ਹੜਤਾਲ ‘ਤੇ ਗਏ ਐਨ.ਐਚ.ਐਮ ਕਾਮਿਆਂ ਨੂੰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੀਤੀ ਤਾੜਨਾ
ਬੀ ਟੀ ਐਨ , ਚੰਡੀਗੜ੍ਹ, 10 ਮਈ 2021
ਪਿਛਲੇ ਕਈ ਦਿਨਾਂ ਤੋਂ ਨੈਸ਼ਨਲ ਹੈਲਥ ਮਿਸ਼ਨ (ਐਨ.ਐਚ.ਐਮ) ਦੇ ਸਿਹਤ ਕਾਮੇ ਹੜਤਾਲ ‘ਤੇ ਚੱਲ ਰਹੇ ਨੇ ਤੇ ਲੰਘੇ ਦਿਨ ਸਿਹਤ ਮੰਤਰੀ ਬਲਬੀਰ ਸਿੱਧੂ ਅਤੇ ਡਾਇਰੈਕਟਰ ਮਿਸ਼ਨ ਵੱਲੋਂ ਹੜਤਾਲ ‘ਤੇ ਗਏ ਕਰਮੀਆਂ ਨੂੰ ਮੁੜ ਡਿਊਟੀ ਜੁਆਇਨ ਕਰਨ ਬਾਬਤ ਤਾੜਨਾ ਤੇ ਬੇਨਤੀ ਵੀ ਕੀਤੀ ਗਈ ਸੀ, ਪਰ ਅੱਜ ਸਿਹਤ ਮਹਿਕਮੇ ਨੇ ਨਵਾਂ ਆਰਡਰ ਕੱਢ ਕੇ ਹੜਤਾਲ ‘ਤੇ ਗਏ ਕਾਮਿਆਂ ਨੂੰ ਨਵੀਂ ਸਮੱਸਿਆ ਖੜ੍ਹੀ ਕਰ ਦਿੱਤੀ ਹੈ ।
ਨਵੇਂ ਆਰਡਰ ਮੁਤਾਬਕ ਐਨ.ਐਚ.ਐਮ ਅਧੀਨ ਹੜਤਾਲ ‘ਤੇ ਗਏ ਕਰਮੀਆਂ ਦੀ ਥਾਂ ‘ਤੇ ਵਲੰਟੀਅਰ ਸਟਾਫ ਰੱਖਣ ਦੀ ਤਜਵੀਜ਼ ਦੇ ਦਿੱਤੀ ਹੈ। ਮਹਿਕਮੇ ਨੇ ਕਿਹਾ ਕਿ ਜੇਕਰ 10 ਮਈ ਨੂੰ 10 ਵਜੇ ਤੱਕ ਡਿਊਟੀ ਜੁਆਇਨ ਨਹੀਂ ਕਰਤੇ ਤਾਂ ਹੜਤਾਲ ‘ਤੇ ਗਏ ਕਾਮਿਆਂ ਦੀ ਥਾਂ ‘ਤੇ ਸਬੰਧਤ ਜ਼ਿਲ੍ਹੇ ਦੇ ਡੀ.ਸੀ/ਸਿਵਲ ਸਰਜਨ ਆਪਣੇ ਪੱਧਰ ‘ਤੇ ਸਟਾਫ ਨਰਸਾਂ, ਫਾਰਮਾਸਿਸਟ ਅਤੇ ਲੈਬ ਟੈਕਨੀਸ਼ੀਅਨ (1000 ਰੁਪਏ ਪ੍ਰਤੀ ਦਿਨ) ਭਰਤੀ ਕਰ ਲਏ ਜਾਣ। ਜਿਸ ਨਾਲ ਕੋਰੋਨਾ ਮਹਾਂਮਾਰੀ ਦੌਰਾਨ ਸਿਹਤ ਸੇਵਾਵਾਂ ਪ੍ਰਭਾਵਿਤ ਨਾ ਹੋ ਸਕਣ।
ਨਾਲ ਇਹ ਵੀ ਕਿਹਾ ਗਿਆ ਹੈ ਕਿ ਸਿਰਫ ਜ਼ਰੂਰਤ ਅਨੁਸਾਰ ਹੀ ਵਲੰਟੀਅਰ ਸਟਾਫ ਤੈਨਾਤ ਕੀਤਾ ਜਾਏ।ਇੰਨ੍ਹਾਂ ਵਲੰਟੀਅਰ ਸਟਾਫ ਦੀ ਤੈਨਾਤੀ ਪਹਿਲਾਂ 15 ਦਿਨਾਂ ਲਈ ਕੀਤੀ ਜਾਏਗੀ ਅਤੇ ਜ਼ਰੂਰਤ ਅਨੁਸਾਰ ਇਸ ਦਫਤਰ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਅੱਗੇ ਲੈਣ ਸਬੰਧੀ ਨਿਰਦੇਸ਼ ਦਿੱਤੇ ਜਾਣਗੇ। ਵਲੰਟੀਅਰ ਸਟਾਫ ਨੂੰ ਪ੍ਰਤੀ ਦਿਨ ਦੇ ਹਿਸਾਬ ਨਾਲ ਆਨਰੇਰੀਅਮ ਦਿੱਤਾ ਜਾਏਗਾ ਜਿਸਦੀ ਅਦਾਇਗੀ ਜ਼ਿਲ੍ਹਾ ਡਿਜ਼ਾਸਟਰ ਰਲੀਫ ਫੰਡ ‘ਚੋ ਕੀਤੀ ਜਾਏਗੀ।