ਕਰੀਬ 21 ਕਰੋੜ ਰੁਪਏ ਦੀ ਆਵੇਗੀ ਲਾਗਤ
-ਸੰਸਦ ਮੈਂਬਰ ਡਾ. ਅਮਰ ਸਿੰਘ ਅਤੇ ਵਿਧਾਇਕ ਕਾਕਾ ਰਣਦੀਪ ਸਿੰਘ ਨਾਭਾ ਨੇ ਕਰਵਾਈ ਸ਼ੁਰੂਆਤ
ਬੀ ਟੀ ਐੱਨ , ਫਤਹਿਗੜ੍ਹ ਸਾਹਿਬ/ਮੰਡੀ ਗੋਬਿੰਦਗੜ੍ਹ, 21 ਜੂਨ 2021
ਅੰਬੇਮਾਜਰਾ-ਤਲਵਾੜਾ ਕਰੌਸਿੰਗ ਤੇ ਕੌਮੀ ਮਾਰਗ ਉੱਪਰ ਕਰੀਬ 21 ਕਰੋੜ ਰੁਪਏ ਦੀ ਲਾਗਤ ਨਾਲ ਕਰੀਬ ਇੱਕ ਕਿਲੋਮੀਟਰ ਲੰਬਾ ਓਵਰਬ੍ਰਿਜ ਬਣਾਇਆ ਜਾਵੇਗਾ, ਜਿਸ ਸਦਕਾ ਮੰਡੀ ਗੋਬਿੰਦਗੜ੍ਹ ਵਾਸੀਆਂ ਦੀ ਚਿਰਕੋਣੀ ਮੰਗ ਪੂਰੀ ਹੋਵੇਗੀ। ਇਸ ਪ੍ਰੋਜੈਕਟ ਦੇ ਪੂਰੇ ਹੋਣ ਨਾਲ ਜਿੱਥੇ ਕੌਮੀ ਮਾਰਗ ਦੇ ਦੋਵੇਂ ਪਾਸੇ ਸਥਿਤ ਸਨਅੱਤ ਨੂੰ ਲਾਭ ਹੋਵੇਗਾ, ਉੱਥੇ ਸੜਕ ਹਾਦਸੇ ਵੀ ਨਹੀਂ ਵਾਪਰਨਗੇ ਤੇ ਇਹ ਪ੍ਰੋਜੈਕਟ 01 ਸਾਲ ਵਿੱਚ ਮੁਕੰਮਲ ਹੋ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਪ੍ਰੋਜੈਕਟ ਦੀ ਸ਼ੁਰੂਆਤ ਕਰਵਾਉਣ ਮੌਕੇ ਕੀਤਾ।
ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਕਿਹਾ ਕਿ ਮੰਡੀ ਗੋਬਿੰਦਗੜ੍ਹ ਦੀ ਸਨਅੱਤ ਦਾ ਪੰਜਾਬ ਅਤੇ ਦੇਸ਼ ਦੀ ਅਰਥਵਿਵਸਥਾ ਵਿੱਚ ਅਹਿਮ ਰੋਲ ਹੈ ਅਤੇ ਅੰਬੇਮਾਜਰਾ-ਤਲਵਾੜਾ ਕਰੌਸਿੰਗ ਉੱਤੇ ਓਵਰਬ੍ਰਿਜ ਨਾ ਹੋਣ ਕਾਰਨ ਸਨਅਤ ਸਬੰਧੀ ਮਾਲ ਦੀ ਢੋਆ ਢੁਆਈ ਕਰਨ ਵਾਲੇ ਟਰੱਕ ਤੇ ਟਰਾਲਿਆਂ ਦੇ ਲੰਮੇ ਜਾਮ ਲੱਗੇ ਰਹਿੰਦੇ ਹਨ ਅਤੇ ਸੜਕ ਹਾਦਸੇ ਵਾਪਰਨ ਦਾ ਵੀ ਖਦਸ਼ਾ ਬਣਿਆ ਰਹਿੰਦਾ ਹੈ।
ਓਵਰਬ੍ਰਿਜ ਦੇ ਬਨਣ ਨਾਲ ਮੰਡੀ ਗੋਬਿੰਦਗੜ੍ਹ ਵਿੱਚੋਂ ਸਿੱਧੀ ਲੰਘਣ ਵਾਲੀ ਟ੍ਰੈਫਿਕ ਅਤੇ ਸਨਅੱਤ ਸਬੰਧੀ ਮਾਲ ਦੀ ਢੋਆ ਢੁਆਈ ਵਿੱਚ ਲੱਗੇ ਟਰੱਕ ਟਰਾਲਿਆਂ ਨੂੰ ਆਪਣੀ ਮੰਜ਼ਿਲ ਤੱਕ ਪੁੱਜਣ ਵਿੱਚ ਕੋਈ ਦਿੱਕਤ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਥਾਂ ਉੱਤੇ ਪੈਦਲ ਸੜਕ ਪਾਰ ਕਰਨ ਵਾਲੇ ਲੋਕਾਂ ਲਈ ਬਣੇ ਪੁਲ ਨੂੰ ਵੀ ਇਸ ਥਾਂ ਤੋਂ ਤਬਦੀਲ ਕਰ ਕੇ ਮੰਡੀ ਗੋਬਿੰਦਗੜ੍ਹ ਦੇ ਸ਼ਹਿਰੀ ਖੇਤਰ ਨੇੜੇ ਲਾਇਆ ਜਾਵੇਗਾ।
ਇਸ ਮੌਕੇ ਵਿਧਾਇਕ ਕਾਕਾ ਰਣਦੀਪ ਸਿੰਘ ਨਾਭਾ ਨੇ ਇਸ ਪ੍ਰੋਜੈਕਟ ਸਬੰਧੀ ਸਮੁੱਚੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਜੈਕਟ ਸਨਅੱਤ ਨੂੰ ਦਰਪੇਸ਼ ਮੁਸ਼ਕਿਲਾਂ ਦੂਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ ਅਤੇ ਮੰਡੀ ਗੋਬਿੰਦਗੜ੍ਹ ਦੀ ਸਨਅਤ ਹੋਰ ਤਰੱਕੀ ਵੱਲ ਵਧੇਗੀ, ਜਿਸ ਨਾਲ ਸੂਬੇ ਦੀ ਆਰਥਿਕਤਾ ਨੂੰ ਫਾਇਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਕੇਂਦਰ ਸਰਕਾਰ ਦੇ ਮੰਤਰੀਆਂ ਤੇ ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ ਨਾਲ ਰਾਬਤਾ ਕੀਤਾ ਅਤੇ ਇਹ ਪ੍ਰੋਜੈਕਟ ਪਾਸ ਹੋਇਆ ਤੇ ਹੁਣ ਇਸ ਦੀ ਸ਼ੁਰੂਆਤ ਹੋਈ ਹੈ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤੋਂ ਇਲਾਵਾ ਮੰਡੀ ਗੋਬਿੰਦਗੜ੍ਹ ਦੇ ਦਾਖ਼ਲਾ ਪੁਆਇੰਟਾਂ ਉਤੇ ਕੌਮੀ ਮਾਰਗ ਉੱਪਰ ਸ਼ਾਨਦਾਰ ਸਵਾਗਤੀ ਗੇਟ ਵੀ ਬਣਾਏ ਜਾਣਗੇ ਅਤੇ ਮੰਡੀ ਗੋਬਿੰਦਗੜ੍ਹ ਸ਼ਹਿਰ ਵਿੱਚ ਰੇਲਵੇ ਲਾਈਨ ਉਤੇ ਬਣਨ ਵਾਲੇ ਪੁਲ ਸਬੰਧੀ ਕੰਮ ਵੀ ਛੇਤੀ ਸ਼ੁਰੂ ਹੋ ਜਾਵੇਗਾ। ਵਿਧਾਇਕ ਕਾਕਾ ਰਣਦੀਪ ਸਿੰਘ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਦੇ ਸੁੰਦਰੀਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤੇ ਇਸ ਸ਼ਹਿਰ ਦੀ ਕਾਇਆ ਕਲਪ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੁਰਭੀ ਮਲਿਕ, ਜ਼ਿਲ੍ਹਾ ਪੁਲੀਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ, ਐਨ ਐਚ ਆਈ ਏ ਦੇ ਪ੍ਰੋਜੈਕਟ ਡਾਇਰੈਕਟਰ ਹਰਿੰਦਰ ਸਿੰਘ, ਨਗਰ ਕੌਂਸਲ ਦੇ ਪ੍ਰਧਾਨ ਹਰਪਰੀਤ ਸਿੰਘ ਪ੍ਰਿੰਸ, ਵਾਈਸ ਪ੍ਰਧਾਨ ਅਸ਼ੋਕ ਸ਼ਰਮਾ, ਪੀ ਪੀ ਸੀ ਸੀ ਦੇ ਐਗਜ਼ੈਕਟਿਵ ਮੈਂਬਰ ਜੋਗਿੰਦਰ ਸਿੰਘ ਮੈਣੀ, ਬਲਾਕ ਪ੍ਰਧਾਨ ਸੰਜੀਵ ਦੱਤਾ, ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਰਜਿੰਦਰ ਸਿੰਘ ਬਿੱਟੂ, ਪੀ ਏ ਰਾਮ ਕਿਸ਼ਨ ਭੱਲਾ, ਸੈਕਟਰੀ ਐਮ ਐਲ ਏ ਅਮਲੋਹ ਮਨਦੀਪ ਸਿੰਘ ਮੰਨਾ, ਐਮ ਸੀ ਅਮਿਤ ਜੈਚੰਦ ਸ਼ਰਮਾ, ਗੁਰਦੀਪ ਸਿੰਘ ਅੰਬੇਮਾਜਰਾ, ਗਗਨ ਉਪਲ ਅਜਨਾਲੀ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਪਤਵੰਤੇ ਹਾਜ਼ਰ ਸਨ।