ਪਿਛਲੇ 127 ਦਿਨਾਂ ਤੋਂ ਆਂਗਨਵਾੜੀ ਵਰਕਰਾਂ ਹੈਲਪਰਾਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਲਈ ਸੰਘਰਸ਼ ਵਿੱਚ ਜੁਟੀਆਂ – ਅੰਮ੍ਰਿਤਪਾਲ ਕੌਰ
ਹਰਪ੍ਰੀਤ ਕੌਰ ਬਬਲੀ, ਸੰਗਰੂਰ , 21 ਜੁਲਾਈ 2021
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਪੱਕੇ ਮੋਰਚੇ ਉੱਤੇ ਭਾਗ ਲੈਂਦੇ ਹੋਏ ਬਲਾਕ ਪਾਤੜਾਂ ਦੀਆਂ ਵਰਕਰ ਹੈਲਪਰ ਭੈਣਾਂ ਨੇ ਮੀਤ ਪ੍ਰਧਾਨ ਸੁਖਵਿੰਦਰ ਕੌਰ ਦੀ ਅਗਵਾਈ ਵਿੱਚ ਨਾਅਰੇਬਾਜ਼ੀ ਕਰਦੇ ਹੋਏ ਪੰਜਾਬ ਸਰਕਾਰ ਨੂੰ ਕਿਹਾ ਕਿ ਆਂਗਨਵਾੜੀ ਵਰਕਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨਾ ਬੰਦ ਕਰੇ ਅਤੇ ਗੱਲਬਾਤ ਰਾਹੀਂ ਮੰਗਾਂ ਦਾ ਹੱਲ ਕੀਤਾ ਜਾਵੇ। ਧਰਨੇ ਨੂੰ ਸੰਬੋਧਨ ਕਰਦੇ ਹੋਏ ਵਿੱਤ ਸਕੱਤਰ ਅੰਮ੍ਰਿਤਪਾਲ ਕੌਰ ਸਕੱਤਰ ਜਸਵਿੰਦਰ ਕੌਰ ਖੁਸ਼ਦੀਪ ਸ਼ਰਮਾ ਅਤੇ ਰਣਜੀਤ ਕੌਰ ਨੇ ਕਿਹਾ ਕਿ ਪਿਛਲੇ 127 ਦਿਨਾਂ ਤੋਂ ਆਂਗਨਵਾੜੀ ਵਰਕਰਾਂ ਹੈਲਪਰਾਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਲਈ ਸੰਘਰਸ਼ ਵਿੱਚ ਜੁਟੀਆਂ ਹੋਈਆਂ ਹਨ।
ਪਰ ਇੰਨੇ ਦਿਨ ਬੀਤ ਜਾਣ ਦੇ ਬਾਅਦ ਵੀ ਪੰਜਾਬ ਸਰਕਾਰ ਦੇ ਕੰਨਾਂ ਉੱਤੇ ਜੂੰ ਨਹੀਂ ਸਰਕੀ ।ਉਨ੍ਹਾਂ ਨੇ ਕਿਹਾ ਕਿ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ 9 ਅਗਸਤ ਨੂੰ ਭਾਰਤ ਛੱਡੋ ਅੰਦੋਲਨ ਦੇ ਦਿਹਾਡ਼ੇ ਤੇ ਆਂਗਣਵਾੜੀ ਵਰਕਰਾਂ ਹੈਲਪਰਾਂ ਵਲੋਂ ਵੀ ਤਿੱਖਾ ਪ੍ਰਦਰਸ਼ਨ ਕਰਦੇ ਹੋਏ ਆਪਣੀਆਂ ਮੰਗਾਂ ਦੀ ਪੂਰਤੀ ਲਈ ਪੰਜਾਬ ਸਰਕਾਰ ਨੂੰ ਵਾਅਦੇ ਨਿਭਾਓ ਜਾਂ ਗੱਦੀ ਛੱਡੋ ਦਾ ਨਾਅਰਾ ਦਿੱਤਾ ਜਾਵੇਗਾ ।ਉਨ੍ਹਾਂ ਨੇ ਕਿਹਾ ਕਿ ਕੈਪਟਨ ਸਾਹਿਬ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਕੌਫੀ ਵਿਦ ਕੈਪਟਨ ਪ੍ਰੋਗਰਾਮ ਵਿਚ ਆਂਗਨਵਾਡ਼ੀ ਮੁਲਾਜ਼ਮ ਭੈਣਾਂ ਨਾਲ ਵਾਅਦਾ ਕੀਤਾ ਸੀ ਕਿ ਘੱਟੋ ਘੱਟ ਉਜਰਤ ਵਿੱਚ ਸ਼ਾਮਿਲ ਕੀਤਾ ਜਾਵੇਗਾ।
ਪਰ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਅਦ ਘੱਟੋ ਘੱਟ ਉਜਰਤ ਤਾਂ ਕੀ ਦੇਣੀ ਸੀ ਸਗੋਂ ਆਂਗਨਵਾੜੀ ਕੇਂਦਰ ਦੀਆਂ ਰੌਣਕਾਂ ਖੋਹ ਕੇ ਪ੍ਰਾਇਮਰੀ ਸਕੂਲਾਂ ਵਿਚ ਭੇਜ ਦਿੱਤੀਆਂ ਗਈਆਂ ਅਤੇ ਕੇਂਦਰ ਸਰਕਾਰ ਵੱਲੋਂ ਵਧਾਏ ਹੋਏ ਮਾਣ ਭੱਤੇ ਵਿੱਚ ਵੀ ਆਪਣਾ 40 ਪ੍ਰਤੀਸ਼ਤ ਹਿੱਸਾ ਪਾਉਣ ਤੋਂ ਭੱਜ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਕੈਪਟਨ ਸਾਹਿਬ ਨੂੰ ਵਾਅਦਾ ਯਾਦ ਕਰਵਾਉਣ ਲਈ ਨੌੰ ਅਗਸਤ ਨੂੰ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਵੱਡੇ ਰੋਸ ਪ੍ਰਦਰਸ਼ਨ ਕਰਦੇ ਹੋਏ ਵਾਅਦਾ ਯਾਦ ਕਰਾਇਆ ਜਾਵੇ ।