1.25 ਕਰੋੜ ਦੀ ਲਾਗਤ ਨਾਲ ਲਗਾਇਆ ਗਿਆ ਟਰਾਂਸਫਾਰਮਰ, ਪਿੰਡ ਵਾਸੀਆਂ ਨੂੰ ਬਿਜਲੀ ਪੱਖੋਂ ਵੱਡੀ ਰਾਹਤ
ਬੀ ਟੀ ਐਨ, ਫਿਰੋਜ਼ਪੁਰ 19 ਜੁਲਾਈ 2021
ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰ: ਪਰਮਿੰਦਰ ਸਿੰਘ ਪਿੰਕੀ ਵੱਲੋਂ ਹਲਕੇ ਦੇ ਪਿੰਡ ਸੋਢੇ ਵਾਲਾ ਨੂੰ 24 ਘੰਟੇ ਸ਼ਹਿਰੀ ਬਿਜਲੀ ਲਾਈਨ ਨਾਲ ਜੋੜ ਕੇ ਪਿੰਡ ਵਾਸੀਆਂ ਦੇ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ। ਵਿਧਾਇਕ ਪਿੰਕੀ ਨੇ ਦੱਸਿਆ ਕਿ ਪਹਿਲਾ ਸੋਢੇ ਵਾਲਾ ਸਬ ਸਟੇਸ਼ਨ 66 ਕੇਵੀ ਵਿਖੇ 12.5 ਐਮਵੀਕੇ ਟਰਾਂਸਫਾਰਮਰ ਲੱਗਾ ਸੀ ਅਤੇ ਪਿੰਡਾਂ ਦੇ ਲੋਕਾਂ ਨੂੰ ਬਿਜਲੀ ਪੱਖੋਂ ਕਾਫੀ ਮੁਸ਼ਕਲ ਆ ਰਹੀ ਸੀ, ਉਨ੍ਹਾਂ ਦੀ ਇਸ ਮੁਸ਼ਕਲ ਦਾ ਹੱਲ ਕਰਦਿਆਂ ਇੱਥੇ ਹੁਣ 1.25 ਕਰੋੜ ਦੀ ਲਾਗਤ ਨਾਲ 20 ਐਮਵੀਕੇ ਦਾ ਟਰਾਂਸਫਾਰਮਰ ਲਗਾ ਦਿੱਤਾ ਗਿਆ ਹੈ।
ਵਿਧਾਇਕ ਪਿੰਕੀ ਨੇ ਦੱਸਿਆ ਕਿ ਪਹਿਲਾਂ ਇਹ ਟਰਾਂਸਫਾਰਮਰ ਓਵਰਲੋਡ ਚੱਲਦਾ ਸੀ ਅਤੇ ਹੁਣ ਇਹ ਟਰਾਂਸਫਾਰਮਰ ਅੰਡਰਲੋਡ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਵੱਡਾ ਟਰਾਂਸਫਾਰਮਰ ਲਗਣ ਨਾਲ ਆਲੇ-ਦੁਆਲੇ ਦੇ ਪਿੰਡਾਂ ਨੂੰ ਵੀ ਬਿਜਲੀ ਪੱਖੋਂ ਵੱਡਾ ਫਾਇਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ 8 ਘੰਟੇ ਨਿਰਵਿਘਣ ਬਿਜਲੀ ਸਪਲਾਈ ਦਿੱਤੀ ਜਾਵੇਗੀ ਕੋਈ ਵੀ ਕੱਟ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਬਿਜਲੀ ਦੀ ਨਿਰਵਿਘਣ ਸਪਲਾਈ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਬਿਜਲੀ ਪੱਖੋਂ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਆਵੇਗੀ। ਵਿਧਾਇਕ ਪਿੰਕੀ ਦੇ ਇਸ ਕੰਮ ਤੇ ਸਮੂਹ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਵਿਧਾਇਕ ਵੱਲੋਂ ਉਨ੍ਹਾਂ ਦੇ ਪਿੰਡ ਲਈ ਪਹਿਲਾਂ ਵੀ ਕਈ ਕੰਮ ਕਰਵਾਏ ਗਏ ਹਨ ਅਤੇ ਹੁਣ ਇਹ ਕੰਮ ਕਰਵਾ ਕੇ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ।
ਇਸ ਮੌਕੇ ਬਲਵੀਰ ਬਾਠ, ਸੁਖਵਿੰਦਰ ਸਿੰਘ ਅਟਾਰੀ, ਅਵਤਾਰ ਸਿੰਘ ਸਰਪੰਚ, ਗੁਰਪ੍ਰੀਤ ਸਿੰਘ ਸਰਪੰਚ, ਸੁਖਦੇਵ ਸਿੰਘ ਸਰਪੰਚ, ਸੋਨੂ ਸਰਪੰਚ, ਐਕਸੀਅਨ ਸੋਢੀ, ਸੰਤੋਖ ਸਿੰਘ ਐਸਡੀਓ ਆਦਿ ਹਾਜ਼ਰ ਸਨ।