ਸਰਕਾਰ ਵਲੋਂ ਮੰਡੀਆਂ ਚ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਸ਼ੁਰੂ ਕੀਤਾ ਗਿਆ ਟੋਕਨ ਸਿਸਟਮ
ਸਿਹਤ ਵਿਭਾਗ ਵਲੋਂ ਮੰਡੀਆਂ ਚ ਕੋਰੋਨਾ ਟੀਕਾਕਰਣ ਸਬੰਧੀ ਲਗਾਏ ਗਏ ਕੈਂਪ
ਰਘਵੀਰ ਹੈਪੀ , ਬਰਨਾਲਾ, 12 ਅਪ੍ਰੈਲ 2021
ਕਿਸਾਨਾਂ ਵਲੋਂ ਆਪਣੀ ਜਿਣਸ ਟੋਕਨ ਸਿਸਟਮ ਰਾਹੀਂ ਜ਼ਿਲ੍ਹਾ ਬਰਨਾਲਾ ਦੀ ਮੰਡੀਆਂ ’ਚ ਲਿਆਂਦੀ ਜਾ ਰਹੀ ਹੈ । ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਪਿਛਲੇ ਸੀਜ਼ਨ ਦੀ ਤਰਜ਼ ’ਤੇ ਟੋਕਨ ਸਿਸਟਮ ਰਾਹੀਂ ਹੀ ਕਿਸਾਨਾਂ ਨੂੰ ਫ਼ਸਲ ਮੰਡੀਆਂ ਚ ਲਿਆਉਣ ਲਈ ਕਿਹਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੰਡੀ ਅਫ਼ਸਰ ਬਰਨਾਲਾ ਸ਼੍ਰੀ ਜਸਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਚ 11 ਅਪ੍ਰੈਲ ਤੱਕ 418 ਮੀਟ੍ਰਿਕ ਟਨ ਕਣਕ ਮੰਡੀਆਂ ਚ ਪੁੱਜ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਕਣਕ ਦੀ ਖ਼ਰੀਦ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ । ਉਨ੍ਹਾਂ ਦੱਸਿਆ ਕਿ ਕਣਕ ਦੀ ਖ਼ਰੀਦ ਵਾਸਤੇ 98 ਮੰਡੀਆਂ ਤੋਂ ਇਲਾਵਾ ਰਾਈਸ ਸ਼ੈਲਰਾਂ ’ਚ 62 ਆਰਜ਼ੀ ਖ਼ਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ । ਮੰਡੀਆਂ ਵਿਚ ਬਿਜਲੀ, ਪਾਣੀ ਆਦਿ ਦੇ ਪ੍ਰਬੰਧਾਂ ਦੇ ਨਾਲ-ਨਾਲ 30 x 30 ਦੇ ਖਾਨੇ ਬਣਾ ਕੇ ਮਾਰਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਸਮਾਜਿਕ ਦੂਰੀ ਯਕੀਨੀ ਬਣਾਈ ਜਾ ਸਕੇ । ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਰੋਨਾ ਤੋਂ ਬਚਾਅ ਲਈ ਇਹਤਿਆਤ ਵਰਤਣੇ ਯਕੀਨੀ ਬਣਾਉਣ ।
ਮੰਡੀਆਂ ਚ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਪਾਣੀ ਦੇ ਕੈਂਪਰ ਭਰ ਕੇ ਰੱਖੇ ਗਏ ਹਨ। ਨਾਲ ਹੀ ਸਿਹਤ ਵਿਭਾਗ ਵਲੋਂ ਵੀ ਦਾਣਾ ਮੰਡੀ ਬਰਨਾਲਾ, ਮਾਰਕੀਟ ਕਮੇਟੀ ਤਪਾ ਅਤੇ ਮਾਰਕੀਟ ਕਮੇਟੀ ਮਹਿਲ ਕਲਾਂ ਵਿਖੇ ਕੋਰੋਨਾ ਵੈਕਸੀਨ ਦੀ ਜਾਣਕਾਰੀ ਸਬੰਧੀ ਕੈਂਪ ਲਗਾਏ ਗਏ। ਸਿਹਤ ਵਿਭਾਗ ਵੱਲੋਂ ਮੌਕੇ ’ਤੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਵੈਕਸੀਨ ਵੀ ਲਗਾਈ ਗਈ।