ਪਰਿਵਾਰ ਨੇ ਇਨਸਾਫ ਲੈਣ ਲਈ ਡੀ ਐਸ ਪੀ ਦਫਤਰ ਮਹਿਲ ਕਲਾਂ ਦਾ ਕੀਤਾ ਦੂਜੇ ਦਿਨ ਘਿਰਾਓ
ਗੁਰਸੇਵਕ ਸਿੰਘ ਸਹੋਤਾ , ਮਹਿਲ ਕਲਾਂ 14 ਜੂਨ 2021
ਪਿਛਲੇ ਦਿਨੀਂ ਪਿੰਡ ਟਿੱਬਾ ਦੇ ਮਜ਼ਦੂਰ ਪਰਿਵਾਰ ਨਾਲ ਸਬੰਧਤ ਇੱਕ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਜਿਸ ਦੀ ਪੀਜੀਆਈ ਚੰਡੀਗਡ਼੍ਹ ਵਿਖੇ ਇਲਾਜ ਦੌਰਾਨ ਮੌਤ ਹੋ ਗਈ ਹੈ। ਜਿਸ ਦੀ ਮੌਤ ਨੂੰ ਲੈ ਕੇ ਪਰਿਵਾਰ ਵੱਲੋਂ ਮੋਟਰਸਾਈਕਲ ਨਾਲ ਟਕਰਾਏ ਨੌਜਵਾਨਾਂ ਵੱਲੋਂ ਉਕਤ ਨੌਜਵਾਨ ਦੀ ਕੁੱਟਮਾਰ ਕਰਨ ਕਾਰਨ ਹੀ ਮੌਤ ਹੋਣ ਦਾ ਦੋਸ਼ ਲਗਾਇਆ ਜਾ ਰਿਹਾ ਹੈ । ਇਸ ਲਈ ਇਨਸਾਫ ਲੈਣ ਲਈ ਅੱਜ ਦੂਸਰੇ ਦਿਨ ਪਿੰਡ ਟਿੱਬਾ ਦੇ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਾਮਲ ਲੋਕ ਡੀਐਸਪੀ ਦਫਤਰ ਮਹਿਲ ਕਲਾਂ ਦਾ ਘਿਰਾਓ ਕੀਤਾ ਗਿਆ ।ਜਿਸ ਵਿੱਚ ਔਰਤਾਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਦੇਖੀ ਗਈ।
ਇਸ ਸਬੰਧੀ ਗੱਲਬਾਤ ਕਰਦਿਆਂ ਮਜ਼ਦੂਰ ਆਗੂ ਕਾਮਰੇਡ ਖੁਸ਼ੀਆ ਸਿੰਘ, ਭੋਲਾ ਸਿੰਘ ਕਲਾਲ ਮਾਜਰਾ, ਗੁਰਪ੍ਰੀਤ ਸਿੰਘ ਰੂੜੇਕੇ ,ਬਹੁਜਨ ਸਮਾਜ ਪਾਰਟੀ ਦੇ ਆਗੂ ਸਰਬਜੀਤ ਸਿੰਘ ਖੇੜੀ, ਡਾ ਸੋਮਾ ਸਿੰਘ ਗੰਡਾ ਸਿੰਘ ਵਾਲਾ, ਏਕਮ ਸਿੰਘ ਛੀਨੀਵਾਲ ਕਲਾਂ, ਕਾਮਰੇਡ ਸੁਦਾਗਰ ਸਿੰਘ ਸ਼ੇਰਪੁਰ ,ਹਾਕਮ ਸਿੰਘ ਹੇਡ਼ੀਕੇ, ਹਰਬੰਸ ਸਿੰਘ ਛੀਨੀਵਾਲ ਕਲਾਂ ਕਰਨੈਲ ਸਿੰਘ ਠੀਕਰੀਵਾਲ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਗੁਰਵਿੰਦਰ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਟਿੱਬਾ ਜੋ ਕਿ ਪਿੰਡ ਅਮਲਾ ਸਿੰਘ ਵਾਲਾ ਵਿਖੇ ਰਾਜ ਮਿਸਤਰੀ ਦਾ ਕੰਮ ਕਰਦਾ ਸੀ । ਜਦ ਉਹ ਬੀਤੀ 5 ਜੂਨ ਨੂੰ ਪਿੰਡ ਅਮਲਾ ਸਿੰਘ ਵਾਲਾ ਤੋਂ ਆਪਣੇ ਪਿੰਡ ਨੂੰ ਵਾਪਸ ਆ ਰਿਹਾ ਸੀ ਤਾਂ ਹਮੀਦੀ ਰੋਡ ਸ਼ੈੱਲਰਾਂ ਦੇ ਨਜ਼ਦੀਕ ਪੁੱਜਾ ਤਾਂ ਸੜਕ ‘ਤੇ ਸੈਰ ਕਰਦੇ ਕੁਝ ਨੌਜਵਾਨਾਂ ਨਾਲ ਉਸ ਦਾ ਮੋਟਰਸਾਈਕਲ ਟਕਰਾ ਗਿਆ । ਜਿਸ ਤੇ ਗੁੱਸੇ ਵਿਚ ਆਏ ਨੌਜਵਾਨਾਂ ਵੱਲੋਂ ਆਪਣੇ ਹੋਰਨਾਂ ਸਾਥੀਆਂ ਨੂੰ ਬੁਲਾ ਕੇ ਨੌਜਵਾਨ ਮਨਜਿੰਦਰ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ । ਜਿਸ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਰਾਜਿੰਦਰਾ ਹਸਪਤਾਲ ਪਟਿਆਲਾ ਤੇ ਉਥੋਂ ਦੇ ਡਾਕਟਰਾਂ ਨੇ ਪੀਜੀਆਈ ਚੰਡੀਗਡ਼੍ਹ ਲਈ ਰੈਫਰ ਕਰ ਦਿੱਤਾ ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ ।
ਉਨ੍ਹਾਂ ਦੋਸ਼ ਲਗਾਇਆ ਕਿ ਉਕਤ ਨੌਜਵਾਨ ਦੀ ਮੌਤ ਪ੍ਰਤੀ ਪੁਲਸ ਜਾਣ ਬੁੱਝ ਕੇ ਦੋਸ਼ੀਆਂ ਦਾ ਸਾਥ ਦੇ ਰਹੀ ਹੈ ਅਤੇ ਉਨ੍ਹਾਂ ਦੇ ਨੌਜਵਾਨ ਦੀ ਮੌਤ ਦੇ ਅਸਲ ਤੱਥਾਂ ਨੂੰ ਲੁਕਾ ਰਹੀ ਹੈ ।ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਸੀਂ ਥਾਣਾ ਠੁੱਲੀਵਾਲ ਦੇ ਮੁੱਖ ਅਫਸਰ ਬਲਜੀਤ ਸਿੰਘ ਨੂੰ ਵੀ ਮਿਲੇ । ਪਰ ਉਨ੍ਹਾਂ ਕੋਈ ਤਸੱਲੀ ਬਖ਼ਸ਼ ਜਵਾਬ ਨਹੀਂ ਮਿਲਿਆ। ਇਸ ਲਈ ਸਾਨੂੰ ਮਜਬੂਰੀਵੱਸ ਅੱਜ ਡੀ ਐੱਸ ਪੀ ਦਫਤਰ ਮਹਿਲ ਕਲਾਂ ਦਾ ਘਿਰਾਓ ਕਰਨਾ ਪਿਆ ਹੈ । ਉਨ੍ਹਾਂ ਕਿਹਾ ਕਿ ਜੇਕਰ ਉਕਤ ਨੌਜਵਾਨ ਦੇ ਪੀਡ਼ਤ ਪਰਿਵਾਰ ਨੂੰ ਇਨਸਾਫ ਨਾ ਦਿੱਤਾ ਤਾਂ ਉਹ ਨੌਜਵਾਨ ਦੀ ਲਾਸ਼ ਰੱਖ ਕੇ ਬਰਨਾਲਾ ਲੁਧਿਆਣਾ ਮੇਨ ਹਾਈਵੇ ਜਾਮ ਕਰਨਗੇ ।ਖ਼ਬਰ ਲਿਖੇ ਜਾਣ ਤੱਕ ਨੌਜਵਾਨ ਦੇ ਹੱਕ ਵਿਚ ਆਈਆਂ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਅਤੇ ਪਿੰਡ ਠੁੱਲੀਵਾਲ ਦੇ ਨੁਮਾਇੰਦਿਆਂ ਵਿੱਚ ਆਪਸੀ ਗੱਲਬਾਤ ਚੱਲ ਰਹੀ ਸੀ ਅਤੇ ਧਰਨਾ ਜਾਰੀ ਸੀ।
ਕੀ ਕਹਿੰਦੇ ਨੇ ਡੀ ਐਸ ਪੀ ਮਹਿਲ ਕਲਾਂ
ਇਸ ਸੰਬੰਧੀ ਜਦੋਂ ਡੀ ਐਸ ਪੀ ਮਹਿਲ ਕਲਾਂ ਕੁਲਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੀਡ਼ਤ ਪਰਿਵਾਰ ਨਾਲ ਉਹ ਹਮੇਸ਼ਾ ਖੜ੍ਹੇ ਹਨ ਉਕਤ ਨੌਜਵਾਨ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ । ਜੇਕਰ ਪਰਿਵਾਰ ਦੇ ਦੋਸ ਮੁਤਾਬਕ ਮ੍ਰਿਤਕ ਲੜਕੇ ਦੀ ਰਿਪੋਰਟ ਵਿਚ ਕੋਈ ਵੀ ਕੁੱਟਮਾਰ ਦੇ ਅੰਸ਼ ਆਏ ਤਾਂ ਉਕਤ ਦੋਸ਼ੀਆਂ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ ।
ਇਸ ਮੌਕੇ ਬਬਲੀ ਕੌਰ ਸੀਮਾ, ਕਰਨੈਲ ਸਿੰਘ ਠੁੱਲੀਵਾਲ, ਪਰਮਿੰਦਰ ਸਿੰਘ ਸੰਮੀ ਠੁੱਲੀਵਾਲ, ਜਰਨੈਲ ਸਿੰਘ , ਸਾਬਕਾ ਚੇਅਰਮੈਨ ਕਰਨੈਲ ਸਿੰਘ ਠੁੱਲੀਵਾਲ ਆਦਿ ਸਮੇਤ ਵੱਡੀ ਗਿਣਤੀ ਤ ਲੋਕ ਹਾਜਰ ਸਨ।