ਹਰ ਇੱਕ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਦਰਖਤ ਲਾਉਣ ਦਾ ਲਾ ਲਵੇ ਪ੍ਰਣ – ਯੂਥ ਵੀਰਾਂਗਨਾਵਾਂ
ਅਸ਼ੋਕ ਵਰਮਾ , ਬਠਿੰਡਾ, 5 ਜੂਨ 2021
ਯੂਥ ਵੀਰਾਂਗਨਾਏ (ਰਜਿ.) ਇਕਾਈ ਬਠਿੰਡਾ ਵੱਲੋਂ ਅੱਜ ਗੁਰੂ ਨਾਨਕ ਪੁਰਾ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਮੌਕੇ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਯੂਥ ਵਲੰਟੀਅਰਾਂ ਨੇ ਵੱਲੋਂ ਪੌਦੇ ਲਗਾਏ।
ਇਸ ਮੌਕੇ ਯੂਥ ਵੀਰਾਂਗਨਾਏ ਨੀਤੂ ਨੇ ਕਿਹਾ ਕਿ ਵਾਤਾਵਰਣ ਦੀ ਸੰਭਾਲ ਕਰਨਾ ਸਾਡਾ ਮੁੱਖ ਫਰਜ ਹੈ ਕਿਉਂਕਿ ਜਿਸ ਹਿਸਾਬ ਨਾਲ ਦਿਨ-ਬ-ਦਿਨ ਰੁੱਖਾਂ ਦੀ ਕਟਾਈ ਤੇਜ ਹੋ ਰਹੀ ਹੈ ਉਸ ਨਾਲ ਅਨੇਕ ਤਰਾਂ ਦੀਆਂ ਆਫਤਾਂ ਪੈਦਾ ਹੋਣਗੀਆਂ ਜੋ ਭਵਿੱਖ ਲਈ ਨੁਕਸਾਨਦੇਹ ਹੈ। ਉਹਨਾਂ ਕਿਹਾ ਕਿ ਆਉਣ ਵਾਲੀਆਂ ਪੀੜੀਆਂ ਨੂੰ ਸਮੱਸਿਆਵਾਂ ਦਾ ਸੰਤਾਪ ਨਾ ਹੰਢਾਉਣਾ ਪਵੇ ਇਸ ਲਈ ਰੁੱਖਾਂ ਦੀ ਸੰਭਾਲ ਕਰਨੀ ਚਾਹੀਦੀ ਅਤੇ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ।
ਇਸ ਮੌਕੇ ਬੱਚੀ ਦਿਲਪ੍ਰੀਤ ਵੱਲੋਂ ਸਾਰੀਆਂ ਵਲੰਟੀਅਰਾਂ ਨੂੰ ਭਵਿੱਖ ’ਚ ਵੀ ਜਿਆਦਾ ਤੋਂ ਜਿਆਦਾ ਪੌਦੇ ਲਗਾਉਣ ਅਤੇ ਲਗਾਏ ਗਏ ਪੌਦਿਆਂ ਦੀ ਦੇਖ-ਭਾਲ ਕਰਨ ਦਾ ਪ੍ਰਣ ਦੁਆਇਆ ਗਿਆ। ਇਸ ਮੌਕੇ ਯੂਥ ਵਲੰਟੀਅਰਾਂ ਸੋਨੀ, ਵੀਨਾ, ਸਚਵਿੰਦਰ, ਦਿਲਪ੍ਰੀਤ, ਗੁਰਪ੍ਰੀਤ, ਰਵਨੂਰ, ਕਿਰਨ ਅਤੇ ਗੁਰਦਰਸ਼ਨਾ ਹਾਜਰ ਸਨ।