ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਦੇ ਪਿੰਡ ਢੁੱਡੀਕੇ ਦੀ ਪਿੰਡ ਇਕਾਈ, ਮੋਹਤਬਰ ਵਿਅਕਤੀਆਂ, ਪੰਚਾਇਤ ਮੈਂਬਰਾਂ ਦੀ ਬਦੌਲਤ ਜੱਟਾਂ ਅਤੇ ਦਲਿਤਾਂ ਦੇ ਸ਼ਮਸ਼ਾਨਘਾਟ ਇੱਕ ਥਾਂ ਹੋਏ।
ਪਰਦੀਪ ਕਸਬਾ , ਮੋਗਾ , 16 ਜੁਲਾਈ 2021
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਦੇ ਪਿੰਡ ਢੁੱਡੀਕੇ ਦੀ ਪਿੰਡ ਇਕਾਈ, ਮੋਹਤਬਰ ਵਿਅਕਤੀਆਂ, ਪੰਚਾਇਤ ਮੈਂਬਰਾਂ ਦੀ ਬਦੌਲਤ ਜੱਟਾਂ ਅਤੇ ਦਲਿਤਾਂ ਦੇ ਸ਼ਮਸ਼ਾਨਘਾਟ ਇੱਕ ਥਾਂ ਹੋਏ।
ਜਿਕਰਯੋਗ ਹੈ ਕਿ ਪਿੰਡ ਢੁੱਡੀਕੇ ਵਿਖੇ ਪਹਿਲਾਂ ਹੀ ਸ਼ਮਸ਼ਾਨਘਾਟ ਹੋਣ ਦੇ ਬਾਵਜੂਦ ਦਲਿਤਾਂ ਲਈ ਵੱਖਰੀ ਥਾਂ ‘ਤੇ ਇੱਕ ਹੋਰ ਸ਼ਮਸ਼ਾਨਘਾਟ ਬਣਾਉਣ ਦੀ ਸਲਾਹ ਚੱਲ ਰਹੀ ਸੀ। ਪਰ ਪਿੰਡ ਦੇ ਜੱਟ ਸਿੱਖ ਅਤੇ ਮਜਬੀ ਸਿੱਖਾਂ ਨੇ ਪੁਰਾਣੇ ਸ਼ਮਸ਼ਾਨਘਾਟ ਵਿੱਚ ਇੱਕਠੇ ਹੋ ਕੇ ਐਲਾਨ ਕਰ ਦਿੱਤਾ ਕਿ ਪਿੰਡ ਵਿੱਚ ਜਾਤ ਦੇ ਆਧਾਰ ‘ਤੇ ਵੱਖਰਾ ਸ਼ਮਸ਼ਾਨਘਾਟ ਨਹੀਂ ਬਣੇਗਾ, ਪਹਿਲਾਂ ਹੀ ਚੱਲ ਰਹੇ ਸ਼ਮਸ਼ਾਨਘਾਟ ਵਿੱਚ ਦੋਹਾਂ ਭਾਈਚਾਰੇ ਦੇ ਮੁਰਦਿਆਂ ਦਾ ਇੱਕੋ ਥਾਂ ਦਾਹ ਸੰਸਕਾਰ ਕੀਤਾ ਜਾਵੇਗਾ।
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਕਿਹਾ ਕਿ ਅੱਜ ਵੀ ਸਮਾਜ ਦੇ ਰਗ ਰਗ ਵਿੱਚ ਰਚੀ ਜਾਤ-ਪਾਤ ਦੀ ਬਦੌਲਤ ਪਿੰਡਾਂ ਵਿੱਚ ਜਾਤਾਂ ਦੇ ਨਾਮ ‘ਤੇ ਸ਼ਮਸ਼ਾਨਘਾਟ ਬਣੇ ਹੋਏ ਹਨ। ਲਾਲ ਸਿੰਘ ਦਿਲ ਦੀਆਂ ਉਹ ਸਤਰਾਂ “ਮੈਨੂੰ ਪਿਆਰ ਕਰਦੀਏ ਪਰਜਾਤ ਕੁੜੀਏ, ਸਾਡੇ ਤਾਂ ਮੁਰਦੇ ਵੀ ਇੱਕ ਥਾਂ ਨਹੀਂ ਫੂਕੇ ਜਾਂਦੇ” ਸਮਾਜ ਵਿੱਚ ਜਾਤ ਪਾਤ ਦੀ ਕੌੜੀ ਸੱਚਾਈ ਨੂੰ ਬਿਆਨ ਕਰਦੀਆਂ ਹਨ। ਮੈਂ ਸੂਬਾ ਪ੍ਰਧਾਨ ਹੋਣ ਦੇ ਨਾਤੇ ਇਸ ਜਾਤ ਪਾਤ ਨੂੰ ਜੜੋਂ ਪੁੱਟਣ ਲਈ ਕੋਸ਼ਿਸ਼ ਦੀ ਸ਼ੁਰੂਆਤ ਆਪਣੇ ਪਿੰਡ ਤੋਂ ਕਰ ਰਿਹਾ ਹਾਂ। ਅਸੀਂ ਸਭ ਭਾਈਚਾਰੇ ਲਈ ਇੱਕੋ ਸ਼ਮਸ਼ਾਨਘਾਟ ਰੱਖਾਂਗੇ। ਅਸੀਂ ਬਾਕੀ ਪਿੰਡਾਂ ਨੂੰ ਵੀ ਇਹ ਪਹਿਲਕਦਮੀ ਕਰਨ ਦਾ ਸੱਦਾ ਦਿੰਦੇ ਹਾਂ
ਉਹਨਾਂ ਕਿਹਾ ਕਿ ਜਿਸ ਦੇ ਲਈ ਅੱਜ ਕਿਰਤੀ ਕਿਸਾਨ ਯੂਨੀਅਨ ਦੀ ਪਿੰਡ ਢੁੱਡੀਕੇ ਇਕਾਈ, ਕਾਮਰੇਡ ਜੀਤ ਸਿੰਘ, ਕੁਲਜੀਤ ਸਿੰਘ, ਹਰਪ੍ਰੀਤ ਸਿੰਘ, ਪਿੰਡ ਦੇ ਮੋਹਤਬਾਰ, ਸੁਹਿਰਦ ਵਿਅਕਤੀਆਂ, ਪਰਮਜੀਤ ਸਿੰਘ ਪੰਮਾ ਸਾਬਕਾ ਪੰਚ, ਚਮਕੌਰ ਸਿੰਘ ਸਾਬਕਾ ਪੰਚ, ਕੇਵਲ ਸਿੰਘ ਮੌਜੂਦਾ ਪੰਚ ਦੀ ਬਦੌਲਤ ਪਿੰਡ ਚੋਂ ਜਾਤ ਪੰਚ ਦਾ ਫਸਤਾ ਵੱਡਣ ਦੀ ਸ਼ੁਰੂਆਤ ਕਰਦਿਆਂ ਜੱਟਾਂ ਅਤੇ ਦਲਿਤਾਂ ਦੇ ਸ਼ਮਸ਼ਾਨਘਾਟ ਇੱਕ ਥਾਂ ਕਰ ਦਿੱਤੇ ਗਏ ਹਨ।
ਉਹਨਾਂ ਕਿਹਾ ਕਿ ਅਸੀਂ ਸਾਡੇ ਪਿੰਡ ਤੋਂ ਸ਼ੁਰੂਆਤ ਕੀਤੀ ਹੈ। ਪਿੰਡ ਪਿੰਡ ਇਹ ਮੁਹਿੰਮ ਚਲਾ ਕੇ ਜਾਤਾਂ ਦੇ ਆਧਾਰ ‘ਤੇ ਬਣੇ ਗੁਰਦੁਆਰੇ, ਸ਼ਮਸ਼ਾਨਘਾਟ ਇੱਕ ਪਰ ਦੇਣੇ ਚਾਹੀਦੇ ਹਨ।