ਆਉਣ ਵਾਲੀ ਪੀੜੀ ਲਈ ਪ੍ਰਦੂਸ਼ਣ ਮੁਕਤ ਵਾਤਾਵਰਣ ਦੀ ਸਿਰਜਣਾ ਕਰੀਏ: ਸਿਵਲ ਸਰਜਨ
ਪਰਦੀਪ ਕਸਬਾ , ਮਹਿਲ ਕਲਾਂ/ਬਰਨਾਲਾ, 5 ਜੂਨ 2021
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਮਿਊਨਿਟੀ ਹੈਲਥ ਸੈਂਟਰ ਮਹਿਲ ਕਲਾਂ ਵਿਖੇ ਵਿਸ਼ਵ ਵਾਤਾਵਰਣ ਦਿਵਸ ਸਬੰਧੀ ਸਮਾਗਮ ਕਰਾਇਆ ਗਿਆ, ਜਿਸ ਵਿਚ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਡਾ. ਔਲਖ ਨੇ ਕਿਹਾ ਕਿ ਸਾਨੂੰ ਵਿਸ਼ਵ ਵਾਤਾਵਰਣ ਦਿਵਸ ’ਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਸਿਰਜਣ ਦਾ ਪ੍ਰਣ ਕਰਨਾ ਚਾਹੀਦਾ ਹੈ। ਅਸੀਂ ਆਪਣੇ ਲਈ ਅਤੇ ਆਉਣ ਵਾਲੀਆਂ ਪੀੜੀਆਂ ਲਈ ਸਾਫ-ਸੁਥਰੀ, ਸੁਰੱਖਿਅਤ ਅਤੇ ਰਹਿਣਯੋਗ ਧਰਤੀ ਦੀ ਸਿਰਜਣਾ ਕਰਨ ਲਈ ਵੱਧ ਤੋਂ ਵੱਧ ਛਾਂਦਾਰ, ਫਲ ਅਤੇ ਫੁੱਲਾਂ ਵਾਲੇ ਬੂਟੇ ਲਗਾਈਏ।
ਸੀਨੀਅਰ ਮੈਡੀਕਲ ਅਫਸਰ ਮਹਿਲ ਕਲਾਂ ਡਾ. ਹਰਿੰਦਰ ਸਿੰਘ ਸੂਦ ਨੇ ਕਿਹਾ ਕਿ ਰੁੱਖਾਂ ਦੀ ਕਟਾਈ, ਪਾਣੀ ਦੀ ਦੁਰਵਰਤੋਂ, ਪਲਾਸਟਿਕ ਦੀ ਵਰਤੋਂ ਕਰਨ, ਪਾਣੀ ਵਿੱਚ ਕੂੜਾ ਕਰਕਟ ਮਿਲਾਉਣ ਕਾਰਨ, ਵਹੀਕਲਾਂ ਤੇ ਉਦਯੋਗਾਂ ਦਾ ਧੂੰਆਂ, ਏ.ਸੀ. ਦੀ ਹਵਾ ਅਤੇ ਜ਼ਹਿਰੀਲੀਆਂ ਗੈਸਾਂ ਕਾਰਨ ਹਵਾ , ਪਾਣੀ ਤੇ ਧਰਤੀ ਨੂੰ ਦੂਸ਼ਿਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ, ਸੀਨੀਅਰ ਮੈਡੀਕਲ ਅਫਸਰ ਮਹਿਲ ਕਲਾਂ ਤੇ ਸੀ.ਐਚ.ਸੀ. ਮਹਿਲ ਕਲਾਂ ਦੇ ਸਮੂਹ ਸਟਾਫ ਵੱਲੋਂ ਪੌਦੇ ਲਗਾਏ ਗਏ ਅਤੇ ਜਾਗਰੂਕਤਾ ਪੈਂਫਲੇਟਸ ਵੰਡੇ ਗਏ।