ਬਲਾਕ ਬਠਿੰਡਾ ਦੇ ਨਾਮ ਚਰਚਾ ਘਰ ’ਚ ਲੱਗਿਆ ਕੋਰੋਨਾ ਵੈਕਸੀਨ ਕੈਂਪ
ਅਸ਼ੋਕ ਵਰਮਾ , ਬਠਿੰਡਾ, 5 ਜੂਨ 2021
ਕੋਰੋਨਾ ਮਹਾਂਮਾਰੀ ਦੇ ਖਾਤਮੇ ਲਈ ਸਿਹਤ ਵਿਭਾਗ ਵੱਲੋਂ ਸਮਾਜਿਕ, ਧਾਰਮਿਕ ਸੰਸਥਾਵਾਂ ਅਤੇ ਕਲੱਬਾਂ ਆਦਿ ਦੇ ਸਹਿਯੋਗ ਨਾਲ ਕੋਰੋਨਾ ਵੈਕਸੀਨ ਲਾਉਣ ਲਈ ਲਾਏ ਜਾ ਰਹੇ ਕੈਂਪਾਂ ਦੀ ਲੜੀ ਤਹਿਤ ਅੱਜ ਇੱਥੇ ਮਲੋਟ ਰੋਡ ’ਤੇ ਸਥਿਤ ਡੇਰਾ ਸੱਚਾ ਸੌਦਾ ਦੇ ਨਾਮ ਚਰਚਾ ਘਰ ’ਚ ਬਲਾਕ ਬਠਿੰਡਾ ਵੱਲੋਂ ਵੈਕਸੀਨੇਸ਼ਨ ਕੈਂਪ ਲਾਇਆ ਗਿਆ। ਕੈਂਪ ਲਈ ਬਲਾਕ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਸੁਚੱਜੇ ਪ੍ਰਬੰਧ ਕੀਤੇ ਗਏ ਸਨ।
ਬਲਾਕ ਦੇ 15 ਮੈਂਬਰ ਨਰਿੰਦਰ ਇੰਸਾਂ ਅਤੇ ਬਲਾਕ ਭੰਗੀਦਾਸ ਸੁਨੀਲ ਇੰਸਾਂ ਨੇ ਦੱਸਿਆ ਕਿ ਵਿਸ਼ਵ ਭਰ ’ਚ ਫੈਲੀ ਕੋਰੋਨਾ ਮਹਾਂਮਾਰੀ ਦੇ ਕਹਿਰ ਤਹਿਤ ਭਾਰਤ ਦੇਸ਼ ਵਾਸੀਆਂ ਨੂੰ ਬਚਾਉਣ ਤਹਿਤ ਲਗਾਈ ਜਾ ਰਹੀ ਕੋਰੋਨਾ ਵੈਕਸੀਨ ਸਬੰਧੀ ਅੱਜ ਨਾਮ ਚਰਚਾ ਘਰ ’ਚ ਕੈਂਪ ਲਾਇਆ ਗਿਆ। ਕੈਂਪ ਨੂੰ ਸੁਚੱਜੇ ਢੰਗ ਨਾਲ ਚਲਾਉਣ ਤੇ ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦਾ ਖਾਸ ਧਿਆਨ ਰੱਖਿਆ ਗਿਆ। ਵੈਕਸੀਨ ਤੋਂ ਪਹਿਲਾਂ ਸਿਹਤ ਵਿਭਾਗ ਦੀ ਟੀਮ ਨੇ ਕੋਰੋਨਾ ਦੇ ਰੈਪਿਡ ਟੈਸਟ ਵੀ ਕੀਤੇ ।
ਇਸ ਮੌਕੇ 45 ਮੈਂਬਰ ਪੰਜਾਬ ਗੁਰਦੇਵ ਸਿੰਘ ਇੰਸਾਂ, ਗੁਰਮੇਲ ਸਿੰਘ ਇੰਸਾਂ, ਰਣਜੀਤ ਸਿੰਘ ਇੰਸਾਂ ਅਤੇ ਸੇਵਕ ਇੰਸਾਂ ਨੇ ਦੱਸਿਆ ਕਿ ਕੈਂਪ ਦੌਰਾਨ 165 ਵਿਅਕਤੀਆਂ ਵੱਲੋਂ ਅੱਜ ਕੋਰੋਨਾ ਵੈਕਸੀਨ ਲਗਵਾਈ ਗਈ ਤੇ ਕੋਰੋਨਾ ਜਾਂਚ ਹਿੱਤ ਰੈਪਿਡ ਟੈਸਟ ਕਰਵਾਏ। ਉਨਾਂ ਦੱਸਿਆ ਕਿ ਇਸ ਕੈਂਪ ਤੋਂ ਇਲਾਵਾ ਜ਼ਿਲੇ ਦੇ ਵੱਖ-ਵੱਖ ਬਲਾਕਾਂ ’ਚ ਸਿਹਤ ਵਿਭਾਗ ਦੇ ਸਹਿਯੋਗ ਨਾਲ ਹੋਰ ਕੈਂਪ ਲਗਾਏ ਜਾਣਗੇ ਤਾਂ ਜੋ ਵੱਧ ਤੋਂ ਵੱਧ ਟੀਕਾਕਰਨ ਕਰਕੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਇਆ ਜਾ ਸਕੇ।