ਜੁਰਮਾਨਾ ਰਾਸ਼ੀ ਦੇ ਹਿਸਾਬ ਨਾਲ ਹੁਣ ਤੱਕ ਕਿਸੇ ਵੀ ਮਹੀਨੇ ਕੀਤੀ ਗਈ ਸਭ ਤੋਂ ਵੱਡੀ ਕਾਰਵਾਈ
ਬੀ ਟੀ ਐੱਨ, ਚੰਡੀਗੜ੍ਹ, 25 ਮਈ 2021
ਸਰਕਾਰੀ ਖਜ਼ਾਨਾ ਨੂੰ ਖੋਰਾ ਲਗਾਉਣ ਵਾਲਿਆਂ ਖਿਲਾਫ ਨਿਰੰਤਰ ਕਾਰਵਾਈ ਕਰਦਿਆਂ ਟੈਕਸ ਚੋਰੀ ‘ਤੇ ਨਿਰੰਤਰ ਚੌਕਸੀ ਰੱਖਦੇ ਹੋਏ ਜੀ.ਐੱਸ.ਟੀ.ਵਿਭਾਗ ਦੇ ਇਨਫੋਰਸਮੈਂਟ ਵਿੰਗ ਨੇ ਅਪਰੈਲ 2021 ਦੇ ਮਹੀਨੇ ਦੌਰਾਨ 10.44 ਕਰੋੜ ਰੁਪਏ ਜੁਰਮਾਨਾ ਲਗਾਇਆ ਹੈ। ਕਿਸੇ ਵੀ ਇਕ ਮਹੀਨੇ ਵਿੱਚ ਕੀਤੀ ਗਈ ਇਹ ਸਭ ਤੋਂ ਵੱਡੀ ਕਾਰਵਾਈ ਹੈ ਅਤੇ ਪਹਿਲੀ ਵਾਰ ਜੁਰਮਾਨੇ ਦੀ ਰਾਸ਼ੀ ਕਰੋੜਾਂ ਦੇ ਦਹਾਈ ਦੇ ਅੰਕ ‘ਤੇ ਪਹੁੰਚੀ ਹੈ।
ਇਹ ਖੁਲਾਸਾ ਕਰ ਵਿਭਾਗ ਦੇ ਬੁਲਾਰੇ ਵੱਲੋਂ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ ਗਿਆ। ਬੁਲਾਰੇ ਨੇ ਦੱਸਿਆ ਕਿ ਇਸ ਤੱਥ ਦੇ ਬਾਵਜੂਦ ਕਿ ਕੋਵਿਡ-19 ਦੇ ਕੇਸਾਂ ਦੀ ਗਿਣਤੀ ਵਿੱਚ ਅਪਰੈਲ 2021 ਵਿਚ ਵਾਧਾ ਹੋਇਆ ਅਤੇ ਪਿਛਲੇ ਸਾਲ ਤੋਂ ਮੋਬਾਇਲ ਵਿੰਗਾਂ ਦੀ ਗਿਣਤੀ 13 ਤੋਂ ਘੱਟ ਕੇ 7 ਹੋ ਗਈ ਹੈ, ਸਟੇਟ ਜੀ.ਐਸ.ਟੀ. ਵਿਭਾਗ ਦੇ ਇਨਫੋਰਸਮੈਂਟ ਵਿੰਗ ਨੇ ਇੱਕ ਨਵਾਂ ਮਾਅਰਕਾ ਸਥਾਪਤ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਟੈਕਸ ਵਿਭਾਗ ਦੇ ਇਨਫੋਰਸਮੈਂਟ ਵਿੰਗ ਵਿਚਲੇ ਅਧਿਕਾਰੀ ਜੀ.ਐਸ.ਟੀ. ਤੋਂ ਦੂਰ ਰਹਿਣ ਵਾਲੀਆਂ ਚੀਜ਼ਾਂ ਦੀ ਗੈਰ-ਕਾਨੂੰਨੀ ਮੂਵਮੈਂਟ ‘ਤੇ ਚੌਕਸੀ ਰੱਖਦੇ ਹਨ। ਅਧਿਕਾਰੀ ਅਚਨਚੇਤ ਕਾਰਵਾਈ, ਮੁਖਬਰਾਂ, ਟੈਕਸ ਦੀਆਂ ਸੰਭਾਵਿਤ ਵਸਤੂਆਂ ਉੱਤੇ ਨਿਗਰਾਨੀ ਆਦਿ ਦੇ ਆਧਾਰ ‘ਤੇ ਕੰਮ ਕਰਦੇ ਹਨ। ਜਦੋਂ ਜੀ.ਐਸ.ਟੀ. ਚੋਰੀ ਵਿੱਚ ਸ਼ਾਮਲ ਇਨ੍ਹਾਂ ਵਾਹਨਾਂ ਨੂੰ ਫੜਿਆ ਜਾਂਦਾ ਹੈ, ਤਾਂ ਜੀ.ਐਸ.ਟੀ. ਐਕਟ ਦੀਆਂ ਧਾਰਾਵਾਂ ਤਹਿਤ ਨੋਟਿਸ ਜਾਰੀ ਕੀਤੇ ਜਾਂਦੇ ਹਨ ਅਤੇ ਸਬੰਧਤ ਧਿਰ ਨੂੰ ਮੌਕਾ ਦੇਣ ਤੋਂ ਬਾਅਦ ਜੁਰਮਾਨਾ ਲਗਾਇਆ ਜਾਂਦਾ ਹੈ।
ਬੁਲਾਰੇ ਨੇ ਵਿਸਥਾਰ ਵਿੱਚ ਖੁਲਾਸਾ ਕਰਦਿਆਂ ਦੱਸਿਆ ਕਿ ਵਿਭਾਗ ਦੇ ਸੱਤ ਮੋਬਾਈਲ ਵਿੰਗਾਂ ਵਿਚੋਂ ਸਭ ਤੋਂ ਵੱਧ ਜੁਰਮਾਨਾ ਲੁਧਿਆਣਾ ਦੁਆਰਾ ਲਗਾਇਆ ਗਿਆ ਹੈ ਜੋ ਕਿ 3.35 ਕਰੋੜ ਰੁਪਏ ਹੈ। ਵਿਅਕਤੀਗਤ ਅਧਿਕਾਰੀਆਂ ਦੁਆਰਾ ਲਗਾਏ ਗਏ ਜੁਰਮਾਨੇ ਦੇ ਮਾਮਲੇ ਵਿੱਚ ਸਭ ਵੱਧ ਤੋਂ ਵੱਧ ਮੋਬਾਈਲ ਵਿੰਗ ਲੁਧਿਆਣਾ ਤੋਂ ਐਸ.ਟੀ.ਓ. ਸੁਮਿਤ ਥਾਪਰ ਦੁਆਰਾ ਲਗਾਇਆ ਗਿਆ ਜੋ ਕਿ 36 ਕੇਸਾਂ ਵਿੱਚ ਰਕਮ 1,22,75,370 ਰੁਪਏ ਲਗਾਇਆ ਗਿਆ ਹੈ। ਦੋ ਹੋਰ ਐਸ.ਟੀ.ਓ. ਬਲਦੀਪ ਕਰਨ ਸਿੰਘ, ਮੋਬਾਈਲ ਵਿੰਗ ਲੁਧਿਆਣਾ ਅਤੇ ਐਸ.ਟੀ.ਓ.ਰਾਜੀਵ ਸ਼ਰਮਾ, ਮੋਬਾਈਲ ਵਿੰਗ ਚੰਡੀਗੜ੍ਹ-2 ਵੱਲੋਂ ਕ੍ਰਮਵਾਰ 1,06,14,045 ਰੁਪਏ ਅਤੇ 1,01,88,808 ਰੁਪਏ ਜੁਰਮਾਨਾ ਲਗਾਇਆ ਗਿਆ।
ਬੁਲਾਰੇ ਨੇ ਅੱਗੇ ਦੱਸਿਆ ਕਿ ਅਪਰੈਲ 2021 ਦੇ ਮਹੀਨੇ ਦੌਰਾਨ ਲਗਾਏ ਗਏ ਕੁੱਲ ਜੁਰਮਾਨੇ ਦਾ ਵਸਤੂਗਤ ਤੌਰ ‘ਤੇ ਵਿਸ਼ਲੇਸ਼ਣ ਦੱਸਦਾ ਹੈ ਕਿ ਲੋਹੇ ਦੇ ਸਕਰੈਪ ਲੈ ਜਾਣ ਵਾਲੇ ਵਾਹਨਾਂ ‘ਤੇ 4.59 ਕਰੋੜ ਰੁਪਏ ਜੁਰਮਾਨਾ ਲਗਾਇਆ ਗਿਆ ਹੈ, ਲੋਹੇ ਅਤੇ ਸਟੀਲ ਦਾ ਤਿਆਰ ਸਮਾਨ ਲਿਜਾਣ ਵਾਲੇ ਵਾਹਨਾਂ ‘ਤੇ 2.60 ਕਰੋੜ ਰੁਪਏ ਜੁਰਮਾਨਾ ਲਗਾਇਆ ਗਿਆ ਹੈ, ਪ੍ਰਚੂਨ/ਮਿਕਸਡ ਸਾਮਾਨ ਲਿਜਾਣ ਵਾਲੇ ਵਾਹਨਾਂ ਨੂੰ 1.04 ਕਰੋੜ ਰੁਪਏੇ ਜੁਰਮਾਨਾ ਲਗਾਇਆ ਗਿਆ ਹੈ, ਹੋਰ ਵੱਖ-ਵੱਖ ਚੀਜ਼ਾਂ ‘ਤੇ 1.03 ਕਰੋੜ ਰੁਪਏ ਜੁਰਮਾਨਾ, ਤਾਂਬੇ ਦਾ ਸਕਰੈਪ ਲੈ ਕੇ ਜਾਣ ਵਾਲੀਆਂ ਗੱਡੀਆਂ ‘ਤੇ 80.67 ਲੱਖ ਰੁਪਏ, ਸਰ੍ਹੋਂ ਦਾ ਬੀਜ/ਤੇਲ ਆਦਿ ਵਾਹਨ ਚਲਾਉਣ ਵਾਲੇ ਵਾਹਨਾਂ ‘ਤੇ 17.47 ਲੱਖ ਜੁਰਮਾਨਾ ਲਗਾਇਆ ਗਿਆ ਹੈ। ਅਪਰੈਲ 2021 ਦੇ ਦੌਰਾਨ ਲਗਾਏ ਗਏ ਕੁੱਲ ਜੁਰਮਾਨੇ ਵਿੱਚ ਆਇਰਨ ਸਕਰੈਪ ਦੇ ਜੁਰਮਾਨੇ ਦਾ 43.96 ਫੀਸਦੀ ਹਿੱਸਾ ਸੀ ਜਦੋਂ ਕਿ ਪ੍ਰਚੂਨ ਮਾਲ ਉੱਤੇ ਲਗਾਇਆ ਗਿਆ ਕੁੱਲ ਜੁਰਮਾਨਾ 9.9 ਫੀਸਦੀ ਹੈ।
ਇਸ ਰਿਕਾਰਡ ਕਾਰਗੁਜ਼ਾਰੀ ਅਤੇ ਨਵਾਂ ਮਾਅਰਕਾ ਸਥਾਪਤ ਕਰਨ ਦੀ ਪ੍ਰਾਪਤੀ ਲਈ ਟੈਕਸ ਕਮਿਸ਼ਨਰ, ਪੰਜਾਬ ਵੱਲੋਂ ਇਨਫੋਰਸਮੈਂਟ ਵਿੰਗ ਦੇ ਸਾਰੇ ਅਧਿਕਾਰੀਆਂ ਨੂੰ ਵਧਾਈ ਦਿੰਦੇ ਹੋਏ ਇਸ ਦੀ ਸ਼ਲਾਘਾ ਕੀਤੀ ਗਈ।
——-