ਪੰਜਾਬ ਦੇ ਅਧਿਆਪਕ ਵਰਗ ਨੇ ਸਿੱਖਿਆ ਦੇ ਖੇਤਰ ‘ਚ ਪੰਜਾਬ ਦਾ ਕੌਮੀ ਪੱਧਰ ‘ ਤੇ ਨਾਂਮ ਰੋਸ਼ਨ ਕੀਤਾ : ਹਰਵਿੰਦਰ ਲਾਡੀ
ਅਸ਼ੋਕ ਵਰਮਾ , ਬਠਿੰਡਾ , 14 ਜੂਨ 2021
: ਸਰਕਾਰ ਦੀ ਸੁਚੱਜੀ ਅਗਵਾਈ ‘ਚ ਰਾਜ ਦੇ ਸਰਕਾਰੀ ਸਕੂਲ ਅਧਿਆਪਕਾਂ ਨੇ ਸਿੱਖਿਆ ਦੇ ਖੇਤਰ ‘ਚ ਪੰਜਾਬ ‘ਚ ਨੂੰ ਅੱਵਲ ਸਥਾਨ ਦਿਵਾਉਣ ਲਈ ਸ਼ਲਾਘਾਯੋਗ ਭੂਮਿਕਾ ਨਿਭਾਈ ਹੈ। ਅਧਿਆਪਕਾਂ ਦੀ ਬਦੌਲਤ ਹੀ ਰਾਜ ਦੇ ਸਕੂਲਾਂ ਦਾ ਸਰਬਪੱਖੀ ਵਿਕਾਸ ਹੋਇਆ ਅਤੇ ਸਮਾਜ ਦੇ ਹਰ ਵਰਗ ‘ਚ ਸਰਕਾਰੀ ਸਕੂਲਾਂ ਪ੍ਰਤੀ ਮੁੜ ਵਿਸ਼ਵਾਸ਼ ਪੈਦਾ ਹੋਇਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਹਲਕਾ ਦਿਹਾਤੀ ਬਠਿੰਡਾ ਦੇ ਇੰਚਾਰਜ ਹਰਵਿੰਦਰ ਸਿੰਘ ਲਾਡੀ ਨੇ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਪਿਛਲੇ ਕੁਝ ਸਾਲਾਂ ‘ਚ ਸਰਕਾਰ ਦੀਆਂ ਯੋਜਨਾਵਾਂ ਨੂੰ ਰਾਜ ਦੇ ਮਿਹਨਤੀ ਅਧਿਆਪਕਾਂ ਨੇ ਸੁਚਾਰੂ ਰੂਪ ‘ਚ ਨੇਪਰੇ ਚਾੜ੍ਹ ਕੇ, ਰਾਸ਼ਟਰੀ ਪੱਧਰ ‘ਤੇ ਮਾਣ ਦਿਵਾਇਆ ਹੈ।
ਸਰਪੰਚ ਸ਼ਰਨਜੀਤ ਸਿੰਘ ਢਿੱਲੋਂ ਜੰਗੀਰਾਣਾ ਬਠਿੰਡਾ ਦਾ ਕਹਿਣਾ ਹੈ ਕਿ ਪੰਜਾਬ ਦੇ ਸਕੂਲਾਂ ‘ਚ ਲਗਾਤਾਰ ਦੂਸਰੇ ਸਾਲ 12 ਫੀਸਦੀ ਤੋਂ ਬੱਚਿਆਂ ਦਾ ਵਾਧਾ ਹੋਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਰਾਜ ਦੇ ਸਕੂਲਾਂ ਦਾ ਹਰ ਪੱਖੋਂ ਮਿਆਰ ਵਧਿਆ ਹੈ। ਜਿਸ ‘ਤੇ ਕੇਂਦਰ ਸਰਕਾਰ ਨੇ ਪ੍ਰਫਾਰਮੈਂਸ ਗ੍ਰੇਡਿੰਗ ਇਡੈਕਸ ਰਾਹੀਂ ਮੋਹਰ ਲਗਾ ਦਿੱਤੀ ਹੈ। ਇਸ ਪ੍ਰਾਪਤੀ ਨੇ ਪੰਜਾਬ ਦਾ ਦੇਸ਼-ਵਿਦੇਸ਼ ‘ਚ ਸਿਰ ਉੱਚਾ ਕੀਤਾ ਹੈ। ਸਰਪੰਚ ਸੰਦੀਪ ਸਿੰਘ ਚੌਧਰੀ ਬੀੜ ਬਹਿਮਣ ਜ਼ਿਲ੍ਹਾ ਬਠਿੰਡਾ ਦਾ ਕਹਿਣਾ ਹੈ ਕਿ ਰਾਜ ਦੇ ਸਰਕਾਰੀ ਸਕੂਲਾਂ ‘ਚ ਜੋ ਮਿਆਰੀ ਢਾਂਚਾ ਬਣਿਆ ਹੈ ਭਾਵ ਸਮਾਰਟ ਕਲਾਸ ਰੂਮਜ਼, ਵਿੱਦਿਅਕ ਪਾਰਕ, ਕੰਪਿਊਟਰ ਲੈਬਜ਼, ਬਾਲਾ ਵਰਕ, ਖੂਬਸੂਰਤ ਖੇਡ ਮੈਦਾਨ ਤੇ ਫਰਨੀਚਰ ਅਧਿਆਪਕਾਂ ਦੇ ਦਿਮਾਗ ਦੀ ਸਿਰਜਣਾ ਹੈ। ਜਿੰਨ੍ਹਾਂ ਲਈ ਦਾਨੀ ਸੱਜਣਾਂ ਨੇ ਵੀ ਭਰਵਾਂ ਯੋਗਦਾਨ ਪਾਇਆ ਹੈ। ਇਸ ਤਰ੍ਹਾਂ ਰਾਜ ਦੇ ਸਰਕਾਰੀ ਸਕੂਲਾਂ ਦੇ ਵਿਕਾਸ ਲਈ ਸਰਕਾਰ, ਅਧਿਆਪਕ ਤੇ ਸਮਾਜ ਸੇਵਿਕਾ ਦੀ ਭੂਮਿਕਾ ਕਾਬਿਲੇ ਤਾਰੀਫ ਹੈ।
ਪ੍ਰਿੰ.ਸਾਧੂ ਸਿੰਘ ਗੰਗਾ ਅਬਲੂ, ਪ੍ਰਿੰ. ਕਰਮਜੀਤ ਸਿੰਘ ਕੋਟ ਬਖਤੂ ਦਾ ਕਹਿਣਾ ਹੈ ਕਿ ਰਾਸ਼ਟਰੀ ਸਰਵੇਖਣ ਨੇ ਸਾਡੇ ਸਕੂਲ ‘ਚ ਹੋਏ ਵਿਕਾਸ ਨੂੰ ਰਾਸ਼ਟਰੀ ਪੱਧਰ ‘ਤੇ ਮੋਹਰੀ ਕਰਾਰ ਦਿੱਤਾ ਹੈ ਇਸ ਦਾ ਮਤਲਬ ਇਹ ਨਹੀਂ ਕਿ ਸਾਡੇ ਸਕੂਲਾਂ ਦਾ ਸੌ ਫੀਸਦੀ ਵਿਕਾਸ ਹੋ ਚੁੱਕਿਆ ਹੈ। ਸਗੋਂ ਇਸ ਖਿਤਾਬ ਨੂੰ ਕਾਇਮ ਰੱਖਣ ਤੇ ਸਰਕਾਰੀ ਸਕੂਲਾਂ ਨੂੰ ਸਰਬ ਕਲਾ ਸੰਪੂਰਨ ਬਣਾਉਣ ਭਾਵ 1000 ‘ਚੋਂ 1000 ਅੰਕ ਹਾਸਿਲ ਕਰਨ ਲਈ ਯਤਨ ਜਾਰੀ ਰੱਖਣੇ ਪੈਣਗੇ। ਪੰਜਾਬ ਦੇ ਵਸਨੀਕ ਵਿਦੇਸ਼ ‘ਚ ਟਰਾਂਟੋ ਵਸਦੇ ਗੁਰਜੀਤ ਸਿੰਘ ਸਿੱਧੂ, ਕਮਲਜੀਤ ਕੌਰ ਚੁੱਘੇ ਕਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਸਰਕਾਰੀ ਸਕੂਲਾਂ ‘ਚੋਂ ਪੜ੍ਹੇ ਹਨ ਤੇ ਇਨ੍ਹਾਂ ਸਕੂਲਾਂ ਦੇ ਸਿਰ ‘ਤੇ ਪੰਜਾਬ ਨੂੰ ਵਿੱਦਿਆ ਦੇ ਖੇਤਰ ‘ਚ ਅੱਵਲ ਸਥਾਨ ਮਿਲਣਾ ਬਹੁਤ ਹੀ ਮਾਣ ਵਾਲੀ ਗੱਲ ਹੈ।