ਸਰਕਾਰੀ ਸਿਹਤ ਸੰਸਥਾਵਾਂ ਦੇ ਨਾਲ-ਨਾਲ ਪਿੰਡ ਤੇ ਮੁਹੱਲਾ ਪੱਧਰ ’ਤੇ ਟੀਕਾਕਰਨ ਕੈਂਪ ਜਾਰੀ-ਰਾਮਵੀਰ
ਹਰਪ੍ਰੀਤ ਕੌਰ ਬਬਲੀ , ਸੰਗਰੂਰ, 23 ਜੂਨ:2021
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ ਮਹਾਂਮਾਰੀ ਦੌਰਾਨ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਚਲਾਏ ਗਏ ਮਿਸ਼ਨ ਫਤਿਹ ਤਹਿਤ ਕੋਰੋਨਾਵਾਇਰਸ ਵਿਰੁੱਧ ਜਾਗਰੂਕਤਾ ਅਤੇ ਬਚਾਅ ਲਈ ਲਗਾਤਾਰ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ। ਲੋਕਾਂ ਦੀ ਸੁਰੱਖਿਆ ਲਈ ਚਲਾਈਆਂ ਜਾ ਰਹੀਆਂ ਇਨਾਂ ਗਤੀਵਿਧੀਆਂ ’ਚ ਕੋਵਿਡ ਵੈਕਸੀਨੇਸ਼ਨ ਕੈਂਪ ਅਹਿਮ ਭੂਮਿਕਾ ਨਿਭਾਅ ਰਹੇ ਹਨ ਅਤੇ ਹੁਣ ਤੱਕ ਸਿਹਤ ਵਿਭਾਗ ਵੱਲੋਂ ਜ਼ਿਲੇ ’ਚ 1,77,296 ਲੋਕਾਂ ਨੇ ਕੋਵਿਡ ਟੀਕਾਕਰਨ ਪਹਿਲੀ ਖੁਰਾਕ ਲਗਵਾ ਕੇ ਆਪਣੇ-ਆਪ ਨੂੰ ਕੋਵਿਡ ਮਹਾਂਮਾਰੀ ’ਚ ਸੁਰੱਖਿਆ ਕਵਚ ਅਪਣਾ ਲਿਆ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਲਗਾਏ ਗਏ ਟੀਕਾਕਰਨ ਕੈਂਪ ਦਾ ਦੌਰਾ ਕਰਨ ਮੌਕੇ ਕੀਤਾ। ਸ਼੍ਰੀ ਰਾਮਵੀਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹੁਣ ਤੱਕ 23,129 ਲੋਕਾਂ ਨੂੰ ਕੋਵਿਡ ਵੈਕਸੀਨ ਦੀ ਦੂਜੀ ਡੋਜ ਵੀ ਲਗਾ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੁਵਿਧਾ ਲਈ ਸਰਕਾਰੀ ਸਿਹਤ ਸੰਸਥਾਵਾਂ ਦੇ ਨਾਲ-ਨਾਲ ਪਿੰਡ ਤੇ ਮੁਹੱਲਾ ਪੱਧਰ ’ਤੇ ਪਹੁੰਚ ਕੇ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਕੋਰੋਨਾਵਾਇਰਸ ਦੇ ਪ੍ਰਕੋਪ ਤੋਂ ਸੁਰੱਖਿਅਤ ਰੱਖਿਆ ਜਾ ਸਕੇ। ਉਨਾਂ ਕਿਹਾ ਕਿ ਇਹ ਕੈਂਪ ਲਗਾਉਣ ਤੇ ਵੱਧ ਤੋਂ ਵੱਧ ਲੋਕਾਂ ਨੂੰ ਇਨਾਂ ਕੈਂਪਾਂ ਦਾ ਲਾਭ ਪਹੁੰਚਾਉਣ ਲਈ ਸਮਾਜਿਕ, ਧਾਰਮਿਕ ਤੇ ਹੋਰਨਾਂ ਸੰਸਥਾਵਾਂ ਦੀ ਮਦਦ ਵੀ ਲਈ ਜਾ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਟੀਚਾ ਹੈ ਕਿ ਹਰ ਵਿਅਕਤੀ ਨੂੰ ਕੋਵਿਡ ਵੈਕਸੀਨ ਦੀ ਡੋਜ਼ ਜਲਦ ਤੋਂ ਜਲਦ ਮੁਹੱਈਆ ਕਰਵਾਈ ਜਾ ਸਕੇ।
ਸ਼੍ਰੀ ਰਾਮਵੀਰ ਨੇ ਕਿਹਾ ਕਿ ਟੀਕਾਕਰਨ ਤੋਂ ਬਾਅਦ ਬੁਖ਼ਾਰ ਹੋਣਾ ਆਮ ਲੱਛਣ ਹੈ ਤੇ ਬੁਖ਼ਾਰ ਹੋਣ ’ਤੇ ਘਬਰਾਉਣਾ ਨਹੀਂ ਚਾਹੀਦਾ ਅਤੇ ਲੋੜ ਪੈਣ ’ਤੇ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਉਨਾਂ ਕਿਹਾ ਕਿ ਕੋਵਿਡ ਸਬੰਧੀ ਕੋਈ ਵੀ ਜਾਣਕਾਰੀ ਲੈਣ ਲਈ ਜਾਂ ਕਿਸੇ ਵੀ ਹੋਰ ਡਾਕਟਰੀ ਸਹਾਇਤਾ ਲਈ ਟੋਲ ਫਰੀ ਨੰਬਰ 104 ’ਤੇ ਕਾਲ ਕਰਨੀ ਚਾਹੀਦੀ ਹੈ ਜਿੱਥੇ ਤੁਹਾਡੀ ਸਿਹਤ ਸਬੰਧੀ ਹਰ ਗੱਲ ਦਾ ਜਵਾਬ ਦੇਣ ਲਈ 24 ਘੰਟੇ ਹਾਜ਼ਰ ਹਨ।
ਇਸ ਮੌਕੇ ਹੋਰਨਾ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ ਤੇ ਐਸ.ਡੀ.ਐਮ. ਸੰਗਰੂਰ ਯਸ਼ਪਾਲ ਸ਼ਰਮਾ ਵੀ ਹਾਜ਼ਰ ਸਨ।