ਖੇਤੀ ਮੋਟਰਾਂ ਦੇ ਤਾਰ-ਚੋਰ ਗਰੋਹ ਦੇ ਸਾਰੇ ਮੈਂਬਰਾਂ ਵਿਰੁੱਧ ਕੇਸ ਦਰਜ ਕਰਵਾਉਣ ਲਈ ਧਨੌਲਾ ਥਾਣੇ ਮੂਹਰੇ ਧਰਨਾ ਦਿੱਤਾ ਗਿਆ।
ਪਰਦੀਪ ਕਸਬਾ , ਬਰਨਾਲਾ: 09 ਜੁਲਾਈ, 2021
ਬੱਤੀ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 282ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਬੀਤੇ ਕੱਲ੍ਹ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਬੇਥਾਹ ਵਧੀਆਂ ਕੀਮਤਾਂ ਵਿਰੁੱਧ ਮਨਾਏ ਗਏ ‘ਮਹਿੰਗਾਈ ਵਿਰੋਧੀ ਦਿਵਸ’ ਨੂੰ ਮਿਲੇ ਲਾਮਿਸਾਲ ਹੁੰਗਾਰੇ ਕਾਰਨ ਅੰਦੋਲਨਕਾਰੀਆਂ ਦੇ ਹੌਂਸਲੇ ਬੁਲੰਦ ਹਨ। ਅਖਬਾਰੀ ਰਿਪੋਰਟਾਂ ਅਨੁਸਾਰ ਪੰਜਾਬ ਵਿੱਚ 2000 ਤੋਂ ਵੀ ਵੱਧ ਥਾਵਾਂ ‘ਤੇ ‘ਮਹਿੰਗਾਈ ਵਿਰੋਧੀ ਦਿਵਸ’ ਮਨਾਇਆ ਗਿਆ। ਸੰਯੁਕਤ ਕਿਸਾਨ ਮੋਰਚੇ ਦੇ ਹਰ ਸੱਦੇ ਨੂੰ ਲਾਮਿਸਾਲ ਹੁੰਗਾਰਾ ਮਿਲ ਰਿਹਾ ਹੈ ਜਿਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸਮਾਂ ਬੀਤਣ ਨਾਲ ਕਿਸਾਨ ਅੰਦੋਲਨ ਹੋਰ ਵਧੇਰੇ ਮਜਬੂਤ, ਸਥਿਰ, ਵਿਆਪਕ ਤੇ ਡੂੰਘਾ ਹੁੰਦਾ ਜਾ ਰਿਹਾ ਹੈ।ਬੀਤੇ ਕੱਲ੍ਹ ਦੇ ਪ੍ਰੋਗਰਾਮ ਦੀ ਸਫਲਤਾ ਲਈ ਆਗੂਆਂ ਨੇ ਧਰਨਾਕਾਰੀਆਂ ਨੂੰ ਮੁਬਾਰਕਵਾਦ ਦਿੱਤੀ ਅਤੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ।
ਅੱਜ ਦੇ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ,ਬਾਬੂ ਸਿੰਘ ਖੁੱਡੀ ਕਲਾਂ, ਬਲਵੰਤ ਸਿੰਘ ਠੀਕਰਾਵਾਲਾ, ਨੇਕਦਰਸ਼ਨ ਸਿੰਘ, ਅਮਰਜੀਤ ਕੌਰ,ਬਲਜੀਤ ਸਿੰਘ ਚੌਹਾਨਕੇ, ਮਨਜੀਤ ਕੌਰ ਖੁੱਡੀ ਕਲਾਂ ਤੇ ਧਰਮਪਾਲ ਕੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਟਿਊਬਵੈੱਲ ਮੋਟਰਾਂ ਦੀਆਂ ਤਾਰਾਂ ਚੋਰੀ ਹੋਣ ਦੀਆਂ ਘਟਨਾਵਾਂ ਵਿੱਚ ਬੇਥਾਹ ਵਾਧਾ ਹੋਇਆ ਹੈ। ਜਨਤਕ ਜਾਇਦਾਦ ਦੀ ਚੋਰੀ ਤੋਂ ਇਲਾਵਾ ਇਨ੍ਹਾਂ ਘਟਨਾਵਾਂ ਕਾਰਨ ਕਿਸਾਨਾਂ ਦਾ ਬਹੁਤ ਵੱਡਾ ਨਿੱਜੀ ਨੁਕਸਾਨ ਹੁੰਦਾ ਹੈ। ਲਗਾਤਾਰ ਕਈ ਦਿਨਾਂ ਲਈ ਬਿਜਲੀ ਸਪਲਾਈ ‘ਚ ਵਿਘਨ ਪੈ ਜਾਣ ਕਾਰਨ ਫਸਲ ਖਰਾਬ ਹੋ ਜਾਂਦੀ ਹੈ।
ਕਿਸਾਨ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਚੋਰੀ ਦੀਆਂ ਇਨ੍ਹਾਂ ਘਟਨਾਵਾਂ ਨੂੰ ਤੁਰੰਤ ਨੱਥ ਪਾਈ ਜਾਵੇ। ਧਨੌਲਾ ਪੁਲਿਸ ਨੇ ਚੋਰੀ ਲਈ ਜਿੰਮੇਵਾਰ ਕੁਝ ਸਮਾਜ ਵਿਰੋਧੀ ਅਨਸਰ ਹਿਰਾਸਤ ‘ਚ ਲਏ ਹਨ। ਕਿਸਾਨ ਆਗੂਆਂ ਨੇ ਚੋਰ-ਗਰੋਹ ਦੇ ਸਾਰੇ ਮੈਂਬਰਾਂ ਖਿਲਾਫ ਕੇਸ ਦਰਜ ਕਰਕੇ ਇਨ੍ਹਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।
ਅੱਜ ਨਰਿੰਦਰਪਾਲ ਸਿੰਗਲਾ, ਗੁਰਮੇਲ ਸਿੰਘ ਕਾਲੇਕਾ ਦੇ ਕਵੀਸ਼ਰੀ ਜਥੇ ਤੇ ਗੁਰਚਰਨ ਸਿੰਘ ਭੋਤਨਾ ਨੇ ਗੀਤ ਤੇ ਕਵਿਤਾਵਾਂ ਸੁਣਾਈਆਂ।