ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ 30 ਨੂੰ ਮੋਤੀ ਮਹਿਲ ਦਾ ਘਿਰਾਓ,
ਕਾਂਗਰਸ ਬਾਈਕਾਟ ਮੁਹਿੰਮ ਤੇਜ਼
ਹਰਪ੍ਰੀਤ ਕੌਰ ਬਬਲੀ , ਸੰਗਰੂਰ, 29 ਜੂਨ 2021
ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਸਥਾਨਕ ਕੋਠੀ ਅੱਗੇ 31 ਦਸੰਬਰ ਤੋਂ ਬੇਰੁਜ਼ਗਾਰ ਸਾਂਝਾ ਮੋਰਚਾ (ਟੈਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕ ਯੂਨੀਅਨ,ਆਲ ਪੰਜਾਬ 873 ਬੇਰੁਜ਼ਗਾਰ ਡੀ ਪੀ ਈ ਅਧਿਆਪਕ ਯੂਨੀਅਨ,ਬੇਰੁਜ਼ਗਾਰ 646 ਪੀ ਟੀਂ ਆਈ ਅਧਿਆਪਕ ਯੂਨੀਅਨ, ਆਰਟ ਐਂਡ ਕਰਾਫਟ ਅਧਿਆਪਕ ਯੂਨੀਅਨ ਅਤੇ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ ਯੂਨੀਅਨ ਪੁਰਸ਼) ਦੀ ਅਗਵਾਈ ਵਿਚ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰਾਂ ਨੇ ਜਿੱਥੇ ਆਉਂਦੀਆਂ ਚੋਣਾਂ ਵਿੱਚ ਕਾਂਗਰਸ ਉਮੀਦਵਾਰਾਂ ਦੇ ਬਾਈਕਾਟ ਦੀ ਮੁਹਿੰਮ ਤੇਜ਼ ਕੀਤੀ ਹੋਈ ਹੈ। ਉਥੇ ਮੁੜ 30 ਜੂਨ ਨੂੰ ਮੋਤੀ ਮਹਿਲ ਦਾ ਘਿਰਾਓ ਕਰਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।
ਇਸ ਸਬੰਧੀ ਸਥਾਨਕ ਪੱਕੇ ਮੋਰਚੇ ਉੱਤੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਖਵਿੰਦਰ ਸਿੰਘ ਢਿੱਲਵਾਂ,ਜਗਸੀਰ ਸਿੰਘ ਘੁਮਾਣ,ਕ੍ਰਿਸ਼ਨ ਸਿੰਘ ਨਾਭਾ ਅਤੇ ਹਰਜਿੰਦਰ ਸਿੰਘ ਝੁਨੀਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਬੇਰੁਜ਼ਗਾਰਾਂ ਨਾਲ ਵੋਟਾਂ ਸਮੇਂ ਕੀਤੇ ਵਾਅਦੇ ਘਰ-ਘਰ ਨੌਕਰੀ ਅਤੇ ਬੇਰੁਜ਼ਗਾਰੀ ਭੱਤਾ ਦੇਣ ਤੋਂ ਭੱਜ ਚੁੱਕੀ ਹੈ ਇਸ ਲਈ ਬੇਰੁਜ਼ਗਾਰਾਂ ਨੇ ਜਿਵੇਂ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ “ਰੁਜ਼ਗਾਰ ਨਹੀਂ ,ਵੋਟ ਨਹੀਂ ” ਮੁਹਿੰਮ ਸ਼ੁਰੂ ਕਰਕੇ ਕਾਂਗਰਸੀ ਉਮੀਦਵਾਰਾਂ ਨੂੰ ਸਵਾਲ ਪੁੱਛੇ ਸੀ, ਉਸੇ ਤਰਜ਼ ਉੱਤੇ ਹੁਣ ਬੇਰੁਜ਼ਗਾਰਾਂ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੇ ਗੇਟਾਂ ਉੱਤੇ ਕਾਂਗਰਸੀ ਉਮੀਦਵਾਰਾਂ ਲਈ “ਨੋ ਐਂਟਰੀ” ਦਰਸਾਉਂਦੇ ,ਸਵਾਲ ਕਰਦੇ ” ਦਿਓ ਜਵਾਬ,ਕੈਪਟਨ ਸਾਬ੍ਹ “ਵਾਲੇ ਫਲੈਕਸ ਲਗਾਉਣੇ ਸ਼ੁਰੂ ਕੀਤੇ ਹੋਏ ਹਨ । ਉਹਨਾਂ ਨੇ ਕਿਹਾ ਕਿ ਜਦੋਂ ਵੀ ਉੱਚ – ਯੋਗਤਾ ਪ੍ਰਾਪਤ ਬੇਰੁਜ਼ਗਾਰਾਂ ਨੇ ਪੰਜਾਬ ਸਰਕਾਰ ਨੂੰ ਰੁਜ਼ਗਾਰ ਸੰਬੰਧੀ ਵਾਅਦੇ ਨੂੰ ਯਾਦ ਕਰਵਾਉਣ ਦੇ ਲਈ ਸੰਘਰਸ਼ ਕੀਤਾ ਹੈ ਤਾਂ ਸਰਕਾਰ ਵੱਲੋਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਲਾਠੀਚਾਰਜ ਕੀਤਾ ਜਾਦਾਂ ਹੈ ਤੇ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਕਾਂਗਰਸ ਸਰਕਾਰ ਬੇਰੁਜ਼ਗਾਰ ਨਾਲ ਕੀਤੇ ਵਾਅਦੇ ਨੂੰ ਪੂਰਾ ਨਹੀਂ ਕਰਦੀ ਤਦ ਤਕ ਬੇਰੁਜ਼ਗਾਰ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਜਾਰੀ ਰੱਖਣਗੇ।
ਉਹਨਾਂ ਅੱਗੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਰੁਜ਼ਗਾਰ ਸੰਬੰਧੀ ਵਾਅਦਿਆਂ ਨੂੰ ਪੂਰਾ ਕਰਵਾਉਣ ਲਈ ਬੇਰੁਜ਼ਗਾਰਾਂ ਵੱਲੋਂ 30 ਜੂਨ ਨੂੰ ਪਟਿਆਲਾ ਵਿਖੇ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ। ਇਸ ਸਮੇਂ ਕੁਲਵੰਤ ਸਿੰਘ,ਸਸ਼ਪਾਲ ਸਿੰਘ,ਮਨਦੀਪ ਸਿੰਘ,ਗਗਨਦੀਪ ਕੌਰ,ਜੈਸਮੀਨ ਕੌਰ,ਮਨਜੀਤ ਕੌਰ,ਹਰਦੀਪ ਕੌਰ,ਪ੍ਰਿਤਪਾਲ ਕੌਰ ਆਦਿ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਵਿੱਚ ਬੇਰੁਜ਼ਗਾਰਾਂ ਦਾ ਕਰੀਬ 180 ਦਿਨਾਂ ਤੋਂ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਅੱਗੇ ਪੱਕਾ ਮੋਰਚਾ ਚੱਲ ਰਿਹਾ ਹੈ। ਅਨੇਕਾਂ ਵਾਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਲਈ ਪਟਿਆਲਾ ਦੇ ਮੋਤੀ ਮਹਿਲ ਅੱਗੇ ਪੁਲਿਸ ਦੀ ਲਾਠੀ ਦਾ ਸ਼ਿਕਾਰ ਹੋਣਾ ਪਿਆ ਹੈ।