ਸ਼੍ਰੀ ਗੁਰੂ ਅਰਜੁਨ ਦੇਵ ਜੀ ਦੀ ਮਹਾਨ ਸ਼ਹਾਦਤ ਨੂੰ ਯਾਦ ਕਰਦਿਆਂ ਸਿਜਦਾ ਕੀਤਾ ਗਿਆ।
ਗੁਰੂਆਂ ਦੀਆਂ ਕੁਰਬਾਨੀਆਂ ਕਿਸਾਨ ਅੰਦੋਲਨ ‘ਚ ਸਾਡਾ ਲਈ ਰਾਹ ਦਸੇਰਾ : ਕਿਸਾਨ ਆਗੂ
ਸ਼ਹੀਦ ਕਿਸਾਨ ਗੁਰਚਰਨ ਸਿੰਘ ਪੁਤਰ ਗੱਜਣ ਸਿੰਘ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ।
ਪਰਦੀਪ ਕਸਬਾ , ਬਰਨਾਲਾ: 14 ਜੂਨ, 2021
ਤੀਹ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 257 ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਦਾ ਧਰਨਾ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸਮਰਪਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਸ਼ਹਾਦਤ ਨੂੰ ਸਿਜਦਾ ਕੀਤਾ ਗਿਆ। ਅੱਜ ਸਾਰੇ ਹੀ ਬੁਲਾਰਿਆਂ ਨੇ ਸ਼੍ਰੀ ਗੁਰੂ ਅਰਜਨ ਦੇਵ ਦੇ ਜੀਵਨ, ਫਲਸਫੇ ,ਸਿਖਿਆਵਾਂ ਤੇ ਸ਼ਹਾਦਤ ਬਾਰੇ ਚਰਚਾ ਕੀਤੀ ਅਤੇ ਉਨ੍ਹਾਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈਣ ਦੀ ਗੱਲ ਕੀਤੀ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਨਛੱਤਰ ਸਿੰਘ ਸਾਹੌਰ, ਅਮਰਜੀਤ ਕੌਰ,ਮੇਲਾ ਸਿੰਘ ਕੱਟੂ, ਗੁਰਮੇਲ ਸਿੰਘ ਠੁੱਲੀਵਾਲ, ਮਨਜੀਤ ਰਾਜ, ਬਾਬੂ ਸਿੰਘ ਖੁੱਡੀ ਕਲਾਂ, ਗੁਰਦੇਵ ਮਾਂਗੇਵਾਲ, ਗੁਰਦਰਸ਼ਨ ਸਿੰਘ ਦਿਉਲ, ਕਾਕਾ ਸਿੰਘ ਫਰਵਾਹੀ, ਗੁਰਨਾਮ ਸਿੰਘ ਠੀਕਰੀਵਾਲਾ ਤੇ ਗੋਰਾ ਸਿੰਘ ਢਿੱਲਵਾਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਪੰਜਵੇਂ ਸਿੱਖ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਾਂਤ ਚਿੱਤ ਹੋ ਕੇ ਤੱਤੀ ਤਵੀ ‘ਤੇ ਬੈਠ ਕੇ ਕੁਰਬਾਨੀ ਦਿੱਤੀ ਅਤੇ ਸਬਰ,ਸਿਰੜ ਤੇ ਸੰਜਮ ਦਾ ਨਵਾਂ ਕੀਰਤੀਮਾਨ ਸਥਾਪਤ ਕੀਤਾ। ਅੱਜ ਉਹੀ ਸਬਰ, ਸਿਦਕ ਤੇ ਸੰਜਮ ਸਾਡੇ ਕਿਸਾਨ ਅੰਦੋਲਨ ਦੀ ਰਹਿਨੁਮਾਈ ਕਰ ਰਿਹਾ ਹੈ। ਗੁਰੂਆਂ ਦੀਆਂ ਕੁਰਬਾਨੀਆਂ ਸਾਡੇ ਲਈ ਰਾਹ ਦਸੇਰਾ ਹਨ ਅਤੇ ਸਾਨੂੰ ਹਰ ਹਾਲਤ ਵਿੱਚ ਅਡੋਲ ਚਿੱਤ ਡਟੇ ਰਹਿਣ ਦਾ ਹੌਂਸਲਾ ਦਿੰਦੀਆਂ ਹਨ। ਇਸੇ ਲਈ ਲਗਾਤਾਰ ਇੱਕ ਸਾਲ ਤੋਂ ਅਸੀਂ ਕੁਦਰਤੀ ਦੁਸ਼ਵਾਰੀਆਂ ਦਾ ਸਾਹਮਣਾ ਕਰਨ ਦੇ ਨਾਲ ਨਾਲ ਸਰਕਾਰੀ ਸਾਜਿਸ਼ਾਂ ਦਾ ਮੂੰਹ ਤੋੜ ਜਵਾਬ ਦਿੰਦੇ ਆ ਰਹੇ ਹਾਂ।
ਕਿਸਾਨ ਆਗੂਆਂ ਨੇ ਕਿਹਾ ਕਿ ਮਹਾਨ ਵਿਰਸੇ ਤੋਂ ਸੇਧ ਲੈਂਦੇ ਹੋਏ ਅਸੀਂ ਆਪਣੇ ਘੋਲ ਨੂੰ ਹੋਰ ਬੁਲੰਦੀਆਂ ‘ਤੇ ਲੈ ਕੇ ਜਾਵਾਂਗੇ। ਅਸੀਂ ਤਿੰਨੋਂ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਘਰ ਵਾਪਸੀ ਕਰਾਂਗੇ। ਇਹ ਸਾਡੀ ਅਣਸਰਦੀ ਮਜਬੂਰੀ ਵੀ ਹੈ ਅਤੇ ਦ੍ਰਿੜ ਸੰਕਲਪਿਤ ਅਹਿਦ ਵੀ ਹੈ।
ਉੱਪਲੀ ਦੇ ਕਿਸਾਨ ਗੁਰਚਰਨ ਸਿੰਘ 60 ਸਾਲ ਪੁੱਤਰ ਗੱਜਣ ਸਿੰਘ ਜੋ ਟਿੱਕਰੀ ਬਾਰਡਰ ਤੇ ਕੁੱਝ ਦਿਨ ਬਿਮਾਰ ਹੋਣ ਤੋਂ ਬਾਅਦ ਵਾਪਸ ਪਰਤਿਆ ਸੀ ਅੱਜ ਸ਼ਹੀਦ ਹੋ ਗਿਆ।ਕਿਸਾਨ ਗੁਰਚਰਨ ਸਿੰਘ ਬੀਕੇਯੂ ਏਕਤਾ ਡਕੌਂਦਾ ਦਾ ਸਰਗਰਮ ਵਰਕਰ ਸੀ, ਮਿੑਤਕ ਕਿਸਾਨ ਗੁਰਚਰਨ ਸਿੰਘ ਦੇ ਮੑਿਤਕ ਸਰੀਰ ਨੂੰ ਜਥੇਬੰਦੀ ਦੇ ਝੰਡੇ ਵਿੱਚ ਲਪੇਟ ਕੇ ਅਕਾਸ਼ ਗੁੰਜਾਊ ਨਾਹਰਿਆਂ ਨਾਲ ਅੰਤਿਮ ਵਿਦਾਇਗੀ ਦਿੱਤੀ। ਸੰਯੁਕਤ ਕਿਸਾਨ ਮੋਰਚੇ ਦੇ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਚੱਲ ਰਹੇ ਮੋਰਚੇ ਦੌਰਾਨ ਕਿਸਾਨ ਗੁਰਚਰਨ ਸਿੰਘ ਨੂੰ ਦੋ ਮਿੰਟ ਦਾ ਮੋਨ ਧਾਰਕੇ ਸਰਧਾਂਜਲੀ ਭੇਂਟ ਕੀਤੀ ਗਈ। ਮੰਗ ਕੀਤੀ ਕਿ ਸ਼ਹੀਦ ਕਿਸਾਨ ਗੁਲਚਰਨ ਸਿੰਘ ਦੇ ਪਰਿਵਾਰ ਨੂੰ ਦਸ ਲੱਖ ਰੁ. ਦੀ ਸਹਾਇਤਾ, ਸਰਕਾਰੀ ਨੌਕਰੀ ਅਤੇ ਕਰਜਾ ਖਤਮ ਕੀਤਾ ਜਾਵੇ। ਅੱਜ ਗੁਰਦਵਾਰਾ ਸਾਹਿਬ ਬੀਬੀ ਪ੍ਰਧਾਨ ਕੌਰ ਵੱਲੋਂ ਲੰਗਰ ਦੀ ਸੇਵਾ ਨਿਭਾਈ ਗਈ।