14 ਜੂਨ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਬਲੀਦਾਨ ਦਿਵਸ ਅਤੇ 24 ਨੂੰ ਕਬੀਰ ਜਯੰਤੀ ਮਨਾਈ ਜਾਵੇਗੀ।
ਪਰਦੀਪ ਕਸਬਾ , ਬਰਨਾਲਾ: 12 ਜੂਨ, 2021
ਤੀਹ ਜਥੇਬੰਦੀਆਂ’ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 255 ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। 26 ਜੂਨ,1975 ਨੂੰ ਤਦਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਵਿੱਚ ਐਮਰਜੈਂਸੀ ਲਾਗੂ ਕਰਕੇ ਲੋਕਾਂ ਦੇ ਸਾਰੇ ਮੌਲਿਕ ਤੇ ਸੰਵਿਧਾਨਕ ਅਧਿਕਾਰ ਖੋਹ ਲਏ। ਰਾਤੋ ਰਾਤ ਲੱਖਾਂ ਜਮਹੂਰੀ ਕਾਰਕੁੰਨਾਂ ਤੇ ਸਿਆਸੀ ਵਿਰੋਧੀਆਂ ਨੂੰ ਜੇਲ੍ਹਾਂ ਵਿੱਚ ਸੁੱਟ ਦਿੱਤਾ। ਅੱਜ ਵੀ ਹਾਲਾਤ ਐਮਰਜੈਂਸੀ ਤੋਂ ਘੱਟ ਖੌਫਨਾਕ ਨਹੀਂ ਹਨ। ਬਸ ਇਤਨਾ ਫਰਕ ਹੈ ਕਿ ਇਤਿਹਾਸ ਤੋਂ ਸਬਕ ਲੈਂਦਿਆਂ ਸਰਕਾਰ ਨੇ ਐਮਰਜੈਂਸੀ ਦਾ ਐਲਾਨ ਨਹੀਂ ਕੀਤਾ ਹੋਇਆ। ਜੋ ਨੀਤੀਆਂ ਤੇ ਫੈਸਲੇ ਮੌਜੂਦਾ ਸਰਕਾਰ ਲਾਗੂ ਕਰ ਰਹੀ ਹੈ, ਉਹ ਐਮਰਜੈਂਸੀ ਨਾਲੋਂ ਕਿਸੇ ਪੱਖੋਂ ਵੀ ਘੱਟ ਨਹੀਂ ਹਨ।26 ਜੂਨ ਨੂੰ ਹੀ ਦਿੱਲੀ ਕਿਸਾਨ ਧਰਨਿਆਂ ਦੇ ਸੱਤ ਮਹੀਨੇ ਪੂਰੇ ਹੋ ਰਹੇ ਹਨ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ, ਕਿਸਾਨ ਧਰਨਿਆਂ ਵਿੱਚ ਇਸ ਦਿਨ ਨੂੰ ‘ਖੇਤੀ ਬਚਾਉ ਲੋਕਤੰਤਰ ਬਚਾਉ’ ਦਿਵਸ ਵਜੋਂ ਮਨਾਇਆ ਜਾਵੇਗਾ।
14 ਜੂਨ ਨੂੰ ਪੰਜਾਬ ਦੇ ਸਿਰਮੌਰ ਸ਼ਹੀਦ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਬਲੀਦਾਨ ਦਿਵਸ ਹੈ। 24 ਜੂਨ ਨੂੰ ਭਗਤ ਕਬੀਰ ਜੀ ਦੀ ਜਯੰਤੀ ਹੈ। ਕਿਸਾਨ ਧਰਨਿਆਂ ‘ਚ ਇਹ ਦੋਵੇਂ ਦਿਨ ਵੀ ਇਨ੍ਹਾਂ ਦੋਵਾਂ ਮਹਾਨ ਸ਼ਖਸੀਅਤਾਂ ਨੂੰ ਸਿਜਦਾ ਕਰਕੇ ਮਨਾਏ ਜਾਣਗੇ।
ਅੱਜ ਧਰਨੇ ਨੂੰ ਕਰਨੈਲ ਸਿੰਘ ਗਾਂਧੀ, ਗੁਰਦੇਵ ਸਿੰਘ ਮਾਂਗੇਵਾਲ, ਮੇਲਾ ਸਿੰਘ ਕੱਟੂ, ਅਮਰਜੀਤ ਕੌਰ, ਚਰਨਜੀਤ ਕੌਰ,ਗੁਰਦਰਸ਼ਨ ਸਿੰਘ ਦਿਉਲ, ਬਲਜੀਤ ਸਿੰਘ ਚੌਹਾਨਕੇ, ਨੇਕਦਰਸ਼ਨ ਸਿੰਘ, ਗੁਰਨਾਮ ਸਿੰਘ ਠੀਕਰੀਵਾਲਾ, ਗੁਰਮੇਲ ਸ਼ਰਮਾ ਤੇ ਬਾਬੂ ਸਿੰਘ ਖੁੱਡੀ ਕਲਾਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਭਾਵੇਂ ਸਾਡੇ ਅੰਦੋਲਨ ਦਾ ਮੁੱਖ ਟੀਚਾ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੈ ਪਰ ਅਸੀਂ ਲੋਕਤੰਤਰੀ ਕਦਰਾਂ ਕੀਮਤਾਂ ਦੀ ਰਾਖੀ ਵੀ ਕਰਨੀ ਹੈ। ਦਰਅਸਲ ਖੇਤੀ ਕਾਨੂੰਨਾਂ ਬਾਰੇ ਸਾਡੀ ਮੰਗ ਵੀ ਅਸਿੱਧੇ ਢੰਗ ਨਾਲ ਲੋਕਤੰਤਰ ਨੂੰ ਹਕੀਕੀ ਰੂਪ ਵਿੱਚ ਲਾਗੂ ਕਰਨ ਦੀ ਲੜਾਈ ਹੈ। ਹਕੀਕੀ ਲੋਕਤੰਤਰ ਵਿੱਚ ਕੋਈ ਵੀ ਕਾਨੂੰਨ ਲੋਕਾਂ ਦੀ ਮਰਜ਼ੀ ਅਨੁਸਾਰ ਬਣਦੇ ਹਨ। ਜੇਕਰ ਕੋਈ ਕਾਨੂੰਨ ਲੋਕ ਹਿੱਤਾਂ ਦੇ ਉਲਟ ਬਣ ਵੀ ਜਾਂਦਾ ਹੈ ਤਾਂ ਲੋਕਾਂ ਦੇ ਕਹਿਣ ਅਨੁਸਾਰ ਇਸ ਨੂੰ ਰੱਦ ਕਰ ਦੇਣਾ ਚਾਹੀਦਾ ਹੈ। ਸਾਡਾ ਅੰਦੋਲਨ ਲੋਕਤੰਤਰ ਦੇ ਇਸੇ ਹਕੀਕੀ ਰੂਪ ਨੂੰ ਲਾਗੂ ਕਰਵਾਉਣ ਦਾ ਅੰਦੋਲਨ ਹੈ। ਪ੍ਰੀਤ ਕੌਰ ਧੂਰੀ ਤੇ ਬਹਾਦਰ ਸਿੰਘ ਕਾਲਾ ਧਨੌਲਾ ਨੇ ਗੀਤ ਸੁਣਾਏ।