਭਲਕੇ 9 ਅਗੱਸਤ ਨੂੰ ‘ਕਾਰਪੋਰੇਟੋ ਖੇਤੀ ਛੱਡੋ’ ਦਾ ਨਾਹਰਾ ਬੁਲੰਦ ਕੀਤਾ ਜਾਵੇਗਾ।

Advertisement
Spread information

ਸੰਯੁਕਤ  ਕਿਸਾਨ ਮੋਰਚਾ: ਧਰਨੇ ਦਾ 312 ਵਾਂ ਦਿਨ

*ਚੜੂਨੀ ਸਮੇਤ ਸੰਯਕੁਤ ਕਿਸਾਨ ਮੋਰਚੇ ਦੇ ਹਰ ਨੇਤਾ ਨੂੰ ਮੋਰਚੇ ਦਾ ਜ਼ਾਬਤਾ ਮੰਨਣਾ ਪਵੇਗਾ: ਕਿਸਾਨ ਆਗੂ

* ਕਿਸਾਨ ਮੋਰਚਾ ਵੱਲੋਂ ਕਿਰਨਜੀਤ ਸ਼ਰਧਾਂਜਲੀ ਸਮਾਗਮ ‘ਚ ਸ਼ਮੂਲੀਅਤ ਲਈ ਤਿਆਰੀਆਂ ਜ਼ੋਰਾਂ ‘ਤੇ 

ਪਰਦੀਪ ਕਸਬਾ  , ਬਰਨਾਲਾ:  8 ਅਗੱਸਤ, 2021

  ਬੱਤੀ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 312 ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ।  ਅੱਜ ਬੁਲਾਰਿਆਂ ਨੇ ਕਿਹਾ ਕਿ 9 ਅਗੱਸਤ 1942 ਦੇ ਦਿਨ ਦੇਸ਼ ਦੇ ਆਜ਼ਾਦੀ ਘੁਲਾਟੀਆਂ ਨੇ ਬਰਤਾਨਵੀ ਹਾਕਮਾਂ ਨੂੰ  ‘ਅੰਗਰੇਜ਼ੋ ਭਾਰਤ ਛੱਡੋ’ ਦਾ ਨਾਹਰਾ ਲਾ ਕੇ ਵੰਗਾਰਿਆ ਸੀ। ਸਾਮਰਾਜੀ ਲੁਟੇਰੇ ਭਾਵੇਂ ਜ਼ਾਹਰਾ ਤੌਰ ‘ਤੇ ਇੱਥੋਂ ਚਲੇ ਗਏ ਪਰ  ਦੇਸ਼ੀ ਭਾਈਵਾਲਾਂ ਸਹਾਰੇ ਆਪਣੀਆਂ ਲੁੱਟ- ਖਸੁੱਟ ਦੀਆਂ ਨੀਤੀਆਂ  ਅਜੇ ਵੀ ਜਾਰੀ ਰੱਖੀਆਂ ਹੋਈਆਂ ਹਨ। ਖੇਤੀ ਕਾਨੂੰਨ ਉਸੇ ਲੁੱਟ-ਖਸੁੱਟ ਨੂੰ ਹੋਰ ਤੇਜ਼ ਕਰਨ ਦੀ ਕਵਾਇਦ ਹਨ। ਖੇਤੀ ਕਾਰੋਬਾਰ  ਦੀ ਅਹਿਮੀਅਤ ਨੂੰ ਦੇਖਦੇ ਹੋਏ ਸਾਮਰਾਜੀ ਕੰਪਨੀਆਂ ਕਿਸਾਨਾਂ ਦੀਆਂ ਜ਼ਮੀਨਾਂ ਉਪਰ ਕਬਜਾ ਕਰਨ ਲਈ ਤਾਹੂ ਹਨ। ਜਿਵੇਂ 1942 ‘ਚ  ਨਾਹਰਾ ਬੁਲੰਦ ਕਰਕੇ ਅੰਗਰੇਜ਼ਾਂ ਨੂੰ ਭਾਰਤ ਛੱਡਣ ਲਈ ਲਲਕਾਰਿਆ ਸੀ ਉਸੇ ਤਰ੍ਹਾਂ ਕੱਲ੍ਹ 9 ਅਗੱਸਤ ਦਾ ਦਿਨ ‘ਕਾਰਪੋਰੇਟੋ ਖੇਤੀ ਛੱਡੋ’  ਦਿਵਸ ਵਜੋਂ ਮਨਾਇਆ ਜਾਵੇਗਾ।
  ਅੱਜ ਧਰਨੇ ਨੂੰ ਨਛੱਤਰ ਸਿੰਘ ਸਹੌਰ, ਨਰੈਣ ਦੱਤ, ਰਣਧੀਰ ਸਿੰਘ ਰਾਜਗੜ੍ਹ, ਬਾਬੂ ਸਿੰਘ ਖੁੱਡੀ ਕਲਾਂ,ਗੁਰਦਰਸ਼ਨ ਦਿਉਲ, ਨੇਕਦਰਸ਼ਨ ਸਿੰਘ ਸਹਿਜੜਾ, ਬੂਟਾ ਸਿੰਘ ਫਰਵਾਹੀ,ਗੁਰਚਰਨ ਸਿੰਘ ਸੁਰਜੀਤਪੁਰਾ, ਪ੍ਰੇਮਪਾਲ ਕੌਰ, ਚਰਨਜੀਤ ਕੌਰ ਨੇ ਸੰਬੋਧਨ ਕੀਤਾ। ਕਿਸਾਨ ਆਗੂ ਚੜੂਨੀ ਬਾਰੇ ਛਪੀਆਂ ਖਬਰਾਂ ਦੇ ਹਵਾਲੇ ਨਾਲ ਬੁਲਾਰਿਆਂ ਨੇ ਕਿਹਾ ਕਿ ਕੋਈ ਵੀ ਸੰਗਠਨ ਅਨੁਸ਼ਾਸਨ ਬਗੈਰ ਨਹੀਂ ਚੱਲ ਸਕਦਾ। ਹਰ ਇੱਕ ਨੇਤਾ ਨੂੰ ਆਪਣੀ ਰਾਇ ਢੁੱਕਵੇਂ ਮੰਚ ‘ਤੇ ਰੱਖਣ ਦਾ ਅਧਿਕਾਰ ਹੈ ਪਰ ਉਸ ਮੰਚ ਵੱਲੋਂ ਕੀਤੇ ਫੈਸਲਾ, ਚੜੂਨੀ ਸਮੇਤ ਸੰਗਠਨ ਦੇ ਹਰ ਮੈਂਬਰ ਨੂੰ ਮੰਨਣਾ ਪਵੇਗਾ। ਕਿਸਾਨ ਅੰਦੋਲਨ ਬਹੁਤ ਨਾਜ਼ਕ ਦੌਰ ‘ਚੋਂ ਲੰਘ ਰਿਹਾ ਹੈ ਅਤੇ ਹਰ ਨੇਤਾ ਦਾ ਫਰਜ ਹੈ ਕਿ  ਉਹ ਅਜਿਹੀ ਕੋਈ ਕਾਰਵਾਈ ਨਾ ਕਰੇ ਜਿਸ ਕਾਰਨ ਅੰਦੋਲਨ ਕਮਜ਼ੋਰ ਪਵੇ।
    ਆਗੂਆਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੀ ਸਥਾਨਕ ਲੀਡਰਸ਼ਿਪ ਨੇ ਸ਼ਹੀਦ ਕਿਰਨਜੀਤ ਕੌਰ ਦੇ,12 ਅਗੱਸਤ ਨੂੰ  ਮਹਿਲ ਕਲਾਂ ਵਿਖੇ ਹੋਣ ਵਾਲੇ  ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੋਇਆ ਹੈ। ਇਹ ਮੰਤਵ ਹਿੱਤ ਪਿੰਡਾਂ ਵਿੱਚ ਮੀਟਿੰਗਾਂ ਰਾਹੀਂ ਲਾਮਬੰਦੀ ਕੀਤੀ ਜਾ ਰਹੀ ਹੈ। ਉਸ ਦਿਨ ਧਰਨਾ ਮਹਿਲ ਕਲਾਂ ਤਬਦੀਲ ਕੀਤਾ ਜਾਵੇਗਾ ਅਤੇ ਮੋਰਚੇ ਦੇ ਮੈਂਬਰ ਵੱਡੀ ਗਿਣਤੀ ਵਿੱਚ ਇਸ ਪ੍ਰੋਗਰਾਮ ‘ਚ ਸ਼ਾਮਲ ਹੋਣਗੇ।
  ਅੱਜ ਯਸ਼-ਰਿਆਜ ਦੀ ਨਿਰਦੇਸ਼ਨਾ ਹੇਠ ਮੋਗਾ ਤੋਂ  ਆਈ ਨਾਟਕ ਟੀਮ ‘ਲਾਈਫ ਆਨ ਸਟੇਜ’ ਨੇ  ‘ਡਰਨਾ’  ਨਾਂਅ ਦਾ ਪੇਸ਼ ਕੀਤਾ ਜਿਸ ਨੂੰ ਦਰਸ਼ਕਾਂ ਨੇ ਇਕਾਗਰ-ਚਿੱਤ ਹੋ ਕੇ ਦੇਖਿਆ।
   

Advertisement
Advertisement
Advertisement
Advertisement
Advertisement
Advertisement
error: Content is protected !!