ਕੱਲ੍ਹ ਨੂੰ ਵੱਖ-ਵੱਖ ਥਾਵਾਂ `ਤੇ ਲਗੇਗਾ ਵੈਕਸੀਨੇਸ਼ਨ ਕੈਂਪ
– ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਸੈਂਪਲਿੰਗ ਕਰਵਾਉਣ ਅਤੇ ਵੈਕਸੀਨ ਲਗਵਾਉਣ ਦੀ ਕੀਤੀ ਅਪੀਲ
ਬੀ ਟੀ ਐੱਨ , ਫਾਜ਼ਿਲਕਾ, 14 ਜੂਨ 2021
ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਆਈ.ਏ.ਐਸ. ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਫਾਜਿਲਕਾ ਜ਼ਿਲੇ੍ਹ ਵਿੱਚ ਹੁਣ ਤੱਕ 18538 ਲੋਕਾਂ ਨੇ ਕੋਵਿਡ ਖਿਲਾਫ ਜੰਗ ਜਿੱਤ ਕੇ ਸਿਹਤਯਾਬੀ ਹਾਸਲ ਕੀਤੀ ਹੈ। ਉਨਾਂ ਨੇ ਕਿਹਾ ਕਿ ਸਮੇਂ ਸਿਰ ਜਾਂਚ ਕਰਵਾ ਲਈ ਜਾਵੇ ਅਤੇ ਬਿਮਾਰੀ ਦਾ ਪਤਾ ਲੱਗ ਜਾਵੇ ਤਾਂ ਜਲਦ ਤੋਂ ਜਲਦ ਬਿਮਾਰੀ ਨੂੰ ਹਰਾਇਆ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਜ਼ਿਲੇ ਵਿਚ ਕੋਵਿਡ ਦੇ 28 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 80 ਜਣਿਆ ਨੇ ਕਰੋਨਾ ਨੂੰ ਹਰਾਇਆ ਹੈ।ਇਸ ਤਰਾਂ ਹੁਣ ਤੱਕ ਜ਼ਿਲੇ ਵਿਚ ਕੁੱਲ 19598 ਲੋਕਾਂ ਦੀ ਰਿਪੋਰਟ ਪਾਜਿਟਿਵ ਆ ਚੁੱਕੀ ਹੈ। ਜਦ ਕਿ ਇਸ ਸਮੇਂ 561 ਐਕਟਿਵ ਕੇਸ ਜ਼ਿਲੇ ਵਿਚ ਹਨ ਅਤੇ 499 ਦੁੱਖਦਾਈ ਮੌਤਾਂ ਹੋਈਆਂ ਹਨ।
ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਕੋਵਿਡ ਦੇ ਲੱਛਣ ਵਿਖਾਈ ਦੇਣ ਤਾਂ ਬਿਨਾਂ ਦੇਰੀ ਆਪਣੇ ਟੈਸਟ ਕਰਵਾਇਆ ਜਾਵੇ।ਉਨ੍ਹਾਂ ਕਿਹਾ ਕਿ ਕਰੋਨਾ ਤੋਂ ਬਚਣ ਲਈ ਸਾਵਧਾਨੀਆਂ ਜਿਵੇਂ ਕਿ ਮਾਸਕ ਲਾਜਮੀ ਪਾਇਆ ਜਾਵੇ, ਭੀੜ ਵਾਲੀ ਜਗ੍ਹਾਂ `ਤੇ ਨਾ ਜਾਇਆ ਜਾਵੇ, ਸਮਾਜਿਕ ਦੂਰੀ ਕਾਇਮ ਕੀਤੀ ਜਾਵੇ ਅਤੇ ਹੱਥਾਂ ਨੂੰ ਵਾਰ-ਵਾਰ ਧੋਤਾ ਜਾਵੇ।
15 ਜੂਨ ਨੂੰ ਵੱਖ-ਵੱਖ ਥਾਵਾਂ `ਤੇ ਲਗੇਗਾ ਵੈਕਸੀਨੇਸ਼ਨ ਕੈਂਪ
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਤੋਂ ਬਚਾਅ ਲਈ ਰਾਧਾ ਸੁਆਮੀ ਸਤਿਸੰਗ ਘਰ ਪਿੰਡ ਕੱਲਰ ਖੇੜਾ ਸ੍ਰੀ ਗੰਗਾਨਗਰ ਰੋਡ ਵਿਖੇ ਵੈਕਸੀਨੇਸ਼ਨ ਕੈਂਪ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੇਕੈਂਡਰੀ ਸਕੂਲ ਖੂਈ ਖੇੜਾ ਅਤੇ ਸਰਕਾਰੀ ਹਾਈ ਸਕੂਲ ਪਿੰਡ ਗੁਮਜਾਲ ਵਿਖੇ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿਖੇ ਕੋਵਿਡਸ਼ੀਲਡ ਦੀ ਪਹਿਲੀ ਡੋਜ਼ (18 ਤੋਂ 44 ਸਾਲ ਉਮਰ ਵਾਲਿਆਂ ਅਤੇ 45 ਸਾਲ ਜਾਂ ਇਸ ਤੋਂ ਉਪਰ ਵਾਲਿਆਂ ਦੇ ਵੀ ਲਗਾਈ ਜਾਵੇਗੀ।ਜਿਨ੍ਹਾਂ ਨੂੰ ਪਹਿਲੀ ਡੋਜ਼ ਲੱਗੇ ਨੂੰ 84 ਦਿਨ ਹੋ ਚੁੱਕੇ ਹਨ ਉਹਨਾਂ ਨੂੰ ਦੂਜੀ ਡੋਜ਼ ਵੀ ਲਗਾਈ ਜਾਵੇਗੀ।ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਲਈ ਆਪਣਾ ਆਧਾਰ ਕਾਰਡ ਨਾਲ ਲੈ ਕੇ ਆਉਣਾ ਯਕੀਨੀ ਬਣਾਇਆ ਜਾਵੇ।
Advertisement