ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਨਹਿਰਾਂ ਸੂਇਆਂ ’ਚ ਨਹਾਉਣ ਜਾਂ ਤੈਰਨ ’ਤੇ ਪਾਬੰਦੀ ਦੇ ਹੁਕਮ ਜਾਰੀ
ਪਰਦੀਪ ਕਸਬਾ, ਬਰਨਾਲਾ, 20 ਜੁਲਾਈ
ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ ਵੱਖ-ਵੱਖ ਸਥਾਨਾਂ ਤੋਂ ਲੰਘਦੀਆਂ ਵੱਡੀਆਂ ਛੋਟੀਆਂ ਨਦੀਆਂ/ਨਹਿਰਾਂ/ਸੂਏ ਆਦਿ ਵਿਚ ਕਿਸੇ ਵੀ ਸਥਾਨ ’ਤੇ ਆਮ ਜਨਤਾ ਦੇ ਨਹਾਉਣ ਅਤੇ ਤੈਰਨ ’ਤੇ ਪੂਰਨ ਪਾਬੰਦੀ ਲਾਈ ਗਈ ਹੈ। ਕਿਸੇ ਜ਼ਰੂਰਤ ਸਮੇਂ ਪ੍ਰਸ਼ਾਸਨ ਦੀ ਮੱਦਦ ਕਰਨ ਵਾਲੇ ਗੋਤਾਖੋਰਾਂ ’ਤੇ ਇਹ ਹੁਕਮ ਲਾਗੂ ਨਹੀਂ ਹੋਵੇਗਾ।
ਉਨ੍ਹਾਂ ਆਪਣੇ ਹੁਕਮਾਂ ਵਿਚ ਆਖਿਆ ਕਿ ਗਰਮੀ ਤੋਂ ਬਚਣ ਲਈ ਕਈ ਵਾਰ ਵਿਦਿਆਰਥੀ/ਨੌਜਵਾਨ/ਬੱਚੇ ਨਹਿਰਾਂ ’ਤੇ ਨਹਾਉਣ ਲਈ ਚਲੇ ਜਾਂਦੇ ਹਨ ਅਤੇ ਨਹਿਰ ਦੇ ਤੇਜ਼ ਪਾਣੀ ਦੇ ਵਹਾਅ ਕਾਰਨ ਰੁੜਨ/ਡੁੱਬਣ ਜਿਹੇ ਹਾਦਸੇ ਵਾਪਰ ਜਾਂਦੇ ਹਨ। ਇਸ ਲਈ ਉਪਰੋਕਤ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ, ਇਹ ਹੁਕਮ 18 ਅਕਤੂਬਰ 2021 ਤੱਕ ਲਾਗੂ ਰਹਿਣਗੇ।