ਨਗਰ ਕੌਂਸਲ ਦੇ ਈ.ਉ. ਨੇ ਕਿਹਾ, ਮੈਨੂੰ ਨਹੀਂ ਪਤਾ ਕਿੱਥੇ ਕੱਟੀ ਜਾ ਰਹੀ ਨਵੀਂ ਕਲੋਨੀ
ਹਰਿੰਦਰ ਨਿੱਕਾ , ਬਰਨਾਲਾ 12 ਜੁਲਾਈ 2021
ਕਲੋਨਾਈਜਰਾਂ ਦੀਆਂ ਮਨਮਾਨੀਆਂ, ਭਾਂਵੇ ਕੋਈ ਨਵੀਂ ਗੱਲ ਤਾਂ ਨਹੀਂ, ਪਰੰਤੂ ਸ਼ਹਿਰ ਦੇ ਧਨੌਲਾ ਰੋਡ ਦੇ ਕੋਲ ਵਹਿੰਦੇ ਰਜਬਾਹੇ ਦੇ ਕਿਨਾਰੇ ਪ੍ਰੇਮ ਨਗਰ ਇਲਾਕੇ ਵਿੱਚ ਇੱਕ ਕਲੋਨਾਈਜ਼ਰ ਨੇ ਇੱਕ ਅਣਪਰੂਵੜ ਕਲੋਨੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਰਜਬਾਹੇ ਦਾ ਕਾਫੀ ਹਿੱਸਾ ਵੱਡੀ ਪੁਲੀ ਨਾਲ ਕਵਰ ਕਰਕੇ ਕਲੋਨੀ ਨੂੰ ਜਾਣ ਲਈ ਮੁੱਖ ਰਾਸਤਾ ਬਣਾਇਆ ਜਾ ਰਿਹਾ ਹੈ। ਕਰੀਬ ਦੋ ਢਾਈ ਏਕੜ ਵਿੱਚ ਤਿਆਰ ਕੀਤੀ ਜਾ ਰਹੀ ਇਸ ਬੇਨਾਮੀ ਕਲੋਨੀ ਦੇ ਮਾਲਿਕਾਂ ਨੇ ਬੜੀ ਹੁਸ਼ਿਆਰੀ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ, ਸੀਵਰੇਜ ਅਤੇ ਪਾਣੀ ਦਾ ਕੁਨੈਕਸ਼ਨ ਵੀ ਜੋੜ ਲਿਆ ਹੈ। ਕਲੋਨੀ ਦੀਆਂ ਸੜਕਾਂ ਦੀ ਨਿਸ਼ਨਦੇਹੀ ਕਰਕੇ ਸੀਵਰੇਜ ਪਾ ਦਿੱਤਾ ਹੈ ਅਤੇ ਪਾਣੀ ਦੀਆਂ ਟੂਟੀਆਂ ਦੇ ਪੁਆਇੰਟ ਵੀ ਬਾਹਰ ਲਗਾ ਦਿੱਤੇ ਹਨ। ਦੱਸਣ ਵਾਲੇ ਤਾਂ ਇਹ ਵੀ ਦੱਸਦੇ ਹਨ ਕਿ ਕਲੋਨਾਈਜਰ ਨੇ ਵਾਹੀਯੋਗ ਜਮੀਨ ਦਾ ਹਾਲੇ ਤੱਕ ਸੀ.ਐਲ.ਯੂ ਵੀ ਲੈਣਾ ਜਰੂਰੀ ਨਹੀਂ ਸਮਝਿਆ ਅਤੇ ਉਸ ਨੇ ਸਸਤੇ ਭਾਅ ਖਰੀਦੀ ਜਮੀਨ ਨੂੰ ਮੋਟਾ ਮੁਨਾਫਾ ਲੈ ਕੇ ਮਹਿੰਗੇ ਭਾਅ ‘ਚ ਵੇਚਣਾ ਵੀ ਸ਼ੁਰੂ ਕਰ ਦਿੱਤਾ ਹੈ। ਕਿਸੇ ਸਮਰੱਥ ਅਧਿਕਾਰੀ ਦੀ ਕਾਨੂੰਨੀ ਮੰਜੂਰੀ ਤੋਂ ਬਿਨਾਂ ਹੀ ਕੱਟੀ ਜਾ ਰਹੀ ਕਲੋਨੀ ਬਾਰੇ ਨਗਰ ਕੌਂਸਲ ਦੇ ਅਧਿਕਾਰੀ ਅਣਪਰੂਵੜ ਕਲੋਨੀ ਦਾ ਪਤਾ ਲੱਗ ਜਾਣ ਤੇ ਵੀ ਅਣਜਾਣ ਬਣੇ ਰਹਿਣ ਨੂੰ ਹੀ ਤਰਜੀਹ ਦੇ ਰਹੇ ਹਨ। ਜਿਸ ਤੋਂ ਦਾਲਾ ਵਿੱਚ ਕਾਲਾ ਹੋਣ ਦੇ ਸੰਕੇਤ ਨਹੀਂ, ਬਲਕਿ ਪੂਰੀ ਦਾਲ ਹੀ ਕਾਲੀ ਹੋਣ ਦਾ ਭੇਦ ਖੁੱਲ੍ਹ ਰਿਹਾ ਹੈ। ਪਰੰਤੂ ਕੌਂਸਲ ਅਧਿਕਾਰੀ ਮੈਂ ਨਾ ਮਾਨੂੰ ਵਾਲੀ ਆਪਣੀ ਜਿੱਦ ਤੇ ਹੀ ਕਾਇਮ ਹਨ।
ਪੱਕਾ ਨਹਿਰੀ ਖਾਲ ਕੀਤਾ ਖੁਰਦ ਬੁਰਦ
ਕਲੋਨਾਈਜਰ ਨੇ ਜਮੀਨ ਨੂੰ ਲੱਗਿਆ ਪੱਕਾ ਖਾਲ , ਕਲੋਨੀ ਦੀ ਜਮੀਨ ਵਿੱਚ ਹੀ ਮਿੱਟੀ ਪਾ ਕੇ ਖੁਰਦ ਬੁਰਦ ਕਰ ਦਿੱਤਾ ਹੈ, ਜਦੋਂ ਕਿ ਕਲੋਨੀ ਵਾਲੀ ਜਗ੍ਹਾ ਤੋਂ ਪਿੱਛੇ ਜਮੀਨ ਤੱਕ ਪੱਕੇ ਖਾਲ ਦਾ ਮੋਘਾ ਅਤੇ ਖਾਲ ਦੇ ਚਿੰਨ੍ਹ ਸਾਫ ਦਿਖਾਈ ਦੇ ਰਹੇ ਹਨ। ਇਸ ਤਰਾਂ ਕਲੋਨਾਈਜਰ ਨੇ ਨਹਿਰੀ ਵਿਭਾਗ ਦੀ ਪ੍ਰਵਾਨਗੀ ਤੋਂ ਬਿਨਾਂ ਜਿੱਥੇ ਰਜਬਾਹਾ ਕਵਰ ਕਰਕੇ, ਕਲੋਨੀ ਨੂੰ ਜਾਣ ਲਈ ਰਾਸਤਾ ਬਣਾ ਲਿਆ ਹੈ, ਉੱਥੇ ਹੀ ਉਨਾਂ ਨਹੀਰੀ ਵਿਭਾਗ ਦੇ ਪੱਕੇ ਖਾਲ ਦੀ ਜਮੀਨ ਤੇ ਵੀ ਕਬਜਾ ਕਰ ਲਿਆ ਹੈ। ਇਸ ਸਬੰਧੀ ਨਹਿਰੀ ਵਿਭਾਗ ਦੇ ਐਸਡੀਉ ਮਾਹੋਰਾਣਾ ਸ੍ਰੀ ਵਿਸ਼ਵਦੀਪ ਗੋਇਲ ਨੇ ਕਿਹਾ ਕਿ ਮੈਨੂੰ ਇਸ ਸਬੰਧੀ ਕੋਈ ਸੂਚਨਾ ਨਹੀਂ ਮਿਲੀ, ਫਿਰ ਵੀ ਹੁਣ ਉਹ ਪੂਰੇ ਮਾਮਲੇ ਸਬੰਧੀ ਨਹਿਰੀ ਮਹਿਕਮੇ ਦੇ ਸਬੰਧਿਤ ਅਧਿਕਾਰੀਆਂ ਤੋਂ ਰਿਪੋਰਟ ਹਾਸਿਲ ਕਰਕੇ, ਉਚਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣਗੇ।
ਈ.ਉ. ਦੇ ਧਿਆਨ ‘ਚ ਲਿਆਂਦਾ ਮਾਮਲਾ, ਪਰ ਉਨ੍ਹਾਂ ਚੁੱਪ ਵੱਟ ਲਈ
ਗੈਰਕਾਨੂੰਨੀ ਢੰਗ ਨਾਲ ਪ੍ਰੇਮ ਨਗਰ ਇਲਾਕੇ ਵਿੱਚ ਕੱਟੀ ਜਾ ਰਹੀ ਕਲੋਨੀ ਬਾਰੇ ਪੱਤਰਕਾਰਾਂ ਦੀ ਟੀਮ ਵੱਲੋਂ ਕੁੱਝ ਦਿਨ ਪਹਿਲਾਂ ਕਲੋਨੀ ਦੀਆਂ ਫੋਟੋਆਂ ਸਮੇਤ ਪੂਰਾ ਮਾਮਲਾ ਕੌਂਸਲ ਦੇ ਕਾਰਜ ਸਾਧਕ ਅਫਸਰ ਮਨਪ੍ਰੀਤ ਸਿੰਘ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ। ਉਨਾਂ ਇੱਕ ਵਾਰ ਤਾਂ, ਫੁੱਲ ਸਪੀਡ ਨਾਲ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਐਧਰ, ਉੱਧਰ ਕਈ ਸਬੰਧਿਤ ਕਰਮਚਾਰੀਆਂ ਨੂੰ ਫੋਨ ਘੁੰਮਾਏ ਕਿ ਹੁਣੇ ਜਾ ਕੇ ਮੌਕਾ ਵੇਖੋ ਅਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਂ, ਪਰੰਤੂ ਪੰਚਾਂ ਦਾ ਕਿਹਾ ਸਿਰ ਮੱਥੇ, ” ਪਰਨਾਲਾ ਉੱਥੇ ਦਾ ਉੱਥੇ ” ਤੋਂ ਗੱਲ ਹਾਲੇ ਤੱਕ ਇੱਕ ਕਦਮ ਵੀ ਅੱਗੇ ਨਹੀਂ ਵਧੀ। ਇਸ ਸਬੰਧੀ ਕੌਂਸਲ ਦਾ ਪੱਖ ਜਾਣਨ ਲਈ ਈਉ ਮਨਪ੍ਰੀਤ ਸਿੰਘ ਨਾਲ ਫੋਨ ਤੇ ਗੱਲ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ,ਪਰੰਤੂ ਉਨਾਂ ਫੋਨ ਰਿਸੀਵ ਨਹੀਂ ਕੀਤਾ।