ਦਾਣਾ ਮੰਡੀ ਬਰਨਾਲਾ ‘ਚੋਂ ਔਰਤ ਦਾ ਪਰਸ ਖੋਹ ਕੇ ਫਰਾਰ ਹੋਏ ਦੋਸ਼ੀਆਂ ,ਜਖਮੀ ਵੀ ਹੋਈ ਸੀ ਔਰਤ
ਹਰਿੰਦਰ ਨਿੱਕਾ , ਬਰਨਾਲਾ 30 ਜੂਨ 2021
ਕਰੀਬ ਇੱਕ ਮਹੀਨਾ ਪਹਿਲਾਂ ਦਾਣਾ ਮੰਡੀ ਬਰਨਾਲਾ ਵਿੱਚੋਂ ਸ਼ਹਿਰ ਦੀ ਇੱਕ ਔਰਤ ਦਾ ਪਰਸ ਖੋਹ ਕੇ ਭੱਜਣ ਵਾਲੇ ਦੋਸ਼ੀਆਂ ਦੀ ਤਲਾਸ਼ ਲਈ ਪੁਲਿਸ ਪੱਬਾਂ ਭਾਰ ਹੋਈ ਫਿਰਦੀ ਹੈ। ਪਰੰਤੂ ਸੀਸੀਟੀਵੀ ਕੈਮਰਿਆਂ ਤੋਂ ਮੋਟਰਸਾਈਕਲ ਸਵਾਰ 2 ਦੋਸ਼ੀਆਂ ਦੀ ਫੁਟੇਜ ਪ੍ਰਾਪਤ ਹੋ ਜਾਣ ਦੇ ਬਾਵਜੂਦ ਪੁਲਿਸ ਦੀਆਂ ਕੋਸ਼ਿਸ਼ਾਂ ਨੂੰ ਦੋਸ਼ੀਆਂ ਦੀ ਸ਼ਨਾਖਤ ਦਾ ਬੂਰ ਹਾਲੇ ਤੱਕ ਨਹੀਂ ਪਿਆ । ਹੁਣ ਦੋਸ਼ੀਆਂ ਦੀਆਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਮਿਲੀਆਂ ਫੋਟੋਆਂ ਹੁਣ ਵਾਇਰਲ ਵੀ ਹੋ ਗਈਆਂ ਹਨ । ਜਿਨ੍ਹਾਂ ਦੀ ਸ਼ਨਾਖਤ ਹੁਣ ਲੋਕ ਹੀ ਕਰਨਗੇ। ਦੋਸ਼ੀਆਂ ਦੀ ਫੁਟੇਜ ਵਿੱਚ ਮੋਟਰਸਾਈਕਲ ਤੇ ਜਾ ਰਹੇ ਦੋਵੇਂ ਦੋਸ਼ੀ ਪਹਿਲੀ ਨਜ਼ਰ ਵਿੱਚ ਪੇਂਡੂ ਪਿਛੋਕੜ ਦੇ ਦਿਖ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹਰਬੰਸ ਕੌਰ ਵਾਸੀ ਬਰਨਾਲਾ ਨਾਂ ਦੀ ਔਰਤ 29 ਮਈ 2021 ਨੂੰ ਦਾਣਾ ਮੰਡੀ ਬਰਨਾਲਾ ਵੱਲ ਜਾ ਰਹੀ ਸੀ। ਰਾਹ ਵਿੱਚ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਇੱਕ ਨੌਜਵਾਨ ਨੇ ਔਰਤ ਦੇ ਹੱਥ ਵਿੱਚ ਫੜ੍ਹਿਆ ਪਰਸ ਖੋਹਣ ਦੀ ਕੋਸ਼ਿਸ਼ ਕੀਤੀ। ਪਰੰਤੂ ਔਰਤ ਨੇ ਪਰਸ ਨਹੀਂ ਛੱਡਿਆ, ਪਰੰਤੂ ਉਹ ਸੜਕ ਤੇ ਡਿੱਗ ਕੇ ਜਖਮੀ ਜਰੂਰ ਹੋ ਗਈ। ਔਰਤ ਦੇ ਰੌਲਾ ਪਾਉਣ ਤੋਂ ਬਾਅਦ ਦੋਵੇਂ ਦੋਸ਼ੀ ਫੁਰਰ ਹੋ ਗਏ। ਪੁਲਿਸ ਪਾਰਟੀ ਮੌਕਾ ਵਾਰਦਾਤ ਤੇ ਵੀ ਪਹੁੰਚੀ । ਪੁਲਿਸ ਨੇ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਇਲਾਕੇ ਦੇ ਸੀਸੀਟੀਵੀ ਕੈਮਰੇ ਛਾਣ ਮਾਰੇ , ਆਖਿਰ ਦੋਸ਼ੀਆਂ ਦੀ ਸ਼ਨਾਖਤ ਲਈ ਕੈਮਰਿਆਂ ਦੀ ਫੁਟੇਜ ਲੱਭ ਹੀ ਗਈ। ਪੁਲਿਸ ਨੇ ਟੈਕਨੀਕਲ ਟੀਮ ਦੀ ਮੱਦਦ ਨਾਲ ਫੋਟੋਆਂ ਸ਼ਨਾਖਤ ਕਰਨ ਲਈ, ਉਨਾਂ ਦੀ ਸ਼ਨਾਖਤ ਦਾ ਰਾਹ ਪੱਧਰਾ ਕਰ ਹੀ ਲਿਆ। ਪੁਲਿਸ ਨੇ ਅਣਪਛਾਤੇ ਦੋਸ਼ੀਆਂ ਵਿਰੁੱਧ ਮੁਕੱਦਮਾਂ ਨੰਬਰ 261 ਅਧੀਨ ਜੁਰਮ 379 ਆਈਪੀਸੀ ਥਾਣਾ ਸਿਟੀ 1 ਬਰਨਾਲਾ ਵਿਖੇ ਦਰਜ ਵੀ ਕੀਤਾ ਹੋਇਆ ਹੈ। ਪਰੰਤੂ ਹਾਲੇ ਤੱਕ ਦੋਸ਼ੀ ਪੁਲਿਸ ਦੀ ਪਕੜ ਤੋਂ ਦੂਰ ਹੀ ਹਨ।