ਐਮ ਤਾਬਿਸ਼ , ਧਨੌਲਾ, 29 ਜੂਨ 2021
ਜਿਲ੍ਹੇ ਦੇ ਪਿੰਡ ਕਾਲੇਕੇ ਦੇ ਪ੍ਰਸਿੱਧ ਸੀਤਲਾ ਮਾਤਾ ਮੰਦਿਰ ਦਾ ਝਗੜਾ ਫਿਰ ਸੁਰਖੀਆਂ ਵਿੱਚ ਉਦੋਂ ਆਗਿਆ ,ਜਦੋਂ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਗਿਣਤੀ ਵਧਾਉਣ ਦੀ ਮੰਗ ਨੂੰ ਲੈ ਕਿ ਇੱਕ ਨੌਜਵਾਨ ਟਾਵਰ ਤੇ ਰੋਸ ਪ੍ਰਦਰਸ਼ਨ ਕਰਨ ਲਈ ਜਾ ਚੜਿਆ। ਟਾਵਰ ਤੇ ਨੌਜਵਾਨ ਦੇ ਚੜ੍ਹ ਜਾਣ ਦੀ ਸੂਚਨਾ ਮਿਲਦਿਆਂ ਹੀ ਥਾਣਾ ਧਨੌਲਾ ਦੀ ਪੁਲਿਸ ਪਾਰਟੀ ਵੀ ਮੌਕੇ ਤੇ ਪਹੁੰਚ ਗਈ। ਕਾਫੀ ਮਸ਼ਕਤ ਤੋਂ ਬਾਅਦ ਐਸ ਆਈ ਮਲਕੀਤ ਸਿੰਘ ਵੱਲੋਂ ਪਿੰਡ ਦੇ ਲੋਕਾਂ ਦੀ ਸਹਾਇਤਾ ਨਾਲ ਨੋਜਵਾਨ ਨੂੰ ਸਮਝਾ ਕੇ ਟਾਵਰ ਤੋਂ ਹੇਠਾਂ ਉਤਾਰ ਲਿਆ ਗਿਆ।
ਪ੍ਰਪਾਤ ਜਾਣਕਾਰੀ ਮੁਤਾਬਿਕ ਪਿੰਡ ਕਾਲੇਕੇ ਵਿਖੇ ਸਥਿਤ ਪ੍ਰਾਚੀਨ ਸੀਤਲਾ ਮਾਤਾ ਮੰਦਿਰ ਦਾ ਪ੍ਰਬੰਧ 11 ਮੈਂਬਰੀ ਕਮੇਟੀ ਸੰਭਾਲ ਰਹੀ ਹੈ। ਰੋਸ ਪ੍ਰਗਟ ਕਰ ਰਹੇ ਅਮਰ ਸਿੰਘ ਪੁੱਤਰ ਜਗਨ ਸਿੰਘ ਦੀ ਮੰਗ ਹੈ ਕਿ ਪ੍ਰਬੰਧਕ ਕਮੇਟੀ ਦੇ ਮੈਬਰਾਂ ਵਿੱਚ ਵਾਧਾ ਕੀਤਾ ਜਾਵੇ । ਹਰ ਅਗਵਾੜ ਵਿੱਚੋਂ ਮੈਬਰ ਲਏ ਜਾਣ, ਪਰੰਤੂ ਪ੍ਰਬੰਧਕਾਂ ਵੱਲੋਂ ਅਜਿਹਾ ਨਹੀਂ ਕੀਤਾ ਜਾ ਰਿਹਾ । ਅਮਰ ਸਿੰਘ ਨੇ ਦੋਸ ਲਾਇਆਂ ਕਿ ਕੁੱਝ ਵਿਆਕਤੀ ਮੰਦਰ ਦੇ ਚੜ੍ਹਾਵੇ ਨੂੰ ਕਥਿਤ ਤੌਰ ਸੰਨ੍ਹ ਲਾ ਰਹੇ ਹਨ । ਜਿਸ ਦੀ ਪੂਰੀ ਵੀਡੀਓ ਬਣਾਕੇ ਪ੍ਰਸਾਸਨ ਨੂੰ ਦਿੱਤੀ ਗਈ , ਪਰੰਤੂ ਜਿਲਾ ਪ੍ਰਸਾਸਨ ਨੇ ਕਾਰਵਾਈ ਲਈ ਕੁੱਝ ਨਹੀਂ ਕੀਤਾ । ਜਿਸ ਕਾਰਣ ਉਸਨੂੰ ਰੋਸ ਪ੍ਰਗਟ ਲਈ ਮਜਬੂਰ ਹੋ ਕੇ ਟਾਵਰ ਤੇ ਚੜਨਾ ਪਿਆ। ਇਸ ਘਟਨਾਕ੍ਰਮ ਤੋਂ ਬਾਅਦ ਪੁਲਿਸ ਪਾਰਟੀ ਸਾਰੇ ਤੱਥਾਂ ਦੀ ਜਾਂਚ ਕਰ ਰਹੀ ਹੈ।
ਇਸ ਮਾਮਲੇ ਸਬੰਧੀ ਗ੍ਰਾਮ ਪੰਚਾਇਤ ਕਾਲੇਕੇ ਦੇ ਸਰਪੰਚ ਸੁਖਦੇਵ ਰਾਮ ਨੇ ਦੱਸਿਆ ਕਿ ਉਕਤ ਨੋਜਵਾਨ ਮੰਦਰ ਤੇ ਕਬਜ਼ਾ ਕਰਨ ਦੀ ਮੰਸ਼ਾ ਨਾਲ ਅਜਿਹਾ ਕਰ ਰਿਹਾ ਹੈ। ਜਦੋਂ ਕਿ ਮੋਜੂਦਾ ਪੰਚਾਇਤ ਵੱਲੋਂ ਸਰਬਸੰਮਤੀ ਨਾਲ ਪਹਿਲਾਂ ਹੀ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੋਇਆ ਹੈ । ਜਿਸ ਦੀ ਦੇਖ ਰੇਖ ਹੇਠ ਸਾਰਾ ਪ੍ਰਬੰਧ ਸਹੀ ਤਰੀਕੇ ਨਾਲ ਚੱਲ ਰਿਹਾ ਹੈ । ਜਿਸ ਦੀ ਨਿਗਰਾਨੀ ਐਸ, ਡੀ,ਐਮ,ਬਰਨਾਲਾ ਅਤੇ ਤਹਿਸੀਲਦਾਰ ਧਨੌਲਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਪਿੰਡ ਦਾ ਮਾਹੌਲ ਖਰਾਬ ਹੁੰਦਾ ਹੈ, ਪ੍ਰਸਾਸਨ ਨੂੰ ਪਿੰਡ ਦਾ ਮਾਹੌਲ ਖਰਾਬ ਹੋਣ ਤੋਂ ਰੋਕਣ ਲਈ ਉਚਿਤ ਕਦਮ ਚੁੱਕਣੇ ਚਾਹੀਦੇ ਹਨ।