ਜੇਬ ‘ਚੋਂ ਮਿਲੀ ਆਤਮ ਹੱਤਿਆ ਲਈ ਮਜਬੂਰ ਕਰਨ ਵਾਲਿਆਂ ਦੀ ਪਰਚੀ
ਕਾਰਣਾਂ ਦੀ ਪੜਤਾਲ ਵਿੱਚ ਰੁੱਝੀ ਪੁਲਿਸ , ਐਸ ਐਚ ਉ ਨੇ ਕਿਹਾ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਤੇ ਦਰਜ ਕਰਾਂਗੇ ਕੇਸ
ਹਰਿੰਦਰ ਨਿੱਕਾ , ਬਰਨਾਲਾ 21 ਜੁਲਾਈ 2021
ਜਿਲ੍ਹੇ ਦੇ ਪਿੰਡ ਬਡਬਰ ਦੇ ਇੱਕ ਨੌਜਵਾਨ ਨੇ ਸ਼ੱਕੀ ਹਾਲਤਾਂ ‘ਚ ਰਸੋਈ ਵਿੱਚ ਲੱਗੀ ਲੋਹੇ ਦੀ ਪਾਈਪ ਨਾਲ ਲਟਕ ਕੇ ਆਤਮ ਹੱਤਿਆ ਕਰ ਲਈ। ਸੂਚਨਾ ਮਿਲਦਿਆਂ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ ਵਿੱਚ ਰੱਖ ਕੇ ਆਤਮ ਹੱਤਿਆ ਦੇ ਕਾਰਣਾਂ ਦੀ ਪੜਤਾਲ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਜੇਬ ਵਿਚੋਂ ਪੁਲਿਸ ਨੂੰ ਇੱਕ ਪਰਚੀ ਵੀ ਮਿਲੀ ਹੈ,ਜਿਸ ਉੱਪਰ ਕੁੱਝ ਵਿਅਕਤੀਆਂ ਦੇ ਨਾਮ ਲਿਖੇ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 40 ਕੁ ਵਰ੍ਹਿਆਂ ਦੇ ਜੱਸਾ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਬਡਬਰ ਨੇ ਆਪਣੇ ਘਰ ਦੀ ਰਸੋਈ ਅੰਦਰ ਲੱਗੀ ਲੋਹੇ ਦੀ ਪਾਈਪ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਜਿਵੇਂ ਹੀ ਘਰਦਿਆਂ ਨੂੰ ਇਸ ਘਟਨਾ ਦਾ ਪਤਾ ਲੱਗਿਆ, ਉਨ੍ਹਾਂ ਇਸ ਸਬੰਧੀ ਸੂਚਨਾ ਪੁਲਿਸ ਨੂੰ ਦੇ ਦਿੱਤੀ। ਥਾਣਾ ਧਨੌਲਾ ਦੇ ਐਸ ਐਚ ਓ ਹਰਸਿਮਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਬਰਨਾਲਾ ਦੀ ਮੌਰਚਰੀ ਵਿੱਚ ਪੋਸਟਮਾਰਟਮ ਲਈ ਸੰਭਾਲ ਦਿੱਤੀ ਹੈ। ਉਨ੍ਹਾਂ ਮ੍ਰਿਤਕ ਦੀ ਜੇਬ ਵਿਚੋਂ ਮਿਲੀ ਪਰਚੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪਰਚੀ ਤੇ ਕੁੱਝ ਵਿਅਕਤੀਆਂ ਦੇ ਨਾਮਾਂ ਦਾ ਜਿਕਰ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪਰਚੀ ਤੇ ਲਿਖੇ ਨਾਮਾਂ ਦੀ ਅਤੇ ਆਤਮ ਹੱਤਿਆ ਦੇ ਕਾਰਣਾਂ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ। ਪਰਿਵਾਰਕ ਮੈਬਰਾਂ ਦੇ ਬਿਆਨ ਦੇ ਅਧਾਰ ਤੇ ਜੱਸਾ ਸਿੰਘ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਵਾਲੇ ਦੋਸ਼ੀਆਂ ਦੇ ਖਿਲਾਫ ਉਚਿਤ ਕਾਨੂੰਨੀ ਕਾਰਵਾਈ ਅਮਲ ਵਿੱਚ।ਲਿਆਂਦੀ ਜਾ ਰਹੀ ਹੈ।