ਆਪਣੇ ਬੱਚਿਆਂ ਨੂੰ ਸਹੁਰੇ ਘਰੋਂ ਲੈਣ ਪਹੁੰਚੀ ਪਤਨੀ ਨੂੰ ਪਤੀ ਨੇ ਬਣਾਇਆ ਹਵਸ ਦਾ ਸ਼ਿਕਾਰ
ਪਰਦੀਪ ਕਸਬਾ , ਬਰਨਾਲਾ 4 ਅਗਸਤ 2021
ਕਰੀਬ 3 ਵਰ੍ਹਿਆਂ ਤੋਂ ਆਪਣੇ ਪਤੀ ਤੋਂ ਅਲੱਗ ਰਹਿ ਰਹੀ ਪਤਨੀ ,ਜਦੋਂ ਆਪਣੇ ਬੱਚਿਆਂ ਤੇ ਹੁੰਦੇ ਅੱਤਿਆਚਾਰ ਦੀ ਗੱਲ ਨਾ ਸਹਾਰਦੀ ਹੋਈ, ਉਨਾਂ ਨੂੰ ਲੈਣ ਆਪਣੇ ਸਹੁਰੇ ਘਰ ਪਹੁੰਚੀ ਤਾਂ ਸ੍ਰੀ ਗੁਰੂ ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿੱਚ ਲਾਵਾਂ ਲੈ ਕੇ ਆਪਣੀ ਪਤਨੀ ਦੀ ਪਤ ਦਾ ਰਾਖਾ ਬਣਨ ਦਾ ਬਚਨ ਦੇਣ ਵਾਲੇ ਪਤੀ ਨੇ ਹੀ, ਜਬਰਦਸਤੀ ਉਸ ਦੀ ਪਤ ਲੁੱਟਣ ਲਈ ਧਾਵਾ ਬੋਲ ਦਿੱਤਾ। ਦਿਲ ਦਹਿਲਾ ਵਾਲੀ ਇਸ ਘਟਨਾ ਨੇ ਪਤੀ-ਪਤਨੀ ਦੇ ਪਵਿੱਤਰ ਰਿਸ਼ਤੇ ਨੂੰ ਤਾਰ ਤਾਰ ਕਰਕੇ ਸੱਭਿਅਕ ਸਮਾਜ ਨੂੰ ਵੀ ਸ਼ਰਮਸਾਰ ਕਰ ਦਿੱਤਾ । ਹਵਸ ਦੇ ਦਰਿੰਦੇ ਨੇ ਆਪਣੀ ਪਤਨੀ ਨੂੰ ਜਲੀਲ ਕਰਨ ਲਈ, ਉਸ ਦੇ ਕੱਪੜੇ ਫਾੜ ਦਿੱਤੇ ਅਤੇ ਉਸ ਦੀ ਮਰਜੀ ਤੋਂ ਬਿਨਾਂ ਜਬਰਦਸਤੀ ਬਲਾਤਕਾਰ ਵੀ ਕੀਤਾ। ਇਸ ਘਿਨਾਉਣੇ ਅਪਰਾਧ ‘ਚ ਇਕੱਲਾ ਪਤੀ ਹੀ ,ਪੀੜਤ ਦੀ ਨਣਦ ਅਤੇ ਸੱਸ-ਸਹੁਰਾ ਵੀ ਸ਼ਾਮਲ ਸਨ ।
ਥਾਣਾ ਸ਼ਹਿਣਾ ਵਿਚ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿੱਚ ਪੀੜਤ ਨੇ ਦੱਸਿਆ ਕਿ ਉਸ ਦੀ ਸ਼ਾਦੀ ਸ਼ਹਿਣਾ ਪਿੰਡ ਦੀ ਗਿੱਲ ਦਹੂਰੀ ਪੱਤੀ ਦੇ ਰਹਿਣ ਵਾਲੇ ਯਾਦਵਿੰਦਰ ਸਿੰਘ ਪੁੱਤਰ ਭਜ਼ਨ ਸਿੰਘ ਨਾਲ ਹੋਈ ਸੀ। ਕਰੀਬ ਤਿੰਨ ਸਾਲ ਤੋਂ ਉਹ ਆਪਣੇ ਪਤੀ ਤੋਂ ਵੱਖ ਹੋ ਕੇ ਬਰਨਾਲਾ ਰਹਿ ਰਹੀ ਹੈ। ਜਦੋਂ ਕਿ ਉਸ ਦੇ ਬੱਚੇ ਆਪਣੇ ਪਿਤਾ ਦੇ ਘਰ ਹੀ ਰਹਿੰਦੇ ਹਨ। 2 ਅਗਸਤ ਨੂੰ ਉਸ ਨੂੰ ਉਸ ਦੇ ਸਹੁਰੇ ਪਿੰਡ ਤੋਂ ਕਿਸੇ ਦਾ ਫੋਨ ਆਇਆ ਕਿ ਉਸ ਦਾ ਸੌਹਰਾ ਪਰਿਵਾਰ ਦੇ ਬੱਚਿਆਂ ਨਾਲ ਕੁੱਟਮਾਰ ਕਰ ਰਿਹਾ ਹੈ। ਇਸ ਲਈ ਤੁਸੀਂ ਬੱਚਿਆਂ ਨੂੰ ਆ ਕੇ ਇੱਥੋਂ ਲੈ ਕੇ ਚਲੇ ਜਾਵੋ । ਜਦੋਂ ਮੁਦਈ ਮੁਕੱਦਮਾ ਆਪਣੇ ਸਹੁਰੇ ਘਰ ਪਹੁੰਚੀ ਤਾਂ ਬੱਚੇ ਰੋ ਕੁਰਲਾ ਰਹੇ ਸਨ । ਮੈਨੂੰ ਦੇਖਦਿਆਂ ਹੀ ਮੇਰੀ ਨਣਦ ਮੀਤ ਕੌਰ ਨੇ ਮੇਰੇ ਪਤੀ ਅਤੇ ਸਹੁਰੇ ਭਜਨ ਸਿੰਘ ਨੂੰ ਫੋਨ ਕਰਕੇ ਘਰ ਬੁਲਾ ਲਿਆ ।
ਘਰ ਪਹੁੰਚੇ ਮੇਰੇ ਘਰਵਾਲੇ ਨੇ ਜ਼ਬਰਦਸਤੀ ਮੇਰੇ ਕੱਪੜੇ ਫਾੜ ਦਿੱਤੇ ਅਤੇ ਮੇਰੀ ਮਰਜ਼ੀ ਦੇ ਖ਼ਿਲਾਫ਼ ਜ਼ਬਰਦਸਤੀ ਬਲਾਤਕਾਰ ਕੀਤਾ । ਇੱਥੇ ਹੀ ਬੱਸ ਨਹੀਂ , ਫਿਰ ਮੇਰੇ ਸਹੁਰੇ ਭਜਨ ਸਿੰਘ ਨੇ ਮੇਰੀ ਖੱਬੀ ਲੱਤ ‘ਤੇ ਦੰਦੀਆਂ ਵੱਢੀਆਂ ਅਤੇ ਉਕਤ ਦੋਵਾਂ ਤੋਂ ਇਲਾਵਾ ਸੱਸ ਅਮਰਜੀਤ ਕੌਰ ਅਤੇ ਨਣਦ ਮੀਤ ਕੌਰ ਵਾਸੀ ਜਲਾਲ , ਜਿਲ੍ਹਾ ਬਠਿੰਡਾ ਨੇ ਵੀ ਬੇਰਹਿਮੀ ਨਾਲ ਮੇਰੀ ਕੁੱਟਮਾਰ ਕੀਤੀ । ਮੁਦਈ ਨੇ ਕਿਹਾ ਕਿ ਮੈਂ ਉਨ੍ਹਾਂ ਤੋਂ ਖਹਿੜਾ ਛੁਡਾ ਕੇ ਬੜੀ ਮੁਸ਼ਕਲ ਨਾਲ ਆਪਣੀ ਸਕੂਟਰੀ ਲੈ ਕਿ ਸਿਵਲ ਹਸਪਤਾਲ ਤਪਾ ਵਿਖੇ ਭਰਤੀ ਹੋ ਗਈ ।
ਪੁਲਿਸ ਨੇ ਪਤੀ ਸਣੇ ਸੌਹਰੇ ਪਰਿਵਾਰ ਦੇ 4 ਜੀਆਂ ਤੇ ਕੀਤਾ ਪਰਚਾ
ਥਾਣਾ ਸ਼ਹਿਣਾ ਦੇ ਐਸ.ਐਚ.ਉ ਨਰਦੇਵ ਸਿੰਘ ਨੇ ਦੱਸਿਆ ਕਿ ਥਾਣੇਦਾਰ ਸੰਦੀਪ ਕੌਰ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ ਪਰ ਦੋਸ਼ੀ ਪਤੀ ਯਾਦਵਿੰਦਰ ਸਿੰਘ ,ਸੱਸ ਅਮਰਜੀਤ ਕੌਰ ,ਸੌਹਰਾ ਭਜਨ ਸਿੰਘ ਨਿਵਾਸੀ ਨਿੰਮ ਵਾਲਾ ਮੋੜ, ਨਣਦ ਮੀਤ ਕੌਰ ਪਤਨੀ ਗੁਰਵਿੰਦਰ ਸਿੰਘ ਨਿਵਾਸੀ ਜਲਾਲ, ਜ਼ਿਲ੍ਹਾ ਬਠਿੰਡਾ ਦੇ ਖਿਲਾਫ ਅਧੀਨ ਜੁਰਮ 376 B , 323, 34 ਆਈਪੀਸੀ ਤਹਿਤ ਥਾਣਾ ਸਹਿਣਾ ਵਿੱਚ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਡੁੰਘਾਈ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਹੈ,ਪੜਤਾਲ ਦੌਰਾਨ ਸਫਾ ਮਿਸਲ ਤੇ ਸਾਹਮਣੇ ਆਏ ਤੱਥਾਂ ਦੇ ਅਧਾਰ ਤੇ ਹੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।