ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ਤੇ ਆਪਣੇ ਦੁੱਖਾਂ ਦਰਦਾਂ ਦੀਆਂ ਪੰਡਾਂ ਲੈ ਕੇ ਲਗਭਗ ਅੱਠ ਮਹੀਨਿਆਂ ਤੋਂ ਬੈਠੇ – ਲੌਂਗੋਵਾਲ

Advertisement
Spread information

ਦਿੱਲੀ ਦੇ ਬਾਰਡਰਾਂ ਤੇ ਆਪਣੇ ਦੁੱਖਾਂ ਦਰਦਾਂ ਦੀਆਂ ਪੰਡਾਂ ਲੈ ਕੇ ਲਗਭਗ ਅੱਠ ਮਹੀਨਿਆਂ ਤੋਂ ਬੈਠੇ ਮੋਦੀ ਭਾਜਪਾ ਹਕੂਮਤ ਦੀ ਜਾਨ ਨੂੰ ਰੋ ਰਹੇ ਨੇ – ਬੀ ਕੇ ਯੂ  

 

ਪਰਦੀਪ ਕਸਬਾ  , ਨਵੀਂ ਦਿੱਲੀ 21 ਜੁਲਾਈ 2021

 

         ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਟਿਕਰੀ ਬਾਰਡਰ ਤੇ ਗ਼ਦਰੀ ਗੁਲਾਬ ਕੌਰ ਨਗਰ ਵਿਖੇ ਲੱਗੇ ਪੱਕੇ ਮੋਰਚੇ ਦੀ ਸਟੇਜ ਤੋਂ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਕਿਸਾਨ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ਤੇ ਆਪਣੇ ਦੁੱਖਾਂ ਦਰਦਾਂ ਦੀਆਂ ਪੰਡਾਂ ਲੈ ਕੇ ਲਗਭਗ ਅੱਠ ਮਹੀਨਿਆਂ ਤੋਂ ਬੈਠੇ ਮੋਦੀ ਭਾਜਪਾ ਹਕੂਮਤ ਦੀ ਜਾਨ ਨੂੰ ਰੋ ਰਹੇ ਹਨ। ਪਰ ਇਸ ਜਾਬਰ ਹਕੂਮਤ ਵਲੋਂ ਦੁੱਖ ਦਰਦਾਂ ਦਾ ਹੱਲ ਕਰਨ ਦੀ ਬਜਾਏ ਸਾਡੇ ਦੁੱਖਾਂ ਵਿੱਚ ਲਗਾਤਾਰ ਵਾਧੇ ਕਰ ਰਹੀ ਹੈ। ਦਿੱਲੀ ਬਾਰਡਰਾਂ ਤੇ ਹੋਈਆਂ ਸ਼ਹੀਦੀਆਂ ਬਾਰੇ ਮੌਨਸੂਨ ਸੰਸਦ ਇਜਲਾਸ ਦੇ ਪਹਿਲੇ ਦਿਨ ਹੀ ਇਹ ਕਹਿਣਾ ਕਿ ਸਾਨੂੰ ਕਿਸੇ ਕਿਸਾਨ ਦੀ ਮੌਤ ਬਾਰੇ ਕੋਈ ਪਤਾ ਨਹੀਂ ਇਸ ਬੇਸ਼ਰਮ ਹਕੂਮਤ ਲਈ ਚੱਪਣੀ ‘ਚ ਨੱਕ ਡੁਬੋ ਕੇ ਮਰਨ ਵਾਲ਼ੀ ਗੱਲ ਹੈ। ਇਹ ਇਨਸਾਨੀਅਤ ਵਿਰੋਧੀ ਵਤੀਰਾ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਪ੍ਰਤੀ ਸਰਕਾਰੀ ਜ਼ਿੰਮੇਵਾਰੀ ‘ਤੇ ਸਵਾਲ ਖਡ਼੍ਹੇ ਕਰਦਾ ਹੈ ।

            ਉਨ੍ਹਾਂ ਕਿਹਾ ਕਿ ਜਦੋਂ ਮੋਦੀ ਨੇ ਪੁਲਵਾਮਾ ਤੇ ਖੁਦ ਹਮਲਾ ਕਰਵਾਉਣ ਮਗਰੋਂ ਝੂਠੇ ਰੂਪ ਵਿਚ ਪਾਕਿਸਤਾਨ ਦੀ ਸੀਮਾ ਲੰਘ ਕੇ ਹਮਲਾ ਕੀਤਾ ਤਾਂ ਉਸ ਨੂੰ ਪੂਰੀ ਜਾਣਕਾਰੀ ਸੀ ਕਿ ਕਿੰਨੇ ਲੋਕ ਮਾਰੇ ਗਏ, ਪਰ ਆਪਣੇ ਦਰ ਮੂਹਰੇ ਸਾਡੇ ਸ਼ਹੀਦ ਹੋਏ ਕਿਸਾਨਾਂ ਮਜ਼ਦੂਰਾਂ ਦੀ ਜਾਣਕਾਰੀ ਉਸ ਨੂੰ ਕਿਉਂ ਨਹੀਂ। ਇਸ ਦਾ ਮਤਲਬ ਸਾਫ ਹੈ ਕਿ ਡਬਲਿਊ ਟੀ ਓ, ਆਈ ਐਮ ਐਫ ਅਤੇ ਵਿਸ਼ਵ ਬੈਂਕ ਦੇ ਕਹਿਣ ‘ਤੇ ਸਾਮਰਾਜੀ ਕਾਰਪੋਰੇਟ ਹਿਤਾਂ ਦੇ ਵਧਾਰੇ ਲਈ ਬਣਾਏ ਗਏ ਕਾਲੇ ਖੇਤੀ ਕਾਨੂੰਨ ਸਾਡੇ ਤੇ ਲਾਗੂ ਕਰਨ ਲਈ ਬਜ਼ਿਦ ਹੈ। ਕਿਉਂਕਿ ਮੋਦੀ ਹਕੂਮਤ ਨੂੰ ਦੇਸ਼ ਦਾ ਅੰਨ- ਭੰਡਾਰ ਭਰਨ ਵਾਲੇ ਕਿਸਾਨਾਂ ਮਜ਼ਦੂਰਾਂ ਦੀ ਕੋਈ ਪਰਵਾਹ ਨਹੀਂ, ਸਿਰਫ਼ ਸਾਮਰਾਜੀਆਂ ਪ੍ਰਤੀ ਆਪਣੀ ਵਫ਼ਾਦਾਰੀ ਪੁਗਾਉਣ ਦੀ ਚਿੰਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਹਰਿਆਣੇ ਦੀ ਭਾਜਪਾ ਖੱਟੜ ਹਕੂਮਤ ਕਿਸਾਨਾਂ ‘ਤੇ ਦੇਸ਼ਧ੍ਰੋਹੀ ਦੇ ਪਰਚੇ ਕਰ ਕੇ ਉਨ੍ਹਾਂ ਨਾਲ ਦੁਸ਼ਮਣੀ ਕਮਾ ਰਹੀ ਹੈ ।


ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਉਲੀਕੇ ਪ੍ਰੋਗਰਾਮ ਮੁਤਾਬਿਕ ਕੱਲ੍ਹ 22 ਜੁਲਾਈ ਨੂੰ 200 ਕਿਸਾਨਾਂ ਦੇ ਕਾਫਲੇ ਵਲੋਂ ਸਿੰਘੂ ਬਾਰਡਰ ਤੋਂ ਚੱਲ ਕੇ ਸੰਸਦ ਸਾਹਮਣੇ ਜੰਤਰ ਮੰਤਰ ਵਿਖੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੀਤੇ ਜਾ ਰਹੇ ਸ਼ਾਂਤਮਈ ਪ੍ਰਦਰਸ਼ਨ ਵਿੱਚ ਜਥੇਬੰਦੀ ਦੇ ਪੰਜ ਕਿਸਾਨ ਪੂਰੇ ਜ਼ਬਤ ਨਾਲ ਸ਼ਾਮਲ ਹੋਣਗੇ।

ਜਿਲ੍ਹਾ ਲੁਧਿਆਣਾ ਦੇ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਕਲਾਂ ਨੇ ਕਿਹਾ ਕਿ 19 ਜੁਲਾਈ ਨੂੰ ਸ਼ੁਰੂ ਹੋਏ ਮੌਨਸੂਨ ਸੈਸ਼ਨ ਵਿਚ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਵੱਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ‘ਤੇ ਜ਼ੋਰ ਦੇਣਾ ਵਿਆਪਕ ਕਿਸਾਨ ਘੋਲ਼ ਦੇ ਦਬਾਅ ਦਾ ਨਤੀਜਾ ਹੀ ਹੈ। ਬੇਸ਼ੱਕ ਪੰਜਾਬ ਅਸੈਂਬਲੀ ਚੋਣਾਂ ਦਾ ਆ ਰਿਹਾ ਮੌਸਮ ਵੀ ਧਿਆਨ ਵਿੱਚ ਹੈ।
ਉਨ੍ਹਾਂ ਕਿਹਾ ਕਿ ਕੱਲ੍ਹ 22 ਜੁਲਾਈ ਨੂੰ ਜੰਤਰ ਮੰਤਰ ਵਿਖੇ ਕੀਤਾ ਜਾ ਰਿਹਾ ਪ੍ਰਦਰਸ਼ਨ ਵੀ ਕੇਂਦਰ ਸਰਕਾਰ ਅਤੇ ਵਿਰੋਧੀ ਧਿਰਾਂ ‘ਤੇ ਹੋਰ ਦਬਾਅ ਵਧਾਵੇਗਾ। ਅੱਜ ਦੀ ਸਟੇਜ ਤੋਂ ਜਸਵੰਤ ਸਿੰਘ ਤੋਲਾਵਾਲ ,ਪਰਮਜੀਤ ਕੌਰ ਸਮੂਰਾ, ਮੋਠੂ ਸਿੰਘ ਕੋਟਡ਼ਾ, ਬੂਟਾ ਸਿੰਘ ਭਾਗੀਕੇ, ਕੁਲਵਿੰਦਰ ਸਿੰਘ, ਦਰਸ਼ਨ ਸਿੰਘ ਨੇ ਵੀ ਸੰਬੋਧਨ ਕੀਤਾ ।

Advertisement
Advertisement
Advertisement
Advertisement
error: Content is protected !!