ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮ ਨੇ ਦੋਸ਼ੀ ਨੂੰ ਦਿੱਤੀ ਕਲੀਨ ਚਿੱਟ, ਕਹਿੰਦੇ – ਜਾਹ ਲੈ ਜਾਹ ਗੱਡੀ
ਹਰਿੰਦਰ ਨਿੱਕਾ , ਬਰਨਾਲਾ 23 ਜੂਨ 2021
ਕਚਿਹਰੀ ਚੌਕ ਤੋਂ ਲੰਘਦੇ ਉਵਰਬ੍ਰਿਜ ਤੇ ਇੱਕ ਮੋਟਰਸਾਇਕਲ ਸਵਾਰ ਨੂੰ ਕੁਚਲ ਕੇ ਮੌਤ ਦੇ ਘਾਟ ਉਤਾਰ ਦੇਣ ਵਾਲੇ ਕਾਰ ਸਵਾਰ ਰਸੂਖਦਾਰ ਦੋਸ਼ੀ ਨੂੰ ਬਚਾਉਣ ਲਈ ਮੁਕਾਮੀ ਪੁਲਿਸ ਪੱਬਾਂ ਭਾਰ ਹੋਈ ਪਈ ਹੈ। ਹਾਦਸੇ ਨੂੰ ਅੰਜਾਮ ਦੇਣ ਵਾਲੀ ਵੈਂਟਰੋ ਕਾਰ ਅਤੇ ਕਾਰ ਚਾਲਕ ਦੀ ਪਹਿਚਾਣ ਹੋ ਜਾਣ ਦੇ ਬਾਵਜੂਦ ਵੀ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਦੇ ਖਿਲਾਫ ਕੇਸ ਦਰਜ਼ ਮਾਮਲੇ ਨੂੰ ਵੱਟੇ-ਖਾਤੇ ਪਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ। ਪਰੰਤੂ ਮੀਡੀਆ ਦੇ ਧਿਆਨ ‘ਚ ਆਉਣ ਤੋਂ ਬਾਅਦ ਪੁਲਿਸ ਨੇ ਹਾਦਸੇ ਲਈ ਜਿੰਮੇਵਾਰ ਕਾਰ ਥਾਣਾ ਸਿਟੀ 1 ਬਰਨਾਲਾ ਵਿਖੇ ਫੜ੍ਹਕੇ ਖੜ੍ਹਾ ਲਈ। ਪਰੰਤੂ ਖਬਰ ਲਿਖੇ ਜਾਣ ਤੱਕ ਕਾਰ ਬਰਾਮਦ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਨਾ ਕਾਰ ਤੇ ਨਾ ਹੀ ਦੋਸ਼ੀ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਹੈ। ਹਾਦਸੇ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਉਦਲ ਰਾਮ ਪੁੱਤਰ ਮੌੜ ਰਾਮ ਵਾਸੀ ਗਲੀ ਨੰ.6 ਪੱਤੀ ਰੋਡ ਬਰਨਾਲਾ ਨੇ ਦੱਸਿਆ ਕਿ ਉਸ ਦਾ ਭਤੀਜਾ ਅਮਨ ਪੁੱਤਰ ਮੁਲਖ ਰਾਮ ਵਾਸੀ ਗੁਰੂ ਨਾਨਕ ਕਲੋਨੀ ਗਲੀ ਨੰ.1 ਬਠਿੰਡਾ ,ਮੇਰੇ ਘਰ ਮਿਲਣ ਲਈ ਆਇਆ ਹੋਇਆ ਸੀੇ। ਉਹ ਮੋਟਰਸਾਇਕਲ ਨੰਬਰ PB-03 Ak 3785 ਤੇ ਸਵਾਰ ਹੋ ਕੇ ਜਾ ਰਿਹਾ ਸੀੇ। ਜਦੋਂ ਉਹ ਕਚਹਿਰੀ ਚੌਕ ਬਰਨਾਲਾ ਵਾਲੇ ਓਵਰਬ੍ਰਿਜ ਤੋਂ ਲੰਘ ਰਿਹਾ ਸੀ ਤਾਂ ਅਚਾਨਕ ਹੀ ਬਹੁਤ ਤੇਜ਼ ਰਫਤਾਰ ਵੈਂਨਟੋ ਕਾਰ ਦੇ ਡਰਾਇਵਰ ਨੇ ਬੜੀ ਲਾਪਰਵਾਹੀ ਨਾਲ ਮੋਟਰਸਾਈਕਲ ਨੂੰ ਲਪੇਟ ਵਿੱਚ ਲੈ ਲਿਆ। ਹਾਦਸਾ ਇੱਨ੍ਹਾਂ ਭਿਆਨਕ ਸੀ ਕਿ ਮੌਕੇ ਤੇ ਹੀ ਅਮਨ ਦੀ ਮੌਤ ਹੋ ਗਈੇ। ਵੈਂਨਟੋ ਕਾਰ ਦਾ ਡਰਾਇਵਰ ਉੱਥੇ ਥੋੜ੍ਹੀ ਦੇਰ ਰੁਕਿਆ, ਪਰੰਤੂ ਹਾਦਸੇ ਵਾਲੀ ਥਾਂ ਤੇ ਪਹੁੰਚੇ ਇੱਕ ਪੁਲਿਸ ਕਰਮਚਾਰੀ ਨੇ ਕਾਰ ਚਲਾ ਰਹੇ ਵਿਅਕਤੀ ਨੂੰ ਉੱਥੋਂ ਭੇਜ ਦਿੱਤਾ। ਬਾਅਦ ਵਿੱਚ ਉਸ ਨੂੰ ਹਾਦਸੇ ਮੌਕੇ ਮੌਜੂਦ ਲੋਕਾਂ ਨੇ ਦੱਸਿਆ ਕਿ ਪੁਲਿਸ ਕਰਮਚਾਰੀ ਦਾ ਨਾਮ ਗੁਰਪ੍ਰੀਤ ਸਿੰਘ ਸੀ। ਉਦਲ ਰਾਮ ਨੇ ਕਿਹਾ ਕਿ ਉਸ ਨੇ ਕਾਰ ਦਾ ਨੰਬਰ ਵੀ ਮੌਕੇ ਤੇ ਪਹੁੰਚੀ ਪੁਲਿਸ ਨੂੰ ਦੱਸਿਆ। ਪਰੰਤੂ ਪੁਲਿਸ ਵਾਲਿਆਂ ਨੇ ਕਾਰ ਅਤੇ ਦੋਸ਼ੀ ਦਾ ਨਾਮ ਪਤਾ ਲੱਗ ਜਾਣ ਤੋਂ ਬਾਅਦ ਵੀ ,ਅਣਪਛਾਤੇ ਕਾਰ ਡਰਾਇਵਰ ਦੇ ਖਿਲਾਫ ਹੀ ਕੇਸ ਦਰਜ਼ ਕੀਤਾ। ਉਦਲ ਰਾਮ ਨੇ ਦੱਸਿਆ ਕਿ ਅੱਜ ਉਸ ਨੇ ਦੁਰਘਟਨਾ ਨੂੰ ਅੰਜਾਮ ਦੇਣ ਵਾਲੀ ਕਾਰ ਖੁਦ ਥਾਣੇ ਵਿੱਚ ਖੜ੍ਹੀ ਦੇਖੀ ਹੈ, ਜਿਸ ਵਿੱਚ ਮ੍ਰਿਤਕ ਦੇ ਸਿਰ ਦੇ ਵਾਲ ਵੀ ਫਸੇ ਪਏ ਹਨ ਅਤੇ ਹਾਦਸੇ ਕਾਰਣ ਕਾਰ ਦਾ ਅਗਲਾ ਹਿੱਸਾ ਟੁੱਟਿਆ ਵੀ ਪਿਆ ਹੈ।
ਟਰਾਂਸਪੋਰਟ ਵਿਭਾਗ ਦਾ ਕਰਮਚਾਰੀ ਐ ਦੋਸ਼ੀ ਕਾਰ ਚਾਲਕ !
ਉਦਲ ਰਾਮ ਅਤੇ ਹਾਦਸੇ ਮੌਕੇ ਮੌਜੂਦ ਲੋਕਾਂ ਨੇ ਦੱਸਿਆ ਕਿ ਵੈਂਨਟੋ ਕਾਰ ਦਾ ਚਾਲਕ ਬਰਨਾਲਾ ਦੇ ਡੀਟੀਉ ਦਫਤਰ ਵਿੱਚ ਲੱਗਿਆ ਹੋਇਆ ਇੱਕ ਮੁਲਾਜ਼ਮ ਹੈ। ਜਿਸ ਦਾ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਵਿੱਚ ਕਾਫੀ ਦਬਦਬਾ ਬਣਿਆ ਹੋਇਆ ਹੈ। ਉਦਲ ਰਾਮ ਨੇ ਦੱਸਿਆ ਕਿ ਮ੍ਰਿਤਕ ਅਮਨ ,ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਬੇਹੱਦ ਗਰੀਬ ਪਰਿਵਾਰ ਨਾਲ ਸਬੰਧਿਤ ਹੈ, ਜਦੋਂ ਕਿ ਦੋਸ਼ੀ ਰਸੂਖਦਾਰ ਹੈ। ਉਸ ਨੇ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਨੂੰ ਗੁਹਾਰ ਲਗਾਈ ਕਿ ਦੋਸ਼ੀ ਕਾਰ ਚਾਲਕ ਨੂੰ ਕੇਸ ਵਿੱਚ ਨਾਮਜਦ ਕਰਕੇ, ਗਰੀਬ ਬੱਚੇ ਦੇ ਪਰਿਵਾਰ ਨੂੰ ਇਨਸਾਫ ਬਖਸ਼ਿਆ ਜਾਵੇ। ਉੱਧਰ ਮਾਮਲੇ ਦੇ ਤਫਤੀਸ਼ ਅਧਿਕਾਰੀ ਏਐਸਆਈ ਸਤਵਿੰਦਰ ਪਾਲ ਸਿੰਘ ਨੇ ਪੁਸ਼ਟੀ ਕੀਤੀ ਕਿ ਹਾਦਸੇ ਲਈ ਜਿੰਮੇਵਾਰ ਅਣਪਛਾਤੇ ਕਾਰ ਚਾਲਕ ਦੇ ਖਿਲਾਫ ਕੇਸ ਦਰਜ਼ ਕਰ ਦਿੱਤਾ ਗਿਆ ਹੈ। ਦੋਸ਼ੀ ਅਤੇ ਉਸਦੀ ਕਾਰ ਦੀ ਸ਼ਨਾਖਤ ਅਤੇ ਜਾਂਚ ਜਾਰੀ ਹੈੇ। ਹਾਦਸੇ ਦੇ ਦੋਸ਼ੀ ਦੀ ਪਹਿਚਾਣ ਹੁੰਦਿਆਂ ਹੀ ਕਾਰ ਅਤੇ ਕਾਰ ਡਰਾਇਵਰ ਨੂੰ ਕੇਸ ਵਿੱਚ ਨਾਮਜ਼ਦ ਕਰ ਦਿੱਤਾ ਜਾਵੇਗਾ। ਉਨਾਂ ਦੋਸ਼ੀ ਦੀ ਕਾਰ ਥਾਣੇ ਵਿੱਚ ਖੜ੍ਹੀ ਹੋਣ ਬਾਰੇ ਪੁੱਛੇ ਜਾਣ ਤੇ ਕੋਈ ਠੋਸ ਜਵਾਬ ਨਹੀਂ ਦਿੱਤਾ।