ਹਰਿੰਦਰ ਨਿੱਕਾ, ਬਰਨਾਲਾ, 9 ਜੁਲਾਈ 2021
ਜ਼ਿਲੇ ਦੇ ਪਿੰਡ ਧੌਲਾ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਕਥਿੱਤ ਤੌਰ ਤੇ ਨਸ਼ੇ ਦੀ ਓਵਰਡੋਜ ਨਾਲ ਅੱਜ ਸਵੇਰੇ ਕਰੀਬ 2 ਵਜੇ ਮੌਤ ਹੋ ਗਈ। ਪਰੰਤੂ ਪੁਲਿਸ ਨੂੰ ਖ਼ਬਰ ਲਿਖੇ ਜਾਣ ਤੱਕ ਇਸ ਘਟਨਾ ਦੀ ਭਿਣਕ ਤੱਕ ਵੀ ਨਹੀਂ ਪਈ। ਪਿੰਡ ਵਾਸੀਆਂ ਅਨੁਸਾਰ ਗਗਨਦੀਪ ਸਿੰਘ ਪੁੱਤਰ ਬਲਵੰਤ ਸਿੰਘ ਉਮਰ ਕਰੀਬ 23 ਸਾਲ ਵਾਸੀ ਸਲੇਮਾ ਪੱਤੀ ਧੌਲਾ ਕਾਫੀ ਸਮੇਂ ਤੋਂ ਨਸ਼ੇ ਦੀ ਲਤ ਦਾ ਸ਼ਿਕਾਰ ਸੀ। ਲੰਘੀ ਰਾਤ ਕਰੀਬ 9:30 ਵਜੇ ਪਿੰਡ ਦੇ ਕੁਝ ਮਜ਼ਦੂਰਾਂ ਨੇ ਉਸਨੂੰ ਸਲੇਮਾ ਪੱਤੀ ਦੇ ਖੂਹ ਕੋਲ ਡਿੱਗਿਆ ਦੇਖਿਆ ਸੀ । ਪਰਿਵਾਰ ਨੂੰ ਸੂਚਨਾ ਮਿਲੀ ਤਾਂ ਉਹਨਾਂ ਗਗਨਦੀਪ ਨੂੰ ਬੇਹੋਸੀ ਦੀ ਹਾਲਤ ਵਿੱਚ ਲਿਆਂਦਾ । ਜਦੋਂ ਸਵੇਰ ਤੱਕ ਵੀ ਉਸ ਨੂੰ ਕੋਈ ਹੋਸ ਨਹੀਂ ਆਈ ਤਾਂ ਪਰਿਵਾਰ ਵਾਲਿਆਂ ਨੇ ਪਿੰਡ ਦੇ ਆਰ.ਐੱਮ.ਪੀ. ਡਾਕਟਰ ਨੂੰ ਇਲਾਜ ਲਈ ਘਰ ਬੁਲਾਇਆ। ਪਰੰਤੂ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਵਿਆਹਿਆ ਹੋਇਆ ਹੈ ਤੇ ਉਸਦੇ ਘਰ ਵਾਲੀ ਪ੍ਰੈਗਨੈਂਟ ਵੀ ਹੈ। ਗਗਨ ਦੇ ਪਿਤਾ ਦੀ ਕੁਝ ਸਮਾਂ ਪਹਿਲਾ ਹੀ ਮੌਤ ਹੋ ਚੁੱਕੀ ਹੈ। ਤਿੰਨ ਅਣਵਿਆਹੀਆਂ ਭੈਣਾਂ ਦਾ ਇਕਲੌਤਾ ਭਰਾ ਗਗਨਦੀਪ ਸਿੰਘ ਘਰ ਵਿੱਚ ਇਕੱਲਾ ਹੀ ਕਮਾਊ ਸੀ।
ਇਸ ਸਬੰਧੀ ਥਾਣਾ ਰੂੜੇਕੇ ਕਲਾਂ ਦੇ ਐੱਸ.ਐੱਚ.ਓ. ਪਰਮਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ ਉਕਤ ਪੂਰੇ ਘਟਨਾਕ੍ਰਮ ਤੋਂ ਅਣਜਾਣਤਾ ਪ੍ਰਗਟ ਕੀਤੀ। ਉਨਾਂ ਕਿਹਾ ਕਿ ਇਸ ਸਬੰਧੀ ਪੁਲਿਸ ਨੂੰ ਹਾਲੇ ਤੱਕ ਕੋਈ ਸੂਚਨਾ ਨਹੀਂ ਮਿਲੀ ਹੈ । ਫਿਰ ਵੀ ਅਸੀਂ ਉਕਤ ਸੂਚਨਾ ਨੂੰ ਵੈਰੀਫਾਈ ਕਰਕੇ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਦੇ ਆਧਾਰ ’ਤੇ ਉਚਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਵਾਂਗੇ। ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਪਿੰਡ ਅੰਦਰ ਵੱਡੇ ਪੱਧਰ ’ਤੇ ਚਿੱਟਾ ਵਿਕ ਰਿਹਾ ਹੈ ਅਤੇ ਨੌਜਵਾਨ ਪੀੜੀ ਚਿੱਟਾ ਦੀ ਚਪੇਟ ਵਿੱਚ ਗ੍ਰਸੀ ਜਾ ਰਹੀ ਹੈ । ਬੇਸ਼ੱਕ ਪੁਲਿਸ ਦੇ ਅਨੁਸਾਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਗਗਨਦੀਪ ਦੀ ਮੌਤ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ। ਪਰੰਤੂ ਇਸ ਦੀ ਮੌਤ ਨਸ਼ੇ ਦੀ ਓਵਰਡੋਜ ਨਾਲ ਹੋਈ ਜਾਂ ਕਿਸੇ ਹੋਰ ਵਜ੍ਹਾ ਨਾਲ, ਇਸ ਦਾ ਸੱਚ ਤਾਂ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸਾਹਮਣੇ ਆ ਸਕਦਾ।