ਪਹਿਲਾਂ ਮਿਲਿਆ ਪਰਸ, ਫਿਰ ਸੀਸੀਟੀਵੀ ਕੈਮਰੇ ਤੋਂ ਲੱਭੀ ਪੁਲਿਸ ਨੇ ਸਨੈਚਰ ਦੀ ਪੈੜ
ਹਰਿੰਦਰ ਨਿੱਕਾ , ਬਰਨਾਲਾ 30 ਜੂਨ 2021
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਲੂਰ ਦੀ ਅਧਿਆਪਕਾ ਤੋਂ ਪਰਸ ਖੋਹ ਕੇ ਭੱਜਿਆ ਸਨੈਚਰ ਆਖਿਰ ਪੁਲਿਸ ਦੇ ਹੱਥੇ ਚੜ੍ਹ ਹੀ ਗਿਆ। ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਅੱਗੇ ਵੱਧਦੀ ਹੋਈ, ਦੋਸ਼ੀ ਤੱਕ ਪਹੁੰਚ ਗਈ। ਅਣਪਛਾਤੇ ਦੋਸ਼ੀ ਦੀ ਸ਼ਨਾਖਤ ਕਰਨ ਤੋਂ ਲੈ ਕੇ ਉਸ ਨੂੰ ਦਬੋਚ ਲੈਣ ਤੱਕ ਪੁਲਿਸ ਦੀਆਂ ਵੱਖ ਵੱਖ ਪਾਰਟੀਆਂ ਨੂੰ 5 ਦਿਨ ਸਖਤ ਮਸ਼ਕਤ ਕਰਨੀ ਪਈ। ਦੋਸ਼ੀ ਦੀ ਗਿਰਫਤਾਰੀ ਤੋਂ ਬਾਅਦ ਮੁਕਾਮੀ ਪੁਲਿਸ ਨੇ ਸੁੱਖ ਦਾ ਸਾਂਹ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 25 ਜੂਨ ਦੀ ਬਾਅਦ ਦੁਪਿਹਰ ਕਰੀਬ ਪੌਣੇ 2 ਕੁ ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਲੂਰ ਦੀ ਅਧਿਆਪਕਾ ਨੀਰਜਾ ਗੋਇਲ ਪਤਨੀ ਵਿਜੇ ਗੋਇਲ ਵਾਸੀ 22 ਏਕੜ ਬਰਨਾਲਾ ਆਟੋ ਤੇ ਆਪਣੇ ਘਰ ਜਾ ਰਹੀ ਸੀ। ਜਿਸਦਾ ਮੋਟਰਸਾਈਕਲ ਸਵਾਰ ਪਿੱਛਾ ਕਰ ਰਿਹਾ ਸੀ। ਜਦੋਂ ਉਹ ਆਟੋ ਤੋਂ ਉੱਤਰ ਕੇ ਆਪਣੇ ਘਰ ਅੰਦਰ ਦਾਖਿਲ ਹੋਣ ਲੱਗੀ ਤਾਂ ਮੋਟਰ ਸਾਈਕਲ ਸਵਾਰ ਅਣਪਛਾਤਾ ਨੌਜਵਾਨ ਨੀਰਜਾ ਗੋਇਲ ਦਾ ਪਰਸ ਖੋਹ ਕੇ ਫਰਾਰ ਹੋ ਗਿਆ। ਨੀਰਜਾ ਅਨੁਸਾਰ ਉਸ ਦੇ ਪਰਸ ਵਿੱਚ 5500 ਰੁਪਏ ਨਗਦ, ਕਰੀਬ 8 ਹਜ਼ਾਰ ਰੁਪਏ ਕੀਮਤ ਦਾ ਮੋਬਾਇਲ ਫੋਨ ਅਤੇ ਕੁੱਝ ਕਾਗਜ ਸਨ।
ਐਸ.ਐਸ.ਪੀ ਗੋਇਲ ਨੇ ਕਸੀ ਪੁਲਿਸ ਦੀ ਚੂੜੀ
ਸਨੈਚਿੰਗ ਦੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸ.ਐਸ.ਪੀ ਸ੍ਰੀ ਸੰਦੀਪ ਗੋਇਲ ਨੇ ਮੁਕਾਮੀ ਪੁਲਿਸ ਦੇ ਅਧਿਕਾਰੀਆਂ ਦੀ ਚੜੀ ਅਜਿਹੀ ਕਸੀ ਕਿ ਸ਼ਹਿਰ ਦੇ ਸਾਰੇ ਥਾਣਿਆਂ ਦੇ ਕਾਬਿਲ ਅਧਿਕਾਰੀਆਂ ਨੂੰ ਦੋਸ਼ੀ ਦੀ ਜਲਦੀ ਤੋਂ ਜਲਦੀ ਤਲਾਸ਼ ਕਰਨ ਲਈ ਸਖਤ ਹਿਦਾਇਤ ਦੇ ਦਿੱਤੀ। ਨੀਰਜਾ ਗੋਇਲ ਦੀ ਸ਼ਕਾਇਤ ਦੇ ਅਧਾਰ ਤੇ ਪੁਲਿਸ ਵੱਲੋਂ ਨਾਮਲੂਮ ਦੋਸ਼ੀ ਖਿਲਾਫ ਥਾਣਾ ਸਿਟੀ 1 ਬਰਨਾਲਾ ਵਿਖੇ ਮੁਕੱਦਮਾ ਨੰਬਰ 317 ਦਰਜ਼ ਕੀਤਾ ਗਿਆ । ਪੁਲਿਸ ਅਧਿਕਾਰੀਆਂ ਦੀਆਂ ਵੱਖ ਵੱਖ ਟੀਮਾਂ ਨੇ ਵਾਰਦਾਤ ਵਾਲੀ ਜਗ੍ਹਾ ਦੇ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਨੀ ਸ਼ੁਰੂ ਕਰ ਦਿੱਤੀ। ਫੁਟੇਜ ਤੋਂ ਮੋਟਰਸਾਈਕਲ ਦਾ ਨੰਬਰ ਟਰੇਸ ਹੋ ਗਿਆ। ਮੋਟਰਸਾਈਕਲ ਉੱਪਰ ਲਿਖੇ ”ਸਿੱਧੂ ” ਸ਼ਬਦ ਨੇ ਦੋਸ਼ੀ ਦੀ ਤਲਾਸ਼ ਕਰਨ ਲਈ ਪੁਲਿਸ ਦਾ ਕੰਮ ਹੋਰ ਅਸਾਨ ਕਰ ਦਿੱਤਾ। ਆਖਿਰ ਪੁਲਿਸ ਪੈੜ ਲੱਭ ਕੇ ਦੋਸ਼ੀ ਤੱਕ ਵੀ ਪਹੁੰਚ ਗਈ। ਬੇਸ਼ੱਕ ਕਿਸੇ ਵੀ ਪੁਲਿਸ ਅਧਿਕਾਰੀ ਨੇ ਦੋਸ਼ੀ ਦੀ ਗਿਰਫਤਾਰੀ ਦੀ ਪੁਸ਼ਟੀ ਨਹੀਂ ਕੀਤੀ, ਪਰੰਤੂ ਸੂਤਰਾਂ ਅਨੁਸਾਰ ਦੋਸ਼ੀ ਥਾਣਾ ਸਦਰ ਬਰਨਾਲਾ ਅਧੀਨ ਆਉਂਦੇ ਪਿੰਡ ਸੇਖਾ ਦਾ ਰਹਿਣ ਵਾਲਾ ਹੈ। ਪੁਲਿਸ ਅੱਜ ਬਾਅਦ ਦੁਪਿਹਰ ਜਾਂ ਸ਼ਾਮ ਤੱਕ ਦੋਸ਼ੀ ਬਾਰੇ ਮੀਡੀਆ ਕੋਲ ਖੁਲਾਸਾ ਕਰ ਦੇਵੇਗੀ।