28 ਜੁਲਾਈ ਨੂੰ ਕਰਤਾਰਪੁਰ ਦੇ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੂੰ ਉਹਨਾਂ ਦੇ ਘਰ /ਦਫ਼ਤਰ ਵੱਲ ਮਾਰਚ ਕਰਕੇ ਸਰਕਾਰ ਦੇ ਨਾਂ ਮਜ਼ਦੂਰ ਮੰਗਾਂ ਦੇ ਹੱਲ ਲਈ ਯਾਦ ਪੱਤਰ ਦੇਣ ਦਾ ਐਲਾਨ ਕੀਤਾ ਹੈ।
ਪ੍ਰਦੀਪ ਕਸਬਾ , ਕਰਤਾਰਪੁਰ,15 ਜੁਲਾਈ , 2021
ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ਉੱਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਪਿੰਡ ਘੁੱਗਸ਼ੋਰ ਵਿਖੇ ਮੁਜ਼ਾਹਰਾ ਕਰਕੇ ਮਜ਼ਦੂਰਾਂ ਦੀ ਲਾਮਬੰਦੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਪਹਿਲੀ ਕੜੀ ਵਜੋਂ ਪਿੰਡਾਂ ਵਿੱਚ 25 ਜੁਲਾਈ ਤੱਕ ਪਿੰਡ ਪੱਧਰੀ ਮੁਜ਼ਾਹਰੇ ਕਰਨ ਉਪਰੰਤ ਇਲਾਕੇ ਦੇ ਲੋਕਾਂ ਵਲੋਂ 28 ਜੁਲਾਈ ਨੂੰ ਕਰਤਾਰਪੁਰ ਦੇ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੂੰ ਉਹਨਾਂ ਦੇ ਘਰ /ਦਫ਼ਤਰ ਵੱਲ ਮਾਰਚ ਕਰਕੇ ਸਰਕਾਰ ਦੇ ਨਾਂ ਮਜ਼ਦੂਰ ਮੰਗਾਂ ਦੇ ਹੱਲ ਲਈ ਯਾਦ ਪੱਤਰ ਦੇਣ ਦਾ ਐਲਾਨ ਕੀਤਾ ਹੈ।
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਦੱਸਿਆ ਕਿ ਸੰਘਰਸ਼ ਦੀ ਪਹਿਲੀ ਕੜੀ ਵਜੋਂ 25 ਜੁਲਾਈ ਤੱਕ ਪਿੰਡ ਪੱਧਰੀ ਮੁਜ਼ਾਹਰੇ ਕੀਤੇ ਜਾ ਰਹੇ ਹਨ ਅਤੇ ਦੂਜੀ ਕੜੀ ਵਜੋਂ 27,28,29 ਜੁਲਾਈ ਨੂੰ ਕਾਂਗਰਸੀ ਮੰਤਰੀਆਂ, ਵਿਧਾਇਕਾਂ, ਸਾਂਸਦਾਂ ਨੂੰ ਯਾਦ ਪੱਤਰ ਦਿੱਤੇ ਜਾਣਗੇ।ਜੇਕਰ ਫ਼ਿਰ ਵੀ ਸੂਬਾ ਸਰਕਾਰ ਦੇ ਕੰਨਾਂ ਉੱਤੇ ਜੂੰਅ ਨਾ ਸਰਕੀ ਤਾਂ ਤੀਜੀ ਕੜੀ ਵਜੋਂ 9,10,11 ਅਗਸਤ ਨੂੰ ਮੁੱਖ ਮੰਤਰੀ ਦੇ ਰਿਹਾਇਸ਼ੀ ਸ਼ਹਿਰ ਪਟਿਆਲਾ ਵਿਖੇ ਮੋਰਚਾ ਲਗਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਂਗ ਹੀ ਮਜ਼ਦੂਰ ਵਿਰੋਧੀ ਅਤੇ ਕਾਰਪੋਰੇਟ ਘਰਾਣਿਆਂ ਪੱਖੀ ਸਰਕਾਰ ਸਾਬਿਤ ਹੋਈ ਹੈ।
ਉਨ੍ਹਾਂ ਦੱਸਿਆ ਕਿ ਇਹ ਸੰਘਰਸ਼ ਖੇਤੀ ਕਾਨੂੰਨ ਅਤੇ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਮਜ਼ਦੂਰ ਵਿਰੋਧੀ ਸੋਧਾਂ ਰੱਦ ਕਰਨ, ਮਜ਼ਦੂਰਾਂ ਦੇ ਕਰਜ਼ੇ ਤੇ ਬਿਜਲੀ ਬਿੱਲ ਮੁਆਫ਼ ਕਰਨ,ਕੌਅਪ ਸੁਸਾਇਟੀਆਂ ਚ ਬਿਨ੍ਹਾਂ ਸ਼ਰਤ ਹਿੱਸੇ ਪਾਉਣ ਅਤੇ ਪੰਚਾਇਤੀ ਜ਼ਮੀਨਾਂ ਚੋਂ ਤੀਜਾ ਹਿੱਸਾ ਜ਼ਮੀਨ,ਪਲਾਟ ਤੇ ਰੁਜ਼ਗਾਰ ਦੇਣ ਆਦਿ ਮੰਗਾਂ ਦੇ ਹੱਲ ਲਈ ਕੀਤਾ ਜਾ ਰਿਹਾ ਹੈ।
ਇਸ ਮੌਕੇ ਯੂਨੀਅਨ ਆਗੂ ਗੁਰਪ੍ਰੀਤ ਸਿੰਘ ਚੀਦਾ, ਯੂਨੀਅਨ ਆਗੂ ਤੇ ਸਾਬਕਾ ਸਰਪੰਚ ਘੁੱਗ ਕਰਮਾ, ਬਲਵਿੰਦਰ ਕੌਰ ਪੰਚ ਆਦਿ ਨੇ ਵੀ ਸੰਬੋਧਨ ਕੀਤਾ।