ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪਿੰਡ ਪੱਧਰ ਤੇ ਟੀਕਾ ਲਗਵਾਉਣ ਸਬੰਧੀ ਸ਼ਡਿਊਲ ਜਾਰੀ
ਟੀਕਾਕਰਨ ਨੂੰ ਲੈ ਕੇ ਲੋਕਾਂ ਨੂੰ ਕੀਤਾ ਜਾ ਰਿਹੈ ਜਾਗਰੂਕ
ਪਰਦੀਪ ਕਸਬਾ , ਬਰਨਾਲਾ, 23 ਜੂਨ 2021
ਕੋਰੋਨਾ ਮਹਾਂਮਾਰੀ ਖਿਲਾਫ਼ ਲੜਦਿਆਂ ਕੋਵਿਡ ਟੀਕਾਕਰਨ ਸਭ ਤੋਂ ਅਹਿਮ ਰੋਲ ਅਦਾ ਕਰ ਰਿਹਾ ਹੈ। ਸਰਕਾਰ ਵੱਲੋਂ ਹੁਣ 18 ਸਾਲ ਤੋਂ ਵੱਧ ਉਮਰ ਦੇ ਹਰ ਇੱਕ ਵਿਅਕਤੀ ਨੂੰ ਕੋਰੋਨਾ ਵੈਕਸ਼ੀਨ ਦਿੱਤੇ ਜਾਣ ਦੇ ਆਦੇਸ਼ ਹੋਏ ਹਨ। ਇਸ ਤਹਿਤ ਸਰਕਾਰ ਵੱਲੋਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਵਿੱਚ ਪਿੰਡ ਪੱਧਰ ਤੇ ਲੜੀਵਾਰ ਕੋਰੋਨਾ ਵੈਕਸ਼ੀਨ ਲਗਾਈ ਜਾ ਰਹੀ ਹੈ। ਜਿਸ ਦਾ ਸਿਲਸਿਲਾ 25 ਜੂਨ ਤੋਂ ਸ਼ੁਰੂ ਕੀਤਾ ਜਾਵੇਗਾ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਕੋਵਿਡ ਟੀਕਾਕਰਨ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਕੀਤਾ ਜਾਵੇਗਾ। ਇਹ ਟੀਕਾਕਰਨ ਸਾਰੇ ਹੀ ਸਿਹਤ ਕੇਂਦਰ ਜਿਵੇਂ ਕਿ ਸੀ.ਐਚ.ਸੀ, ਪੀ.ਐਚ.ਸੀ ਅਤੇ ਐਸ.ਐਚ.ਸੀ ਕੇਂਦਰਾਂ ਤੇ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਹਰ ਇੱਕ ਪਿੰਡ ਵਿੱਚ ਪੰਚਾਇਤ ਘਰ, ਸਰਕਾਰੀ ਸਕੂਲਾਂ ਅਤੇ ਗੁਰਦੁਆਰਾ ਸਾਹਿਬ ਵਿੱਚ ਵੈਕਸੀਨੇਸ਼ਨ ਕੈਂਪ ਲਗਵਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਹੀ ਵੈਕਸੀਨੇਸ਼ਨ ਦੀ ਸੁਵਿਧਾ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਵੱਧ ਤੋਂ ਵੱਧ ਲੋਕਾਂ ਨੂੰ ਕੋਵਿਡ ਟੀਕਾਕਰਨ ਕਰਾਉਣ ਲਈ ਪ੍ਰੇਰਦਿਆਂ ਕਿਹਾ ਕਿ ਹਰ ਇੱਕ ਯੋਗ ਵਿਅਕਤੀ ਆਪਣਾ ਟੀਕਾਕਰਨ ਜ਼ਰੂਰ ਕਰਵਾਏ ਤਾਂ ਜੋ ਇਸ ਮਹਾਂਮਾਰੀ ਦੇ ਪ੍ਰਭਾਵ ਤੋਂ ਬਚਿਆ ਜਾ ਸਕੇ। ਨਾਲ ਹੀ ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਟੀਕਾਕਰਨ ਕਰਵਾਉਣ ਤੋਂ ਬਾਅਦ ਵੀ ਕੋਵਿਡ ਉਚਿਤ ਵਿਵਹਾਰ ਦਾ ਪਾਲਣ ਕੀਤਾ ਜਾਵੇ। ਮਾਸਿਕ ਪਹਿਨਣਾ, ਵਾਰ-ਵਾਰ ਹੱਥ ਧੋਣੇ, ਸੈਨੇਟਾਈਜ਼ਰ ਦੀ ਵਰਤੋਂ ਕਰਨਾ ਅਤੇ 2 ਗਜ਼ ਦੀ ਦੂਰੀ ਬਣਾ ਕੇ ਰੱਖਣਾ ਉਨ੍ਹਾਂ ਲੋਕਾਂ ਲਈ ਵੀ ਜ਼ਰੂਰੀ ਹੈ ਜਿਨ੍ਹਾਂ ਨੇ ਟੀਕਾਕਰਨ ਕਰਵਾ ਲਿਆ ਹੈ।
ਉਨ੍ਹਾਂ ਕਿਹਾ ਕਿ ਕੋਵਿਡ ਟੀਕਾਕਰਨ ਦੀ ਸ਼ਡਿਊਲ ਸਬੰਧੀ ਜਾਣਕਾਰੀ ਲੈਣ ਲਈ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਦੇ ਫੇਸ ਬੁੱਕ ਪੇਜ਼ ਤੋਂ https://www.facebook.com/BarnalaDPRO/ ਜਾਣਕਾਰੀ ਲਈ ਜਾ ਸਕਦੀ ਹੈ।
ਇਸ ਤੋਂ ਇਲਾਵਾ ਸਿਹਤ ਵਿਭਾਗ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਪਿੰਡ ਪੱਧਰ ਤੇ ਕੋਵਿਡ ਟੀਕਾਕਰਨ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਵੀ ਕੰਮ ਕੀਤਾ ਜਾ ਰਿਹਾ ਹੈ। ਅੱਜ ਸਿਹਤ ਵਿਭਾਗ ਦੇ ਮਾਸ ਮੀਡੀਆ ਅਫ਼ਸਰ ਸ਼੍ਰੀ ਕੁਲਦੀਪ ਸਿੰਘ ਵੱਲੋਂ ਟੀਕਾਕਰਨ ਸਬੰਧੀ ਜਾਗਰੂਕਤਾ ਫੈਲਾਈ ਗਈ। ਉਨ੍ਹਾਂ ਨੇ ਬਾਜ਼ੀਗਰ ਬਸਤੀ ਬਰਨਾਲਾ, ਪਿੰਡ ਚੀਮਾ, ਪੱਖੋ ਕੈਂਚੀਆਂ, ਉਗੋਕੇ, ਢਿੱਲਵਾਂ, ਦਰਾਜ, ਤਪਾ, ਦਰਾਕਾ ਆਦਿ ਇਲਾਕਿਆਂ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਇਸ ਸਬੰਧੀ ਪਰਚੇ ਵੀ ਵੰਡੇ।
ਪਿੰਡ ਦਰਾਜ ਵਿਖੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਕੁਲਦੀਪ ਸਿੰਘ ਨੇ ਕਿਹਾ ਕਿ ਕੋਰੋਨਾ ਟੀਕਾਕਰਨ ਸਬੰਧੀ ਅਫ਼ਵਾਹਾਂ ਤੋਂ ਬਚਿਆ ਜਾਵੇ ਅਤੇ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਕਰਵਾਇਆ ਜਾਵੇ ਤਾਂ ਜੋ ਅਸੀਂ ਸਾਰੇ ਸੁਰੱਖਿਅਤ ਹੋ ਸਕੀਏ।