ਛੱਪੜਾਂ ਦੇ ਪਾਣੀ ਦੀ ਖੇਤੀ ਲਈ ਵਰਤੋਂ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧੀ
ਬੀ ਟੀ ਐੱਨ , ਫ਼ਤਹਿਗੜ੍ਹ ਸਾਹਿਬ, 08 ਮਈ 2021
ਪਿੰਡਾਂ ਦੇ ਛੱਪੜਾਂ ਦੇ ਟਰੀਟਮੈਂਟ ਪਲਾਂਟ ਰਾਹੀਂ ਸਾਫ ਕੀਤੇ ਪਾਣੀ ਨੂੰ ਖੇਤੀਬਾੜੀ ਲਈ ਵਰਤਣ ਵਾਸਤੇ ਪੇਡਾ ਵਲੋਂ ਪੰਜਾਬ ਦੇ ਪਿੰਡਾਂ ਵਿੱਚ ਛੱਪੜਾਂ ਦੀ ਉਪਰਲੀ ਸਤਾ ਦਾ ਪਾਣੀ ਕੱਢਣ ਤੇ ਸੁਚੱਜੀ ਵਰਤੋਂ ਤਹਿਤ ਹਲਕਾ ਫ਼ਤਹਿਗੜ੍ਹ ਸਾਹਿਬ ਦੇ 72 ਪਿੰਡਾਂ ਵਿੱਚ ਸੋਲਰ ਪੰਪ ਲਗਾਏ ਗਏ ਹਨ। ਇਹ ਦੇਸ਼ ਦਾ ਪਹਿਲਾ ਹਲਕਾ ਹੈ ਜਿੱਥੇ ਸਰਕਾਰ ਵੱਲੋਂ ਐਨੇ ਸੋਲਰ ਪੰਪ ਲਾਏ ਗਏ ਹਨ।
ਇਹ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਇਹ ਸੋਲਰ ਪਾਵਰ ਪ੍ਰੋਜੈਕਟ ਵਾਤਾਵਰਨ ਨੂੰ ਸਾਫ਼ ਰੱਖਣ ਵਿੱਚ ਵੀ ਸਹਾਈ ਸਿੱਧ ਹੋ ਰਹੇ ਹਨ। ਇਸ ਸਕੀਮ ਅਧੀਨ 05 ਐਚ.ਪੀ. ਇੱਕ ਸੋਲਰ ਪੰਪ ਲਗਾਉਣ ਦਾ ਖਰਚ ਸਬਸਿਡੀ ਤੋਂ ਬਾਅਦ ਕਰੀਬ 90 ਹਜ਼ਾਰ ਰੁਪਏ ਹੈ। ਸ. ਨਾਗਰਾ ਨੇ ਦੱਸਿਆ ਕਿ ਪਿੰਡਾਂ ਵਿੱਚ ਬਰਸਾਤੀ ਮੌਸਮ ਤੋਂ ਪਹਿਲਾਂ ਛੱਪੜ ਦੀ ਸਫਾਈ ਕਰਨ ਲਈ ਪੰਚਾਇਤ ਦਾ ਬਹੁਤ ਜਿਆਦਾ ਖਰਚਾ ਹੁੰਦਾ ਹੈ, ਪ੍ਰੰਤੂ ਇਹ ਸੋਲਰ ਪੰਪ ਲੱਗਣ ਕਰਕੇ ਛੱਪੜ ਦੀ ਸਫਾਈ ਕਰਨ ਤੇ ਆਉਣ ਵਾਲੇ ਪੰਚਾਇਤ ਦੇ ਖਰਚੇ ਦੀ ਬੱਚਤ ਹੁੰਦੀ ਹੈ।
ਪੰਚਾਇਤੀ ਜ਼ਮੀਨਾਂ ਨੂੰ ਸੋਲਰ ਪੰਪ ਨਾਲ ਪਾਣੀ ਲਗਾਇਆ ਜਾਂਦਾ ਹੈ, ਜਿਸ ਨਾਲ ਕਿਸਾਨਾਂ ਨੂੰ ਫਾਇਦਾ ਹੁੰਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧੇਗੀ, ਕਿਉਂਕਿ ਇਸ ਪਾਣੀ ਵਿੱਚ ਨਾਈਟ੍ਰੋਜਨ ਦੀ ਮਾਤਰਾ ਵੱਧ ਹੁੰਦੀ ਹੈ ਤੇ ਖੇਤਾਂ ਵਿੱਚ ਖਾਦ ਘੱਟ ਪਾਉਣੀ ਪੈਂਦੀ ਹੈ। ਉਹਨਾਂ ਦੱਸਿਆ ਕਿ ਇਸ ਦੇ ਨਾਲ ਨਾਲ ਪਿੰਡ ਦੀਆਂ ਸਰਕਾਰੀ ਸਾਂਝੀਆਂ ਥਾਵਾਂ ਜਿਵੇਂ ਕਿ ਧਰਮਸ਼ਾਲਾ, ਸੱਥ, ਕਮਿਊਨਟੀ ਸੈਂਟਰ ਆਦਿ ਦੀ ਬਿਜਲੀ ਨੈੱਟ ਮੀਟਰਿੰਗ ਰਾਹੀਂ ਸੋਲਰ ਪੈਨਲ ਨੂੰ ਜੋੜ ਕੇ ਇਨ੍ਹਾਂ ਸਾਰੀਆਂ ਥਾਵਾਂ ਤੇ ਮੁਫ਼ਤ ਬਿਜਲੀ ਸਪਲਾਈ ਕੀਤੀ ਜਾਵੇਗੀ।
ਪਿੰਡ ਦੇ ਆਲੇ-ਦੁਆਲੇ ਸਟਰੀਟ ਲਾਈਟਾਂ ਲਗਾ ਕੇ ਇਨ੍ਹਾਂ ਦੀ ਨੈੱਟ ਮੀਟਰਿੰਗ ਕਰਵਾ ਕੇ ਸੋਲਰ ਪੈਨਲ ਨਾਲ ਜੋੜ ਕੇ ਰੌਸ਼ਨੀ ਦਾ ਪ੍ਰਬੰਧ ਕੀਤਾ ਜਾ ਸਕੇਗਾ, ਜਿਸ ਨਾਲ ਪੰਚਾਇਤ ਤੇ ਪੈਣ ਵਾਲਾ ਬਿਜਲੀ ਦੇ ਬਿੱਲ ਦਾ ਵਿੱਤੀ ਥੋਝ ਘਟੇਗਾ। ਛੱਪੜ ਦੇ ਪਾਣੀ ਨੂੰ ਖੇਤੀਬਾੜੀ ਲਈ ਵਰਤੋਂ ਕਰਨ ਨਾਲ ਛੱਪੜ ਸਾਫ ਰਹਿਣਗੇ, ਜਿਸ ਕਾਰਨ ਮੱਖੀਆਂ ਮੱਛਰਾਂ ਦੀ ਪੈਦਾਇਸ਼ ਘਟੇਗੀ ਅਤੇ ਵਾਤਾਵਰਣ ਸਾਫ ਰਹੇਗਾ। ਵਿਧਾਇਕ ਨਾਗਰਾ ਨੇ ਦੱਸਿਆ ਕਿ ਪਿੰਡ ਚਨਾਰਥਲ ਕਲਾਂ ਇਸ ਪ੍ਰੋਜੈਕਟ ਦੀ ਸਫਲਤਾ ਦੀ ਚੰਗੀ ਮਿਸਾਲ ਹੈ।
ਗ੍ਰਾਮ ਪੰਚਾਇਤ ਚਨਾਰਥਲ ਕਲਾਂ ਦੀ ਆਬਾਦੀ ਲੱਗਭੱਗ 6400 ਦੇ ਕਰੀਬ ਹੈ। ਸਾਰੇ ਪਿੰਡ ਦਾ ਗੰਦਾ ਪਾਣੀ ਪਿੰਡ ਦੇ ਇੱਕ ਹੀ ਛੱਪੜ ਵਿੱਚ ਪੈਂਦਾ ਸੀ। ਇਸ ਛੱਪੜ ਦਾ ਏਰੀਆ 3 ਏਕੜ ਹੈ ਪ੍ਰੰਤੂ ਗੰਦਾ ਪਾਣੀ ਜਿਆਦਾ ਹੋਣ ਕਾਰਨ ਛੱਪੜ ਦਾ ਪਾਣੀ ਓਵਰਫਲੋਅ ਹੋ ਕੇ ਜਿੱਥੇ ਸੜਕ ਨੂੰ ਖਰਾਬ ਕਰਦਾ ਸੀ, ਉੱਥੇ ਪਿੰਡ ਦੀ ਦਿੱਖ ਨੂੰ ਵੀ ਮਾੜਾ ਬਣਾ ਰਿਹਾ ਸੀ।