ਸਿੱਖਿਆ ਸਕੱਤਰ ਖੁਦ ਪਹੁੰਚੇ ਮਾਪਿਆਂ ਦੇ ਘਰਾਂ ਤੱਕ, ਮੇਲਿਆਂ ‘ਤੇ ਜਾ ਕੇ ਵੀ ਕੀਤਾ ਜਾਗਰੂਕ
ਰਘਵੀਰ ਹੈਪੀ , ਬਰਨਾਲਾ,11 ਅਪ੍ਰੈਲ 2021
ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀ,ਅਧਿਆਪਕ ਅਤੇ ਹੋਰ ਕਰਮਚਾਰੀ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਮੌਜ਼ੂਦਾ ਸੈਸ਼ਨ ਦੌਰਾਨ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀ ਦਾਖਲਿਆਂ ਵਿੱਚ ਇਜ਼ਾਫਾ ਕਰਕੇ ਸਰਕਾਰੀ ਸਕੂਲਾਂ ਦੀ ਬੁਨਿਆਦੀ ਸਹੂਲਤਾਂ ਅਤੇ ਪੜ੍ਹਾਉਣ ਤਕਨੀਕਾਂ ਪੱਖੋਂ ਬਦਲੀ ਨੁਹਾਰ ਦਾ ਲਾਹਾ ਵੱਧ ਤੋਂ ਵੱਧ ਮਾਪਿਆਂ ਤੱਕ ਪਹੁੰਚਾਉਣ ਲਈ ਬਿਨਾਂ ਸਮੇਂ ਦਾ ਖਿਆਲ ਕੀਤੇ ਜੁਟੇ ਹੋਏ ਹਨ। ਸਿੱਖਿਆ ਵਿਭਾਗ ਦੀਆਂ ਦਾਖਲਾ ਟੀਮਾਂ ਸਕੂਲ ਸਮੇਂ ਤੋਂ ਪਹਿਲਾਂ ਸਵੇਰੇ ਅਤੇ ਬਾਅਦ ਵਿੱਚ ਦੇਰ ਸ਼ਾਮ ਤੱਕ ਮਾਪਿਆਂ ਨਾਲ ਗੱਲਬਾਤ ਕਰਦੀਆਂ ਨਜ਼ਰ ਆ ਰਹੀਆਂ ਹਨ।ਹੋਰ ਤਾਂ ਹੋਰ ਵਿਭਾਗ ਦੇ ਉੱਚ ਅਧਿਕਾਰੀ,ਅਧਿਆਪਕ ਅਤੇ ਕਰਮਚਾਰੀ ਛੁੱਟੀਆਂ ਦੇ ਦਿਨ ਵੀ ਦਾਖਲਾ ਮੁਹਿੰਮ ਦੇ ਲੇਖੇ ਲਗਾ ਰਹੇ ਹਨ।ਸ਼ਨਿਚਰਵਾਰ 10 ਅਪ੍ਰੈਲ ਨੂੰ ਦਫਤਰਾਂ ਅਤੇ ਸਰਕਾਰੀ ਸਕੂਲਾਂ ਵਿੱਚ ਛੁੱਟੀ ਹੋਣ ਦੇ ਬਾਵਜੂਦ ਦਾਖਲਾ ਮੁਹਿੰਮ ਬੇਰੋਕ ਜਾਰੀ ਰਹੀ। ਇਸ ਦਿਨ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਵੱਲੋਂ ਖੁਦ ਦੇਰ ਸ਼ਾਮ ਤੱਕ ਘਰੋ ਘਰੀ ਜਾ ਕੇ ਮਾਪਿਆਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਗੁਰਦੁਆਰਾ ਸਾਹਿਬ ਦੇ ਸਪੀਕਰ ਤੋਂ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਬੱਚੇ ਪੜ੍ਹਾਉਣ ਦੀਆਂ ਅਪੀਲਾਂ ਕੀਤੀਆਂ ਗਈਆਂ।
ਸ੍ਰ ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ, ਸ੍ਰੀਮਤੀ ਹਰਕੰਵਲਜੀਤ ਕੌਰ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਸ੍ਰੀਮਤੀ ਵਸੁੰਧਰਾ ਕਪਿਲਾ ਉਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਦੱਸਿਆ ਕਿ ਜਿਲ੍ਹੇ ਦੇ ਅਧਿਕਾਰੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਵੱਲੋਂ ਸਵੈ ਇੱਛਾ ਨਾਲ ਸਰਕਾਰੀ ਸਕੂਲਾਂ ਦੀ ਮੁਹਿੰਮ ਸ਼ਨਿਚਰਵਾਰ ਅਤੇ ਐਤਵਾਰ ਛੁੱਟੀਆਂ ਦੇ ਦਿਨਾਂ ਦੌਰਾਨ ਵੀ ਜਾਰੀ ਰੱਖੀ ਗਈ । ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਖੁਦ ਸ਼ਨਿਚਰਵਾਰ ਦੇ ਦਿਨ ਸਮੂਹ ਸਕੂਲਾਂ ਦੇ ਮੁਖੀਆਂ ਨਾਲ ਬਲਾਕ ਵਾਈਜ਼ ਵਰਚੂਅਲ ਮੀਟਿੰਗਾਂ ਕਰਕੇ ਦਾਖਲਾ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ । ਮੀਟਿੰਗਾਂ ਦੌਰਾਨ ਸਕੂਲ ਮੁਖੀਆਂ ਨੇ ਦੱਸਿਆ ਕਿ ਸਕੂਲਾਂ ਵੱਲੋਂ ਅਧਿਆਪਕਾਂ ਦੀਆਂ ਦਾਖਲਾ ਟੀਮਾਂ ਛੁੱਟੀ ਦੇ ਦਿਨਾਂ ਦੌਰਾਨ ਵੀ ਮਾਪਿਆਂ ਨਾਲ ਰਾਬਤਾ ਕਾਇਮ ਰੱਖਦੀਆਂ ਹਨ ।
ਸ਼ਨਿਚਰਵਾਰ ਛੁੱਟੀ ਦੇ ਦਿਨ ਤਪਾ ਸ਼ਹਿਰ ਵਿਖੇ ਬਾਬਾ ਮੱਠ ਜੀ ਦੇ ਮੇਲੇ ‘ਤੇ ਸਥਾਪਿਤ ਕਨੌਪੀ ਹੈਲਪ ਡੈਸਕ ਮਾਪਿਆਂ ਨੂੰ ਜਾਗਰੂਕ ਕਰਨ ਵਿੱਚ ਪੂਰੀ ਤਰ੍ਹਾਂ ਸਫ਼ਲ ਰਹੀ । ਇਸ ਹੈਲਪ ਡੈਸਕ ਦੇ ਇੰਚਾਰਜ ਸ੍ਰੀਮਤੀ ਪਰਮਜੀਤ ਕੌਰ ਬਲਾਕ ਮੈਂਟਰ ਸਪੋਰਟਸ ਅਤੇ ਸ੍ਰੀ ਕ੍ਰਿਸ਼ਨ ਕੁਮਾਰ ਬਲਾਕ ਮੈਂਟਰ ਗਣਿਤ ਨੇ ਦੱਸਿਆ ਕਿ ਮੇਲਾ ਵੇਖਣ ਆਏ ਮਾਪਿਆਂ ਅਤੇ ਬੱਚਿਆਂ ਵਿੱਚ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਪ੍ਰਤੀ ਭਾਰੀ ਰੁਚੀ ਵੇਖਣ ਨੂੰ ਮਿਲੀ । ਮਾਪਿਆਂ ਵੱਲੋਂ ਸਰਕਾਰੀ ਸਕੂਲਾਂ ਵਿੱਚ ਬੱਚੇ ਦਾਖਲ ਕਰਵਾਉਣ ਲਈ ਪ੍ਰਕ੍ਰਿਆ ਬਾਰੇ ਜਾਣਕਾਰੀ ਇਕੱਤਰ ਕੀਤੀ ਗਈ । ਉਹਨਾਂ ਦੱਸਿਆ ਕਿ ਇਸ ਹੈਲਪ ਡੈਸਕ ‘ਤੇ ਤਕਰੀਬਨ ਚਾਲੀ ਵਿਦਿਆਰਥੀਆਂ ਦੀ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਦਾਖਲਿਆਂ ਲਈ ਰਜਿਸਟ੍ਰੇਸ਼ਨ ਕੀਤੀ ਗਈ । ਸ੍ਰੀ ਕਮਲਦੀਪ ਜਿਲ੍ਹਾ ਮੈਂਟਰ ਗਣਿਤ, ਸ੍ਰੀ ਮਹਿੰਦਰਪਾਲ ਜਿਲ੍ਹਾ ਮੈਂਟਰ ਕੰਪਿਊਟਰ ਅਤੇ ਸ੍ਰ ਬਿੰਦਰ ਸਿੰਘ ਖੁੱਡੀ ਕਲਾਂ ਜਿਲ੍ਹਾ ਮੀਡੀਆ ਕੋ-ਆਰਡੀਨੇਟਰ ਵੱਲੋਂ ਵੀ ਮੇਲੇ ‘ਤੇ ਸਥਾਪਿਤ ਕਨੌਪੀ ਹੈਲਪ ਡੈਸਕ ‘ਤੇ ਪਹੁੰਚ ਕੇ ਜਿੱਥੇ ਮਾਪਿਆਂ ਨੂੰ ਜਾਗਰੂਕ ਕੀਤਾ ਗਿਆ ਉੱਥੇ ਹੀ ਸਰਕਾਰੀ ਸਕੂਲਾਂ ਵਿੱਚ ਉਪਲਬਧ ਸਹੂਲਤਾਂ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਬਾਰੇ ਪੈਂਫਲਿਟ ਵੀ ਮਾਪਿਆਂ ਅਤੇ ਬੱਚਿਆਂ ਨੂੰ ਵੰਡੇ ਗਏ । ਇਸ ਮੌਕੇ ਸ੍ਰ ਅਵਤਾਰ ਸਿੰਘ, ਸ੍ਰ ਗੁਰਪ੍ਰਤਾਪ ਸਿੰਘ ਸਮੇਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਮ) ਤਪਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਨਸ ਦੇ ਅਧਿਆਪਕਾਂ ਵੱਲੋਂ ਵੀ ਮਾਪਿਆਂ ਨੂੰ ਪ੍ਰੇਰਿਤ ਕੀਤਾ।