ਪ੍ਰਧਾਨ ਰਾਮਨਵਾਸੀਆ ਨੇ ਆਪ ਹੀ ਰੱਖਿਆ ਏਜੰਡਾ, ਆਪੇ ਕੀਤਾ ਰੱਦ
ਬਰਨਾਲਾ ਟੂਡੇ ਨੇ ਕੌਂਸਲਰਾਂ ਦੀ ਮੀਟਿੰਗ ਤੋਂ ਪਹਿਲਾਂ ਲੋਕਾਂ ਦੀ ਕਚਿਹਰੀ ਵਿੱਚ ਰੱਖਿਆ ਸੀ ਪ੍ਰਧਾਨ ਲਈ ਇਨੋਵਾ ਗੱਡੀ ਖਰੀਦਣ ਦਾ ਮੁੱਦਾ
ਸਾਬਕਾ ਮੀਤ ਪ੍ਰਧਾਨ ਲੋਟਾ ਨੇ ਕਿਹਾ, ਕੌਂਸਲ ਦੀ ਗੱਡੀ ਵਗਾਰ ਵਿੱਚ ਭੇਜਣ ਦੀ ਹੋਵੇ ਜਾਂਚ
ਹਰਿੰਦਰ ਨਿੱਕਾ, ਬਰਨਾਲਾ 5 ਮਈ 2021
ਮਨ ਦੀਆਂ ਮਨ ਵਿੱਚ ਰਹਿ ਗਈਆਂ, ਜੀ ਹਾਂ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ ਵੱਲੋਂ ਆਪਣੀ ਪਲੇਠੀ ਮੀਟਿੰਗ ਵਿੱਚ ਹੀ ਆਪਣੇ ਲਈ ਨਵੀਂ ਇਨੋਵਾ ਗੱਡੀ ਖਰੀਦਣ ਦੀਆਂ ਕੋਸ਼ਿਸ਼ਾਂ ਨੂੰ ਇੱਕ ਵਾਰ ਬ੍ਰੇਕਾਂ ਲੱਗ ਗਈਆਂ। ਇਹ ਮੁੱਦਾ ਅੱਜ ਨਗਰ ਕੌਂਸਲ ਦੇ ਹਾਊਸ ਦੇ ਨਵੇਂ ਮੈਂਬਰਾਂ ਦੀ ਪਹਿਲੀ ਮੀਟਿੰਗ ਤੋਂ ਪਹਿਲਾਂ ਬਰਨਾਲਾ ਟੂਡੇ ਵੱਲੋਂ ਪ੍ਰਮੁੱਖਤਾ ਨਾਲ ਲੋਕਾਂ ਦੀ ਕਚਿਹਰੀ ਵਿੱਚ ਰੱਖਿਆ ਗਿਆ ਸੀ। ਜਿਸ ਕਾਰਣ ਲੋਕਾਂ ਵਿੱਚ ਇਨੋਵਾ ਗੱਡੀ ਖਰੀਦਣ ਕਾਰਨ ਹੋ ਰਹੀ ਫਜੀਹਤ ਤੋਂ ਬਚਣ ਲਈ ਖੁਦ ਪ੍ਰਧਾਨ ਨੂੰ ਹੀ ਏਜੰਡੇ ਵਿੱਚ ਆਈਟਮ ਨੰਬਰ 11 ਤੇ ਰੱਖਿਆ ਪ੍ਰਸਤਾਵ ਮੀਟਿੰਗ ਦੀ ਕਾਰਵਾਈ ਵਿੱਚੋਂ ਹਟਾਉਣ ਲਈ ਮਜਬੂਰ ਹੋਣਾ ਪਿਆ। ਜਦੋਂ ਮੀਟਿੰਗ ਦੀ ਕਾਰਵਾਈ ਸ਼ੁਰੂ ਕੀਤੀ ਗਈ, ਉਦੋਂ ਸਭ ਤੋਂ ਪਹਿਲਾਂ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ ਨੇ ਕਿਹਾ ਕਿ ਮੈਂ ਨਹੀਂ ਲੈਣੀ ਨਵੀਂ ਇਨੋਵਾ ਗੱਡੀ, ਇਹ ਮਤੇ ਨੂੰ ਮੀਟਿੰਗ ਦੋਵਾਨ ਵਿਚਾਰਿਆ ਹੀ ਨਾ ਜਾਵੇ। ਹਾਲਾਂਕਿ ਪ੍ਰਧਾਨ ਦੇ ਸਮੱਰਥਕ ਕੁਝ ਕੌਂਸਲਰਾਂ ਨੇ ਗੱਡੀ ਖਰੀਦ ਲੈਣ ਦੀ ਗੱਲ ਕਈ ਵਾਰ ਕਹੀ,ਪਰੰਤੂ ਪ੍ਰਧਾਨ ਨੇ ਫਜੀਹਤ ਤੋਂ ਬਚਣ ਲਈ ਨਾਂਹ ਕਰ ਦਿੱਤੀ। ਵਰਨਣਯੋਗ ਹੈ ਕਿ ਨਗਰ ਕੌਂਸਲ ਕੋਲ ਪਹਿਲਾਂ ਹੀ ਇੱਕ ਨਵੀਂ ਇਨੋਵਾ ਗੱਡੀ ਖਰੀਦੀ ਹੋਈ ਹੈ। ਪਰੰਤੂ ਉਹ ਗੱਡੀ ਕਿਸ ਅਧਿਕਾਰੀ ਨੂੰ ਵਗਾਰ ਵਿੱਚ ਦਿੱਤੀ ਹੋਈ ਹੈ,ਇਹ ਗੱਲ ਲੋਕਾਂ ਦੀ ਜੁਬਾਨ ਤੇ ਚੜ੍ਹ ਗਈ,। ਇਸ ਮਾਮਲੇ ਸਬੰਧੀ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਕੁਮਾਰ ਲੋਟਾ ਨੇ ਕਿਹਾ ਕਿ ਕਿੰਨ੍ਹੀ ਸ਼ਰਮਨਾਕ ਗੱਲ ਹੈ ਕਿ ਪ੍ਰਧਾਨ ਨੇ ਸ਼ਹਿਰ ਦੀ ਬਿਹਤਰੀ ਲਈ ਫੰਡ ਵਰਤਣ ਦੀ ਬਜਾਏ ਸਭ ਤੋਂ ਪਹਿਲਾਂ ਆਪਣੀ ਸਹੂਲਤ ਦਾ ਖਿਆਲ ਰੱਖਿਆ ਗਿਆ। ਲੋਟਾ ਨੇ ਕਿਹਾ ਕਿ ਕੌਂਸਲ ਦੀ ਖਰੀਦ ਕੀਤੀ ਇਨੋਵਾ ਗੱਡੀ ਕਿਸ ਅਧਿਕਾਰੀ ਨੂੰ ਵਗਾਰ ਵਿੱਚ , ਕਿਸ ਦੀ ਮੰਜੂਰੀ ਨਾਲ ਭੇਜੀ ਗਈ। ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਉਨਾਂ ਕਿਹਾ ਕਿ ਲੋਕਾਂ ਤੋਂ ਟੈਕਸਾਂ ਦੇ ਰੂਪ ਵਿੱਚ ਇਕੱਠੇ ਕੀਤੇ ਜਾ ਰਹੇ ਰੁਪੱਈਏ, ਵਗਾਰਾਂ ਪੂਰੀਆਂ ਕਰਨ ਲਈ ਵਰਤੇ ਜਾਣ, ਇਹ ਹਰਗਿਜ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ। ਉਨਾਂ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਇਸ ਸਬੰਧੀ ਹੋਰ ਕਾਫੀ ਖੁਲਾਸਾ ਕਰਣਗੇ।
ਕਿਸੇ ਨੇ ਉਹਦੀ ਗੱਲ ਨਾ ਸੁਣੀ,,,
ਨਗਰ ਕੌਂਸਲ ਦੇ ਨਵੇਂ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ ਦੀ ਪ੍ਰਧਾਨਗੀ ਵਿੱਚ ਹੋਈ ਪਹਿਲੀ ਮੀਟਿੰਗ ਵਿੱਚ ਮਹਿਲਾ ਕੌਂਸਲਰਾਂ ਦੇ ਪਰਿਵਾਰਿਕ ਮੈਂਬਰ ਵੀ ਵੱਡੀ ਗਿਣਤੀ ਵਿੱਚ ਹਾਜ਼ਿਰ ਰਹੇ। ਹਾਲਤ ਇਹ ਰਹੀ ਕਿ ਨਗਰ ਕੌਂਸਲ ਦੇ ਈ.ਉ ਮਨਪ੍ਰੀਤ ਸਿੰਘ ਨੇ ਕੌਂਸਲ ਦੀ ਮੀਟਿੰਗ ਸ਼ੁਰੂ ਕਰਨ ਸਮੇਂ ਕਿਹਾ ਕਿ ਮੀਟਿੰਗ ਵਿੱਚ ਸਿਰਫ ਕੌਂਸਲਰ ਹੀ ਹਾਜ਼ਿਰ ਰਹਿਣ, ਕੌਂਸਲਰਾਂ ਦੇ ਪਰਿਵਾਰ ਦੇ ਮੈਂਬਰ ਮੀਟਿੰਗ ਵਿੱਚ ਹਾਜ਼ਿਰ ਨਹੀਂ ਹੋ ਸਕਦੇ। ਪਰੰਤੂ ਈ.ਉ ਦੀ ਵਾਰ ਵਾਰ ਕਹੀ ਇਹ ਗੱਲ ਕਿਸੇ ਨੇ ਵੀ ਨਹੀਂ ਸੁਣੀ। ਇੱਥੋਂ ਤੱਕ ਕਿ ਇੱਕ ਕਾਂਗਰਸੀ ਕੌਂਸਲਰ ਦੇ ਪਤੀ ਨੇ ਤਾਂ ਇਹ ਵੀ ਮਿਹਣਾ ਦਿੱਤਾ ਕਿ ਇਸ ਤੋਂ ਪਹਿਲਾਂ ਵੀ ਕੌਂਸਲਰਾਂ ਦੇ ਪਰਿਵਾਰ ਦੇ ਮੈਂਬਰ ਮੀਟਿੰਗ ਵਿੱਚ ਬਹਿੰਦੇ ਰਹੇ ਹਨ। ਜਦੋਂ ਕਿ ਅਕਾਲੀ ਕੌਂਸਲਰ ਨੇ ਹਿਸ ਗੱਲ ਦਾ ਖੰਡਨ ਕੀਤਾ। ਹਾਲਤ ਇਹੋ ਜਿਹੇ ਰਹੇ ਕਿ ਕੌਂਸਲਰਾਂ ਦੇ ਪਰਿਵਾਰ ਦੇ ਮੈਂਬਰ ਮੀਟਿੰਗ ਵਿੱਚੋਂ ਨਹੀਂ ਉੱਠੇ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਨੇਤਾ ਸੰਜੀਵ ਸ਼ੋਰੀ ਨੇ ਕਿਹਾ ਕਿ ਕਿੰਨੀ ਸ਼ਰਮਨਾਕ ਗੱਲ ਹੈ ਕਿ ਹਾਊਸ ਦੀ ਕਾਰਵਾਈ ਚਲਾ ਰਿਹਾ ਕਾਨੂੰਨ ਦਾ ਜਾਣਕਾਰ ਈ.ਉ ਗੈਰਕਾਨੂੰਨੀ ਕਾਰਵਾਈ ਨੂੰ ਮੂਕ ਦਰਸ਼ਕ ਬਣਕੇ ਤੱਕਦਾ ਰਿਹਾ। ਸਾਬਕਾ ਮੀਤ ਪ੍ਰਧਾਨ ਮਹੇਸ਼ ਲੋਟਾ, ਰਾਜੂ ਚੌਧਰੀ ਅਤੇ ਜਿਲ੍ਹਾ ਸ਼ਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਭੁੱਚਰ ਨੇ ਕਿਹਾ ਕਿ ਪਹਿਲਾਂ 15 ਅਪ੍ਰੈਲ ਨੂੰ ਕੌਂਸਲ ਅਹੁਦੇਦਾਰਾਂ ਦੀ ਚੋਣ ਸਮੇਂ ਨਿਯਮਾਂ ਦੀ ਧੱਜੀਆਂ ਉਡਾਈਆਂ ਗਈਆ। ਹੁਣ ਅੱਜ ਫਿਰ ਉਹੀ ਕਾਲਾ ਅਧਿਆਏ ਕੌਂਸਲ ਦੀ ਪਹਿਲੀ ਮੀਟਿੰਗ ਵਿੱਚ ਫਿਰ ਦੁਹਰਾਇਆ ਗਿਆ ਹੈ। ਉਨਾਂ ਕਿਹਾ ਕਿ ਜਿਲ੍ਹੇ ਪ੍ਰਸ਼ਾਸ਼ਨ ਨੂੰ ਅਜਿਹੀਆਂ ਆਪਹੁਦਰੀਆਂ ਨੂੰ ਨੱਥ ਪਾਉਣੀ ਚਾਹੀਦੀ ਹੈ। ਉੱਧਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਨੇ ਕਿਹਾ ਕਿ ਮੈਂ ਕੌਂਸਲ ਦੀ ਮੀਟਿੰਗ ਵਿੱਚ ਹਾਜ਼ਿਰ ਨਹੀਂ ਹੋਇਆ। ਮੀਟਿੰਗ ਸਿਰਫ 15 ਮਿੰਟ ਹੀ ਚੱਲੀ ਸੀ। ਮੀਟਿੰਗ ਦੀ ਕਾਰਵਾਈ ਸਮਾਪਤ ਹੋਣ ਤੋਂ ਬਾਅਦ ਹੀ ਮੈਂ ਉੱਥੇ ਪਹੁੰਚਿਆ ਸੀ। ਹੋਰਾਂ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ।