ਟੋਹਾਨਾ ‘ਚ ਕਿਸਾਨਾਂ ਦੀ ਜਿੱਤ ਨੇ ਧਰਨਾਕਾਰੀਆਂ ਦੇ ਹੌਸਲੇ ਹੋਰ ਬੁਲੰਦ ਕੀਤੇ।
9 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਬਲੀਦਾਨ ਦਿਵਸ ਮਨਾਉਣ ਲਈ ਹੁੰਮ ਹੁੰਮਾ ਕੇ ਧਰਨੇ ‘ਚ ਪੁੱਜੋ: ਕਿਸਾਨ ਆਗੂ
ਪਰਦੀਪ ਕਸਬਾ , ਬਰਨਾਲਾ: 8 ਜੂਨ, 2021
ਤੀਹ ਜਥੇਬੰਦੀਆਂ’ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 251 ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਕੱਲ੍ਹ ਟੋਹਾਨਾ( ਹਰਿਆਣਾ) ਵਿੱਚ ਕਿਸਾਨਾਂ ਨੇ, ਲਗਾਤਾਰ ਤਿੰਨ ਦਿਨ ਦੇ ਧਰਨੇ ਦੇ ਬਾਅਦ ਇੱਕ ਵੱਡੀ ਜਿੱਤ ਪ੍ਰਾਪਤ ਕੀਤੀ। ਹਰਿਆਣਾ ਸਰਕਾਰ ਨੇ ਸਿਰਫ ਗ੍ਰਿਫਤਾਰ ਕਿਸਾਨਾਂ ਨੂੰ ਰਿਹਾ ਹੀ ਨਹੀਂ ਕੀਤਾ ਸਗੋਂ ਉਨ੍ਹਾਂ ਵਿਰੁੱਧ ਦਰਜ ਕੇਸ ਰੱਦ ਕਰਨ ਬਾਰੇ ਵੀ ਸਹਿਮਤੀ ਦਿੱਤੀ। ਅੱਜ ਧਰਨੇ ਵਿੱਚ ਇਸ ਲਾਸਾਨੀ ਜਿੱਤ ਦੀ ਚਰਚਾ ਕੀਤੀ ਗਈ ਅਤੇ ਦਾਅਵਾ ਕੀਤਾ ਗਿਆ ਕਿ ਜਲਦੀ ਹੀ ਕਾਲੇ ਖੇਤੀ ਕਾਨੂੰਨਾਂ ਬਾਰੇ ਵੀ ਇਸੇ ਤਰ੍ਹਾਂ ਦੀ ਜਿੱਤ ਪ੍ਰਾਪਤ ਕੀਤੀ ਜਾਵੇਗੀ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ,ਗੁਰਦੇਵ ਸਿੰਘ ਮਾਂਗੇਵਾਲ, ਪ੍ਰਿਤਪਾਲ ਸਿੰਘ ਬਠਿੰਡਾ,ਬਾਬੂ ਸਿੰਘ ਖੁੱਡੀ ਕਲਾਂ, ਪ੍ਰੇਮਪਾਲ ਕੌਰ, ਜਸਪਾਲ ਕੌਰ,ਮਨਜੀਤ ਕੌਰ ਖੁੱਡੀ ਕਲਾਂ,ਗੋਰਾ ਸਿੰਘ ਢਿੱਲਵਾਂ, ਸਰਪੰਚ ਗੁਰਚਰਨ ਸਿੰਘ ਸੁਰਜੀਤਪੁਰਾ, ਬਲਜੀਤ ਸਿੰਘ ਚੌਹਾਨਕੇ ਤੇ ਹਰਚਰਨ ਸਿੰਘ ਚੰਨਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਬੀਜੇਪੀ ਦੇ ਇੱਕ ਉਘੇ ਨੇਤਾ ਨੇ ਪਾਰਟੀ ਨੇਤਾਵਾਂ ਨੂੰ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਲਈ 15 ਦਿਨ ਦਾ ਅਲਟੀਮੇਟਮ ਦਿੱਤਾ ਹੈ। ਇਹ ਕੋਈ ਵਿਕਲੋਤਰੀ ਘਟਨਾ ਨਹੀਂ ਹੈ। ਪਿਛਲੇ ਦਿਨਾਂ ‘ਚ ਕਿਸਾਨੀ ਮੰਗਾਂ ਨੂੰ ਲੈ ਕੇ ਬੀਜੇਪੀ ਦੇ ਕਈ ਸੂਬਾਈ ਤੇ ਕੌਮੀ ਨੇਤਾ ਕਿਸਾਨਾਂ ਨਾਲ ‘ਕੋਈ ਸਮਝੌਤਾ’ ਕਰਨ ਦੀਆਂ ਸਲਾਹਾਂ ਦਿੰਦੇ ਆ ਰਹੇ ਹਨ। ਇਸ ਤੋਂ ਪਤਾ ਚੱਲਦਾ ਹੈ ਕਿ ਸੱਤਾਧਾਰੀ ਪਾਰਟੀ ਤੇ ਸਰਕਾਰ ਕਿਸਾਨ ਅੰਦੋਲਨ ਨੂੰ ਲੈ ਕੇ ਬਹੁਤ ਦਬਾਅ ਹੇਠ ਹੈ। ਸਾਨੂੰ ਇਹ ਦਬਾਅ ਸਿਰਫ ਬਰਕਰਾਰ ਹੀ ਨਹੀਂ ਰੱਖਣਾ ਪਵੇਗਾ ਸਗੋਂ ਇਸ ਨੂੰ ਹੋਰ ਵਧਾਉਣਾ ਪਵੇਗਾ ਇਸ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਦਿੱਲੀ ਮੋਰਚਿਆਂ ਵੱਲ ਕੂਚ ਕੀਤਾ ਜਾਵੇ।
ਕਿਸਾਨ ਆਗੂਆਂ ਨੇ ਕਿਹਾ ਕਿ ਕੱਲ੍ਹ 9 ਜੂਨ ਧਰਨੇ ‘ਚ ਪੰਜਾਬ ਦੇ ਮਹਾਨ ਆਗੂ ਬਾਬਾ ਬੰਦਾ ਸਿੰਘ ਬਹਾਦਰ ਦਾ ਬਲੀਦਾਨ ਦਿਵਸ ਮਨਾਇਆ ਜਾਵੇਗਾ। ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲੀ ਵਾਰ ਜਾਗੀਰਦਾਰਾਂ ਤੋਂ ਜ਼ਮੀਨਾਂ ਖੋਹ ਕੇ ਹਲਵਾਹਕਾਂ ਨੂੰ ਦਿੱਤੀਆਂ ਸਨ। ਇਸੇ ਕਰਕੇ ਪੰਜਾਬ ਦੇ ਕਿਸਾਨ ਉਸ ਨੂੰ ਆਪਣਾ ਪਹਿਲਾ ਤਹਿਸੀਲਦਾਰ ਕਹਿੰਦੇ ਹਨ।
ਅੱਜ ਬਹਾਦਰ ਸਿੰਘ ਕਾਲਾ ਧਨੌਲਾ ਤੇ ਨਰਿੰਦਰਪਾਲ ਸਿੰਗਲਾ ਨੇ ਗੀਤ ਤੇ ਕਵਿਤਾਵਾਂ ਸੁਣਾਈਆਂ।