ਸਟੈਨ ਸਵਾਮੀ ਜੀ ਦੀ ਸ਼ਹਾਦਤ ਨੂੰ ਸਮਰਪਿੱਤ ਅਤੇ ਸਵਾਮੀ ਜੀ ਦੀ ਮੌਤ ਲਈ ਜ਼ਿੰਮੇਵਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਗਿਰਫ਼ਤਾਰ ਕਰਵਾਉਣ ਲਈ ਮੁਜ਼ਾਹਰਾ
ਪਰਦੀਪ ਕਸਬਾ , ਜਗਰਾਉਂ, 7 ਜੁਲਾਈ 2021
ਜਲ ਜੰਗਲ ਜ਼ਮੀਨ, ਮਨੁੱਖੀ ਅਧਿਕਾਰਾਂ, ਅਤੇ ਹਾਸ਼ੀਏ ਤੇ ਧੱਕੇ ਦਲਿਤਾਂ ਆਦਿਵਾਸੀਆਂ ਦੇ ਹੱਕਾਂ ਲਈ ਬੁਲੰਦ ਅਵਾਜ਼ ਫਾਦਰ ਸਟੈਨ ਸਵਾਮੀ ਜੀ ਦੀ ਫਿਰਕੂ ਫਾਸੀ ਮੋਦੀ ਹਕੂਮਤ ਦੇ ਦਬਾਅ ਤਹਿਤ ਭਾਰਤੀ ਨਿਆਂ ਪ੍ਰਣਾਲੀ ਵੱਲੋਂ ਇਲਾਜ ਕਰਵਾਉਣ ਲਈ ਵੀ ਜ਼ਮਾਨਤ ਨਾ ਦੇਣ ਕਾਰਨ ਹੋਈ ਮੌਤ ਦੇ ਵਿਰੋਧ ਵਿੱਚ ਅੱਜ ਸੀ.ਪੀ.ਆਈ (ਮ.ਲ) ਨਿਊਡੈਂਮੋਕਰੇਸੀ, ਕਿਰਤੀ ਕਿਸਾਨ ਯੂਨੀਅਨ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਮੇਨ ਬੱਸ ਸਟੈਂਡ ਤੋਂ ਲੈਕੇ ਏ.ਡੀ.ਸੀ ਦਫ਼ਤਰ ਜਗਰਾਉਂ ਤੱਕ ਮੁਜ਼ਾਹਰਾ ਕਰਕੇ ਮੰਗ ਪੱਤਰ ਦਿੱਤਾ ਗਿਆ।9
ਇਕਤੱਰਤਾ ਨੂੰ ਸੰਬੋਧਨ ਕਰਦਿਆਂ ਤਿਰਲੋਚਨ ਸਿੰਘ ਝੋਰੜਾਂ, ਸਤਨਾਮ ਸਿੰਘ ਮੋਰਕ੍ਰੀਮਾਂ, ਜਸਦੇਵ ਸਿੰਘ ਲੱਲਤੋਂ, ਅਵਤਾਰ ਸਿੰਘ ਰਸੂਲਪੁਰ,ਮਨੋਹਰ ਸਿੰਘ ਗਿੱਲ ਆਦਿ ਨੇ ਕਿਹਾ ਕਿ ਈਸਾਈ ਧਰਮ ਨਾਲ ਜੁੜੇ ਫਾਦਰ ਸਟੈਨ ਸਵਾਮੀ ਜੀ ਲਗਭਗ ਪੰਜ ਦਹਾਕਿਆਂ ਤੋਂ ਦਲਿਤਾਂ ਆਦਿਵਾਸੀਆਂ ਦੇ ਹੱਕਾਂ ਲਈ ਦਿ੍ੜਤਾ ਅਤੇ ਦਲੇਰੀ ਨਾਲ ਆਵਾਜ਼ ਬੁਲੰਦ ਕਰਦੇ ਆ ਰਹੇ ਸਨ। ਉਨ੍ਹਾਂ ਜਲ ਜੰਗਲ ਜ਼ਮੀਨ ਦੀ ਰਾਖੀ ਲਈ ਆਦਿਵਾਸੀਆਂ ਨੂੰ ਜੱਥੇਬੰਦ ਕੀਤਾ। ਫਿਰਕੂ ਫਾਸੀ ਮੋਦੀ ਹਕੂਮਤ ਨੇ ਪਿਛਲੇ ਸਾਲ ਉਨ੍ਹਾਂ ਨੂੰ ਭੀਮਾਕੋਰੇਗਾਉਂ ਦੇ ਝੂਠੇ ਕੇਸ ਵਿੱਚ ਫਸਾ ਕੇ ਉਨ੍ਹਾਂ ਨੂੰ ਮੁਬੰਈ ਦੀ ਤਾਲੋਜਾ ਜੇਲ੍ਹ ਵਿੱਚ ਡੱਕ ਦਿੱਤਾ। ਬਜ਼ੁਰਗ ਉਮਰ ਦੀਆਂ ਸੱਮਸਿਆਵਾਂ ਅਤੇ ਕਰੋਨਾ ਪਾਜੇਟਿਵ ਆਉਣ ਕਾਰਨ ਉਨ੍ਹਾਂ ਨੇਂ ਜ਼ਮਾਨਤ ਦੀ ਅਰਜ਼ੀ ਦਿੱਤੀ ਪਰ ਵਿਚਾਰਾਂ ਦੇ ਵੱਖਰੇਵੇਂ ਤਹਿਤ ਉਨ੍ਹਾਂ ਨੂੰ ਇਲਾਜ ਲਈ ਵੀ ਜ਼ਮਾਨਤ ਨਹੀਂ ਮਿਲ ਸਕੀ।ਇਲਾਜ ਨਾ ਹੋਣ ਕਾਰਨ ਉਹ ਮੌਤ ਦੇ ਮੂੰਹ ਜਾ ਪਏ। ਉਕਤ ਆਗੂਆਂ ਨੇ ਕਿਹਾ ਕਿ ਸਟੈਨ ਸਵਾਮੀ ਜੀ ਦੀ ਹੱਤਿਅਾ ਕੀਤੀ ਗਈ ਹੈ ਜਿਸ ਲਈ ਜਿੱਥੇ ਮੋਦੀ ਅਮਿਤ ਸ਼ਾਹ ਜੋੜੀ ਸਿੱਧੀ ਜ਼ਿੰਮੇਵਾਰ ਹੈ ਉਥੇ ਮਹਾਰਾਸ਼ਟਰ ਸਰਕਾਰ ਅਤੇ ਨਿਆਂ ਪ੍ਰਣਾਲੀ ਵੀ ਭਾਗੀਦਾਰ ਹਨ। ਉਨ੍ਹਾਂ ਮੰਗ ਕੀਤੀ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਗਿਰਫ਼ਤਾਰ ਕੀਤਾ ਜਾਵੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਰੂਪ ਸਿੰਘ ਝੋਰੜਾਂ, ਸੁਖਦੇਵ ਸਿੰਘ ਮਾਣੂੰਕੇ, ਨਿਰਮਲ ਸਿੰਘ ਫੇਰੂਰਾਈ, ਹਰੀ ਸਿੰਘ ਚਚਰਾੜੀ ਬਲਵਿੰਦਰ ਸਿੰਘ ਕੋਠੇ ਪੋਨਾ, ਮਲਕੀਤ ਸਿੰਘ ਬੱਦੋਵਾਲ, ਸਾਧੂ ਸਿੰਘ ਅੱਚਰਵਾਲ, ਗੁਰਪ੍ਰੀਤ ਸਿੰਘ ਥਰੀਕੇ ਆਦਿ ਹਾਜ਼ਰ ਸਨ।