ਅਖਿਰ ਚੋਣਾਂ ਮੌਕੇ ਜਾਗੇ ਹਲਕਾ ਇੰਚਾਰਜ ਬੀਬੀ ਘਨੌਰੀ
ਪਿੰਡਾਂ ਨੂੰ ਜੋੜਦੇ ਰਸਤੇ ਅਜੇ ਵੀ ਕੱਚੇ
ਗੁਰਸੇਵਕ ਸਿੰਘ ਸਹੋਤਾ , ਮਹਿਲ ਕਲਾਂ 21 ਜੂਨ 2021
ਜਿੱਤ ਕੇ ਅਗਲੇ ਸਾਢੇ ਚਾਰ ਸਾਲ ਲੋਕ ਮਸਲਿਆਂ ’ਤੇ ਸੁੱਤੇ ਰਹਿਣ ਵਾਲੇ ਸਿਆਸੀ ਨੁਮਾਇੰਦੇ ਆਖਰ ਚੋਣਾਂ ਆਉਂਦਿਆਂ ਜਾਗ ਹੀ ਉੱਠਦੇ ਹਨ ਤੇ ਫ਼ਿਰ ਵੱਖ ਵੱਖ ਵਿਭਾਗਾਂ ਅੱਗੇ ਵੋਟਰਾਂ ਦੀਆਂ ਉਹੀ ਪੁਰਾਣੀਆਂ ਮੰਗਾਂ ਧਰ ਛੱਡਦੇ ਹਨ ਤਾਂ ਜੋ ਚੋਣਾਂ ਮੌਕੇ ਸਟੇਜਾਂ ਤੋਂ ਮੰਗਾਂ ਦੀ ਪੂਰਤੀ ਲਈ ਕੀਤੇ ਗਏ ਸਿਰਤੋੜ ਯਤਨਾਂ ਦਾ ਰਾਗ ਅਲਾਪਿਆ ਜਾ ਸਕੇ।
ਅਜਿਹਾ ਹੀ ਕੁੱਝ ਅੱਜ ਕੱਲ ਮੁੜ ਦੇਖਣ ਨੂੰ ਮਿਲ ਰਿਹਾ ਹੈ ਹਲਕਾ ਮਹਿਲ ਕਲਾਂ ’ਚ ਜਿੱਥੇ ਪਿਛਲੇ ਤਕਰੀਬਨ ਸਾਢੇ ਚਾਰ ਸਾਲ ਲੋਕ ਮਸਲਿਆਂ/ ਮੰਗਾਂ ਤੋਂ ਇਲਾਵਾ ਵਿਕਾਸ ਕਾਰਜ਼ ਕਰਵਾਉਣ ’ਤੇ ਪਾਸਾ ਵੱਟੀ ਰੱਖਣ ਵਾਲੇ ਸੱਤਾਧਾਰੀ ਪਾਰਟੀ ਦੀ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਨੇ ਵੱਖ ਵੱਖ ਵਿਭਾਗਾਂ ਨੂੰ ਹਲਕੇ ਦੇ ਵੱਖ ਵੱਖ ਕਾਰਜ਼ਾਂ ਨੂੰ ਪੂਰਾ ਕਰਵਾਉਣ ਬਾਰੇ ਲਿਖਿਆ ਹੈ। ਇਸ ਪ੍ਰਤੀਨਿਧ ਨੂੰ ਵਿਧਾਇਕਾ ਘਨੌਰੀ ਵੱਲੋਂ ਭੇਜਿਆ ਪੱਤਰ ਮਿਲਿਆ ਜੋ 13 ਮਈ 2021 ਨੂੰ ਭੇਜਿਆ ਗਿਆ ਇਹ ਪੱਤਰ ਮਾਲ ਤੇ ਮੁੜ ਵਸੇਬਾ ਵਿਭਾਗ ਪੰਜਾਬ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ, ਸਹਿਕਾਰਤਾ ਵਿਭਾਗ, ਸਥਾਨਕ ਸਰਕਾਰ ਵਿਭਾਗ, ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ ਨੂੰ ਲਿਖਿਆ ਗਿਆ ਹੈ।
ਜਿਸ ਵਿੱਚ ਉਨਾਂ ਹਲਕੇ ਦੇ ਵੋਟਰਾਂ ਵੱਲੋਂ ਚੋਣਾਂ ਮੌਕੇ ਉਠਾਏ ਗਏ ਵਿਕਾਸ ਦੇ ਕੰਮਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ ਹੈ। ਜਿਕਰਯੋਗ ਹੈ ਕਿ ਪੱਤਰ ’ਚ ਲਿਖੀਆਂ ਮੰਗਾਂ ਲੰਮੇ ਸਮੇਂ ਤੋਂ ਹਲਕੇ ਦੇ ਲੋਕਾਂ ਵੱਲੋਂ ਸਮੇਂ ਸਮੇਂ ’ਤੇ ਸੱਤਾਧਾਰੀ ਧਿਰ ਦੇ ਹਾਕਮਾਂ ਤੇ ਚੌਣਾਂ ਮੌਕੇ ਵੋਟਾਂ ਮੰਗਣ ਪੁੱਜੇ ਉਮੀਦਵਾਰਾਂ ਕੋਲ ਪ੍ਰਮੁੱਖਤਾ ਨਾਲ ਉਠਾਈਆਂ ਗਈਆਂ ਪ੍ਰੰਤੂ ਕਿਸੇ ਵੀ ਸਿਆਸੀ ਨੁਮਾਇੰਦੇ ਨੇ ਇੰਨਾਂ ਲੋਕ ਮੰਗਾਂ/ਮਸਲਿਆਂ ’ਤੇ ਸੰਜੀਦਗੀ ਨਹੀ ਦਿਖਾਈ। ਜਿਸ ਨੂੰ ਲੈ ਕੇ ਸਮੂਹ ਵੋਟਰਾਂ ’ਚ ਨਿਰਾਸਾ ਪਾਈ ਜਾ ਰਹੀ ਹੈ। ਮੁੱਖ ਮੰਗਾਂ ’ਚ ਆਉਂਦੀ ਮੰਗ ਤਹਿਤ ਹਲਕਾ ਮਹਿਲ ਕਲਾਂ ’ਚ ਕੋਈ ਵੀ ਸਰਕਾਰੀ ਉੱਚ ਵਿੱਦਿਅਕ ਸੰਸਥਾ ਤੇ ਅਧੁਨਿਕ ਸਹੂਲਤਾਂ ਨਾਲ ਲੈੱਸ ਖੇਡ ਸਟੇਡੀਅਮ ਨਾ ਕਾਰਨ ਇਲਾਕੇ ਦੇ ਬੱਚਿਆਂ ਨੂੰ ਆਪਣਾ ਭਵਿੱਖ ਬਣਾਉਣ ਲਈ ਦੂਰ ਦੁਰਾਡੇ ਦੀਆਂ ਸੰਸਥਾਵਾਂ ਤੇ ਸਟੇਡੀਅਮਾਂ ’ਚ ਸਮੇਂ ਤੇ ਆਰਥਿਕ ਨੁਕਸਾਨ ਦਾ ਬੋਝ ਉਠਾਉਣਾ ਪੈਂਦਾ ਹੈ। ਇਹ ਇਲਾਕਾ ਨਿਰੋਲ ਪੇਂਡੂ ਇਲਾਕਾ ਹੈ ਜਿਸ ਵੱਲ ਪਿਛਲੇ ਲੰਮੇ ਸਮੇਂ ਤੋਂ ਕਿਸੇ ਵੀ ਸਿਆਸੀ ਨੇਤਾ ਨੇ ਸਵੱਲੀ ਨਜ਼ਰ ਨਹੀ ਤੱਕਿਆ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਸਬਾ ਮਹਿਲ ਕਲਾਂ ਤੋਂ ਸਹੌਰ (ਤਕਰੀਬਨ ਅੱਧ ਕੁ ਤੱਕ), ਪਿੰਡ ਵਜੀਦਕੇ ਤੋਂ ਸਹੌਰ ਤੇ ਮਹਿਲ ਕਲਾਂ ਤੋਂ ਕਿਰਪਾਲ ਸਿੰਘ ਵਾਲਾ ਨੂੰ ਆਪਸ ਵਿੱਚ ਜੋੜਦੇ ਵੱਖ ਵੱਖ ਰਸਤੇ ਲੰਮੇ ਸਮੇਂ ਤੋਂ ਕੱਚੇ ਹੀ ਪਏ ਹਨ, ਜਿੰਨਾਂ ਨੂੰ ਪੱਕਾ ਕਰਨੇ ਲਈ ਇਲਾਕੇ ਦੇ ਪਤਵੰਤਿਆਂ ਵੱਲੋਂ ਸਬੰਧਿਤ ਅਧਿਕਾਰੀਆਂ ਨੂੰ ਮੰਗ ਪੱਤਰ ਤਾਂ ਦਿੱਤੇ ਗਏ ਪ੍ਰੰਤੂ ਹਾਲੇ ਤੱਕ ਕਿਸੇ ਵੀ ਮੰਗ ਪੱਤਰ ’ਤੇ ਕੋਈ ਕਾਰਵਾਈ ਨਹੀ ਆਰੰਭੀ ਗਈ ਤੇੇ ਇਲਾਕਾ ਵਾਸੀ ਸਿਆਸੀ ਲੀਡਰਾਂ ਦੇ ਹਾੜੇ ਕੱਢ ਕੇ ਥੱਕ ਬੈਠੇ ਹਨ। ਇੰਨਾਂ ਰਸਤਿਆਂ ਰਾਹੀ ਰੋਜਾਨਾਂ ਵੱਡੀ ਗਿਣਤੀ ਲੋਕਾਂ ਦਾ ਆਉਣਾ- ਜਾਣਾ ਹੈ। ਪੱਤਰ ’ਚ ਬੀਬੀ ਜੀ ਨੇ ਹਲਕਾ ਮਹਿਲ ਕਲਾਂ ’ਚ ਸਟੇਡੀਅਮ ਬਣਾਉਣ ਸਬੰਧੀ, ਹਲਕਾ ਮਹਿਲ ਕਲਾਂ ’ਚ ਬਲਾਕ ਸ਼ੇਰਪੁਰ ਦੇ ਪਿੰਡ ਹੇੜੀਕੇ (ਜ਼ਿਲਾ ਸੰਗਰੂਰ) ’ਚ 2018-19 ਦੌਰਾਨ ਪਾਸ ਹੋਈ ਆਈਟੀਆਈ ਸਬੰਧੀ ਅਗਲੇਰੀ ਕਾਰਵਾਈ ਕਰਨ ਬਾਰੇ, ਸ਼ੇਰਪੁਰ ਦੇ 21 ਪਿੰਡਾਂ ਨੂੰ ਬਰਨਾਲਾ ਜ਼ਿਲੇ ਨਾਲ ਜੋੜਨ ਬਾਰੇ, ਹਲਕਾ ਮਹਿਲ ਕਲਾਂ ਵਿੱਚ ਸਰਕਾਰੀ ਕਾਲਜ਼ ਬਣਾਉਣ ਬਾਰੇ, ਪਿੰਡ ਗੁੰਮਟੀ, ਹਲਕਾ ਮਹਿਲ ਕਲਾਂ ਵਿੱਚ ਲੋਕਾਂ ਦੀ ਮੰਗ ਅਨੁਸਾਰ ਸੁਸਾਇਟੀ ਬਣਾਉਣ ਸਬੰਧੀ, ਕੱਚੀਆਂ ਸੜਕਾਂ ਨੂੰ ਪੱਕਾ ਕਰਵਾਉਣ ਬਾਰੇ ਲਿਖਿਆ ਹੈ। ਇਸ ਸਬੰਧੀ ਸਥਾਨਕ ਹਲਕੇ ਤੋਂ ਕਾਂਗਰਸ ਪਾਰਟੀ ਦੀ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਨੇ ਕਿਹਾ ਕਿ ਅਜਿਹਾ ਨਹੀ ਹੈ ਉਹ ਸਮੇਂ ਸਮੇਂ ’ਤੇ ਇਲਾਕੇ ਦਾ ਵਿਕਾਸ ਕਰਵਾਉਣ ਲਈ ਹਮੇਸਾ ਤਤਪਰ ਹਨ। ਉਨਾਂ ਕਿਹਾ ਕਿ ਉਕਤ ਕੰਮਾਂ ’ਚੋਂ ਕੁੱਝ ਕੰਮ ਹੋ ਵੀ ਚੁੱਕੇ ਹਨ। ਜਦ ਉਨਾਂ ਨੂੰ ਹੋ ਚੁੱਕੇ ਕੰਮਾਂ ਬਾਰੇ ਪੁੱਛਿਆ ਗਿਆ ਤਾਂ ਉਨਾਂ ਸੜਕਾਂ ਵਗੈਰਾ ਦਾ ਕੰਮ ਚੱਲਦੇ ਹੋਣ ਦੀ ਗੱਲ ਆਖੀ ਪ੍ਰੰਤੂ ਕੋਈ ਇੱਕ ਵੀ ਮੁਕੰਮਲ ਹੋ ਚੁੱਕਿਆ ਕੰਮ ਗਿਣਾਉਣ ਤੋਂ ਅਸਮਰੱਥ ਨਜ਼ਰ ਆਏ।
Advertisement