ਸਕੂਲ ਆਪਣੀ ਸੁਵਿਧਾ ਅਨੁਸਾਰ ਕਰਨਗੇ ਮਹੀਨੇ ਦੇ ਕਿਸੇ ਵੀ ਸ਼ਨੀਵਾਰ ਦੀ ਚੋਣ।
ਪਰਦੀਪ ਕਸਬਾ , ਬਰਨਾਲਾ, 9 ਜੁਲਾਈ 2021
ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਰੱਟੇ ਦੀ ਬਜਾਏ ਸਮਝ ਆਧਾਰਿਤ ਬਣਾਉਣ ਲਈ ਰੌਚਿਕ ਅਤੇ ਵਿਵਹਾਰਕ ਪਹੁੰਚ ਅਪਣਾਉਣ ਦੇ ਉਪਰਾਲਿਆਂ ਵਿੱਚ ਇਜਾਫਾ ਕਰਦਿਆਂ ਵਿਦਿਆਰਥੀਆਂ ਨੂੰ ਸਮਾਜਿਕ ਸਿੱਖਿਆ ਵਿਸ਼ਾ ਪੜਾਉਣ ਲਈ ਮਹੀਨੇ ਦੇ ਕਿਸੇ ਇੱਕ ਸ਼ਨੀਵਾਰ ਨੂੰ ” ਮਹਿਮਾਨ ਦਿਵਸ ” ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਸਮਾਜਿਕ ਸਿੱਖਿਆ ਵਿਸ਼ੇ ਵਿੱਚ ਬਹੁਤ ਸਾਰੇ ਪੱਖ ਜਿਵੇਂ ਇਤਿਹਾਸ, ਸੱਭਿਆਚਾਰ, ਪਿੰਡਾਂ ਦਾ ਰਹਿਣ-ਸਹਿਣ ਅਤੇ ਪਿੰਡ ਦਾ ਅਰਥਚਾਰਾ ਆਦਿ ਜੁੜੇ ਹੁੰਦੇ ਹਨ।ਵਿਦਿਆਰਥੀਆਂ ਨੂੰ ਇਸ ਵਿਸ਼ੇ ਦਾ ਵਿਵਹਾਰਿਕ ਗਿਆਨ ਦੇਣ ਲਈ ਸ਼ਨੀਵਾਰ ਨੂੰ ਸਰਕਾਰੀ ਸਕੂਲਾਂ ‘ਚ “ਮਹਿਮਾਨ ਦਿਵਸ “ਗਤੀਵਿਧੀ ਸ਼ੁਰੂ ਕੀਤੀ ਜਾ ਰਹੀ ਹੈ। ਚੰਦਰ ਸ਼ੇਖਰ ਸਟੇਟ ਰਿਸੋਰਸ ਪਰਸਨ ਨੇ ਕਿਹਾ ਕਿ ਇਸ ਗਤੀਵਿਧੀ ਦਾ ਵਿਸ਼ਾ ਹਰ ਮਹੀਨੇ ਵੱਖਰਾ-ਵੱਖਰਾ ਰੱਖਿਆ ਜਾਵੇਗਾ। ਸਮਾਜਿਕ ਵਿਗਿਆਨ ਵਿਸ਼ੇ ਵਿੱਚ ਮਹੀਨੇ ਦੌਰਾਨ ਪੜ੍ਹਾਏ ਗਏ ਪਾਠਾਂ ਦੇ ਆਧਾਰ ਤੇ ਇਹਨਾਂ ਸ਼ਖ਼ਸੀਅਤਾਂ ਨੂੰ ਸਕੂਲ ਵਿਜ਼ਿਟ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਹਰ ਮਹੀਨੇ ਦੀ ਸ਼ੁਰੂਆਤ ਵਿੱਚ ਉਸ ਮਹੀਨੇ ਸੰਬੰਧੀ ਸਲਾਈਡ ਨੂੰ ਮੁੱਖ ਦਫ਼ਤਰ ਵੱਲੋਂ ਸਕੂਲਾਂ ਨੂੰ ਭੇਜਿਆ ਜਾਵੇਗਾ
ਇਸ ਬਾਰੇ ਜਾਣਕਾਰੀ ਦਿੰਦਿਆਂ ਸਰਬਜੀਤ ਸਿੰਘ ਤੂਰ ਜਿਲਾ ਸਿੱਖਿਆ ਅਫਸਰ ਸੈਕੰਡਰੀ/ਐਲੀਮੈਂਟਰੀ ਅਤੇ ਹਰਕੰਵਲਜੀਤ ਕੌਰ ਉਪ ਜਿਲਾ ਸਿੱਖਿਆ ਅਫਸਰ ਸੈਕੰਡਰੀ ਨੇ ਦੱਸਿਆ ਕਿ ਵਿਭਾਗੀ ਹਦਾਇਤਾਂ ਅਨੁਸਾਰ ਜਿਲ੍ਹੇ ਦੇ ਸਮੂਹ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਛੇਵੀਂ ਜਮਾਤ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਸਮਾਜਿਕ ਵਿਗਿਆਨ ਵਿਸ਼ੇ ਵਿੱਚ ਰੁਚੀ ਵਧਾਉਣ ਲਈ ਮਹੀਨੇ ਦੇ ਕਿਸੇ ਵੀ ਸ਼ਨੀਵਾਰ ਨੂੰ ਸਕੂਲ ਪ੍ਰਿੰਸੀਪਲ/ਸਕੂਲ ਮੁਖੀ ਅਤੇ ਸਮਾਜਿਕ ਵਿਗਿਆਨ ਵਿਸ਼ੇ ਦੇ ਅਧਿਆਪਕ ਆਪਣੇ ਪਿੰਡ/ਸ਼ਹਿਰ ਦੀ ਕਿਸੇ ਖਾਸ ਸ਼ਖ਼ਸੀਅਤ ਜਿਵੇਂ ਪਿੰਡ ਦਾ ਕੋਈ ਬਜ਼ੁਰਗ, ਕੋਈ ਵਿਸ਼ਾ ਮਾਹਿਰ, ਕੋਈ ਰਿਟਾਇਰ ਅਧਿਕਾਰੀ ਜਾਂ ਅਧਿਆਪਕ, ਪਿੰਡ ਦੇ ਸਰਪੰਚ, ਐੱਸ.ਐੱਮ.ਸੀ. ਮੈਂਬਰ ਜਾਂ ਕੋਈ ਐੱਨ. ਆਰ.ਆਈ ਆਦਿ ਨੂੰ ਸਕੂਲ ਵਿਜ਼ਿਟ ਕਰਵਾਉਣਗੇ,ਤਾਂ ਕਿ ਵਿਦਿਆਰਥੀ ਇਹਨਾਂ ਸਖਸ਼ੀਅਤਾਂ ਦੇ ਨਿੱਜੀ ਤਜਰਬਿਆਂ ਤੋਂ ਗਿਆਨ ਗ੍ਰਹਿਣ ਕਰ ਸਕਣ। ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਮੌਜੂਦਾ ਕੋਰੋਨਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਸਕੂਲ ਮੁਖੀਆਂ ਵੱਲੋਂ ਇਹ ਗਤੀਵਿਧੀ ਕਿਸੇ ਵੀ ਪੀਰੀਅਡ ਵਿੱਚ ਆਨਲਾਈਨ ਜ਼ੂਮ ਐਪ ਰਾਹੀਂ ਕਰਵਾਈ ਜਾਵੇਗੀ।
ਅਮਨਿੰਦਰ ਸਿੰਘ ਜਿਲਾ ਮੈਂਟਰ ਸਮਾਜਿਕ ਸਿੱਖਿਆ ਅਤੇ ਅੰਗਰੇਜੀ ਨੇ ਦੱਸਿਆ ਕਿ ਇਸ ਸੰਬੰਧੀ ਜ਼ੂਮ ਮੀਟਿੰਗ ਦਾ ਲਿੰਕ ਸਕੂਲ ਪ੍ਰਿੰਸੀਪਲ/ਹੈੱਡ ਮਾਸਟਰ/ਸਕੂਲ ਮੁਖੀ ਦੇ ਸਹਿਯੋਗ ਨਾਲ ਸਮਾਜਿਕ ਸਿੱਖਿਆ ਵਿਸ਼ਾ ਪੜ੍ਹਾਉਂਦੇ ਆਧਿਆਪਕਾਂ ਵੱਲੋਂ ਵਿਦਿਆਰਥੀਆਂ ਅਤੇ ਆਉਣ ਵਾਲੀ ਮਹਿਮਾਨ ਸ਼ਖ਼ਸੀਅਤ ਨਾਲ ਸਾਂਝਾ ਕੀਤਾ ਜਾਵੇਗਾ। ਉਹਨਾਂ ਅੱਗੇ ਦੱਸਿਆ ਕਿ ਜੁਲਾਈ ਮਹੀਨੇ ਵਿੱਚ ਕਰਵਾਈ ਜਾਣ ਵਾਲੀ ਇਸ ਗਤੀਵਿਧੀ ਤਹਿਤ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਸਮੁਦਾਇ ਅਤੇ ਮਨੁੱਖੀ ਲੋੜਾਂ, ਲੋਕਤੰਤਰ ਅਤੇ ਸਮਾਨਤਾ, ਸੰਵਿਧਾਨ ਅਤੇ ਕਾਨੂੰਨ ਵਿਸ਼ਿਆਂ ਬਾਰੇ ਅਤੇ ਨੌਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਨੂੰ ਲੋਕਤੰਤਰ ਦੇ ਅਰਥ ਅਤੇ ਮਹੱਤਵ, ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।