ਸਮੱਸਿਆਵਾਂ ਦਾ ਹੱਲ ਨਾ ਹੋਣ ਦੀ ਸੂਰਤ ਵਿੱਚ ਸਿਵਲ ਹਸਪਤਾਲ ਬਰਨਾਲਾ ਦੀ ਰਾਖੀ ਲਈ ਸੰਘਰਸ਼ ਜਾਰੀ ਰੱਖਣ ਦਾ ਅਹਿਦ
ਪਰਦੀਪ ਕਸਬਾ , ਬਰਨਾਲਾ, 24 ਜੂਨ 2021
ਸਿਵਲ ਹਸਪਤਾਲ ਬਚਾਓ ਕਮੇਟੀ ਬਰਨਾਲਾ ਦੇ ਵਫਦ ਵੱਲੋਂ ਸਿਵਲ ਸਰਜਣ ਬਰਨਾਲਾ ਡਾ.ਜਸਬੀਰ ਸਿੰਘ ਅੋਲਖ ਨਾਲ ਉਨ੍ਹਾਂ ਨੂੰ ਦਿੱਤੇ ਗਏ ਮੰਗ ਪੱਤਰ ਉੱਤੇ ਪ੍ਰੇਮ ਕੁਮਾਰ ਸਕੱਤਰ ਦੀ ਅਗਵਾਈ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਮਰੀਜਾਂ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਵਿਸਥਾਰ ਵਿੱਚ ਵਿਚਾਰ ਚਰਚਾ ਕੀਤੀ ਗਈ। ਚਰਚਾ ਦੌਰਾਨ ਵਿਚਾਰੇ ਗਏ ਨੁਕਤਿਆਂ ਸਬੰਧੀ ਐਸ.ਅੇਮ.ਓ ਬਰਨਾਲਾ ਨੂੰ ਮੌਕੇ ਤੇ ਹੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਅਤੇ ਸਮੱਸਿਆਵਾਂ ਸਮਾਂ ਬੱਧ ਹੱੱਲ ਕਰਨ ਦਾ ਤਹਿ ਹੋਇਆ।ਸਿਵਲ ਸਰਜਨ ਵੱਲੋਂ ਵਿਸ਼ਵਾਸ਼ ਦਿਵਾਇਆ ਕਿ ਹਸਪਤਾਲ ਮਰੀਜਾਂ ਨੂੰ ਵਧੀਆਂ/ਮਿਆਰੀ ਸੇਵਾਵਾਂ ਦੇਣਾ ਉਨ੍ਹਾਂ ਦਾ ਫਰਜ ਹੈ ਅਤੇ ਅਜਿਹਾ ਕਰਨ ਲਈ ਵਚਨਬੱਧ ਹੈ। ਕਿਸੇ ਵੀ ਪੱਧਰ ਦੀ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਯਾਦ ਰਹੇ ਕਿ ਸਿਵਲ ਹਸਪਤਾਲ ਬਚਾਓ ਕਮੇਟੀ ਬਰਨਾਲਾ ਜਿਲ੍ਹੇ ਦੇ ਵਸਨੀਕਾਂ ਨੂੰ ਸਰਕਾਰੀ ਸਿਹਤ ਸਬੰਧੀ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਸਾਲਾਂ ਬੱਧੀ ਸਮੇਂ ਤੋਂ ਯਤਨਸ਼ੀਲ ਹੈ।
ਕੁੱਝ ਸਾਲ ਪਹਿਲਾਂ 2013 ਵਿੱਚ ਸਰਕਾਰ ਨੇ ਜੱਚਾ ਬੱਚਾ ਹਸਪਤਾਲ ਨੂੰ ਉਜਾੜਨ ਦੀ ਵਿਉਂਤ ਬਣਾਈ ਸੀ ਜਿਸ ਨੂੰ ਜਾਨ ਹੂਲਵੇਂ ਸੰਘਰਸ਼ ਰਾਹੀਂ ਇਸੇ ਥਾਂ ਬਹਾਲ ਕਰਵਾਇਆ ਸੀ । ਅੱਜ ਦੀ ਮੀਟਿੰਗ ਵਿੱਚ ਸ਼ਾਮਿਲ ਹਸਪਤਾਲ ਬਚਾਓ ਕਮੇਟੀ ਦੇ ਆਗੂਆਂ ਗੁਰਦੇਵ ਸਿੰਘ ਮਾਂਗੇਵਾਲ, ਗੁਰਦਰਸ਼ਨ ਸਿੰਘ ਦਿਉਲ , ਮੇਲਾ ਸਿੰਘ ਕੱਟੂ, ਗੁਰਮੀਤ ਸੁਖਪੁਰ, ਸੋਹਣ ਸਿੰਘ , ਰਮੇਸ਼ ਕੁਮਾਰ ਹਮਦਰਦ, ਗੁਰਜੰਟ ਸਿੰਘ, ਰਾਮ ਸਿੰਘ ਠੀਕਰੀਵਾਲ, ਕਮਲਦੀਪ ਸਿੰਘ,ਗੁਰਪ੍ਰੀਤ ਸਿੰਘ ਰੂੜੇਕੇ, ਡਾ ਰਜਿੰਦਰ ਪਾਲ, ਕਮਲਜੀਤ ਕੌਰ, ਹਰਜੀਤ ਸਿੰਘ, ਗੁਰਦੀਪ ਸਿੰਘ, ਜਗਜੀਤ ਸਿੰਘ, ਹਰਚਰਨ ਸਿੰਘ ਅਤੇ ਨਰਾਇਣ ਦੱਤ ਨੇ ਕਿਹਾ ਕਿ ਸਿਵਲ ਹਸਪਤਾਲ ਬਰਨਾਲਾ ਜੋ ਪੂਰੇ ਜਿਲ੍ਹੇ ਨੂੰ ਸਰਕਾਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲਾ ਇੱਕੋ ਇੱਕ ਹਸਪਤਾਲ ਹੈ।ਨਵਾਂ ਮਲਟੀ ਸੁਪਰਸਪੈਸ਼ਲਿਸਟੀ ਹਸਪਤਾਲ ਦੇ ਮਨਜੂਰ ਹੋਣ ਤੋਂ ਬਾਅਦ ਮੌਜੂਦਾ ਸਿਵਲ ਹਸਪਤਾਲ ਦੇ ਸਰੂਪ ਨੂੰ ਬਹਾਲ ਰੱਖਣ, ਜਿਲ੍ਹਾ ਹਸਪਤਾਲ ਵਜੋਂ ਇਸੇ ਹੀ ਥਾਂ ਤੇ ਅੱਪਗ੍ਰੇਡ ਕਰਨ, ਮਰੀਜਾਂ ਨੂੰ ਮਿਲਦੀਆਂ ਸਿਹਤ ਸਹੂਲਤਾਂ ਬਰਕਰਾਰ ਰੱਖਣ ਲਈ ਅਗਲੇ ਸੰਘਰਸ਼ ਦਾ ਐਲਾਨ ਕਰਦਿਆਂ ਆਗੂਆਂ ਨੇ ਸਿਵਲ ਹਸਪਤਾਲ ਬਰਨਾਲਾ ਦੀ ਰਾਖੀ ਕਰਨ ਦਾ ਅਹਿਦ ਕੀਤਾ ਸੰਘਰਸ਼ ਦੇ ਮੁੱਢਲੇ ਪੜਾਅ ਵਜੋਂ 6 ਜੁਲਾਈ ਨੂੰ ਸਵੇਰੇ 10 ਵਜੇ ਸਿਵਲ ਹਸਪਤਾਲ ਪਾਰਕ ਬਰਨਾਲਾ ਵਿੱਚ ਸਵੇਰੇ 10 ਵਜੇ ਇਨਕਲਾਬੀ ਜਮਹੂਰੀ ਜਨਤਕ ਇਨਸਾਫਪਸੰਦ ਸ਼ਹਿਰੀ ਸਮਾਜ ਸੇਵੀ ਸੰਸਥਾਵਾਂ ਦੀ ਵੱਡੀ /ਮਾਸ ਮੀਟਿੰਗ ਕੀਤੀ ਜਾਵੇ । ਇਸ ਸੰਘਰਸ਼ ਵਿੱਚ ਸਾਰੀਆਂ ਜਨਤਕ ਜਮਹੂਰੀ ਸਮਾਜ ਸੇਵੀ ਸ਼ਹਿਰੀ ਸੰਸਥਾਵਾਂ ਦਾ ਸਹਿਯੋਗ ਹਾਸਲ ਕੀਤਾ ਜਾਵੇਗਾ। ਕਮੇਟੀ ਆਗੂਆਂ ਨੇ ਸਮੂਹ ਇਨਸਾਫਪਸੰਦ ਜਨਤਕ ਜਮਹੂਰੀ ਜਥੇਬੰਦੀਆਂ, ਸਮਾਜ ਸੇਵੀ ਸ਼ਹਿਰੀ ਸੰਸਥਾਵਾਂ ਨੂੰ 6 ਜੁਲਾਈ ਨੂੰ ਸਵੇਰੇ 10 ਵਜੇ ਸਿਵਲ ਹਸਪਤਾਲ ਪਾਰਕ ਬਰਨਾਲਾ ਵਿਖੇ ਰੱਖੀ ਗਈ ਵੱਡੀ ਮਾਸ ਮੀਟਿੰਗ ਵਿੱਚ ਸਮੇਂ ਸਿਰ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।ਉਸ ਸਮੇਂ ਤੱਕ ਸ਼ਹਿਰ ਦੇ ਨੁਮਾਇੰਦਿਆਂ ਨਾਲ ਹਸਪਤਾਲ ਬਚਾਓ ਕਮੇਟੀ ਦੇ ਆਗੂ ਵਿਚਾਰ ਵਟਾਂਦਰਾ ਕਰਕੇ ਸ਼ਹਿਰ ਵਿੱਚੋਂ ਵੱਧ ਤੋਂ ਵੱਧ ਹਮਾਇਤ ਜੁਟਾਉਣਗੇ।