ਪੁਲਿਸ ਨੇ ਲਖਵਿੰਦਰ ਸਿੰਘ ਸਣੇ ਮੁੰਡਿਆਂ ਦੇ ਝੁੰਡ ਖਿਲਾਫ ਦਰਜ ਕੀਤਾ ਇਰਾਦਾ ਕਤਲ ਦਾ ਕੇਸ -ਐਸ.ਐਚ.ਉ
ਹਰਿੰਦਰ ਨਿੱਕਾ, ਬਰਨਾਲਾ 11 ਅਪ੍ਰੈਲ 2021
ਆਮ ਆਦਮੀ ਪਾਰਟੀ ਜਿਲ੍ਹਾ ਬਰਨਾਲਾ ਦੇ ਸੀਨੀਅਰ ਆਗੂ ਨਿਰਮਲ ਸਿੰਘ ਜਾਗਲ ਦੇ ਬੇਟੇ ਅਤੇ ਉਸਦੇ ਹੋਰ ਦੋਸਤਾਂ ਉੱਪਰ ਬੀਤੀ ਰਾਤ ਹਥਿਆਰਬੰਦ ਮੁੰਡਿਆਂ ਦੇ ਇੱਕ ਝੁੰਡ ਨੇ ਕਿਰਪਾਨਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਹਮਲੇ ਵਿੱਚ ਜਖਮੀ ਵਿਅਕਤੀਆਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਗਿਆ। ਜਦੋਂ ਕਿ ਸਾਰੇ ਹਮਲਾਵਰ ਹਥਿਆਰਾਂ ਸਣੇ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋ ਗਏ। ਪੁਲਿਸ ਨੇ ਨਾਮਜ਼ਦ ਦੋਸ਼ੀ ਲਖਵਿੰਦਰ ਸਿੰਘ ਅਤੇ ਉਸ ਦੇ ਬਾਕੀ ਹੋਰ ਸਾਥੀਆਂ ਦੇ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ ਕਰ ਦਿੱਤਾ ਹੈ। ਉੱਧਰ ਐਸ ਐਸ ਪੀ ਸ੍ਰੀ ਸੰਦੀਪ ਗੋਇਲ ਨੇ ਦੱਸਿਆ ਕਿ ਕਈ ਦੋਸ਼ੀਆਂ ਦੀ ਸ਼ਨਾਖਤ ਹੋ ਚੁੱਕੀ ਹੈ,ਜਦੋਂਕਿ ਹੋਰ ਅਣਪਛਾਤੇ ਦੋਸ਼ੀਆਂ ਦੀ ਸ਼ਨਾਖਤ ਕਰਕੇ ਸਾਰੇ ਹਮਲਾਵਰਾਂ ਨੂੰ ਜਲਦੀ ਹੀ ਗਿਰਫ਼ਤਾਰ ਕਰ ਲਿਆ ਜਾਵੇਗਾ।
ਪੁਲਿਸ ਨੂੰ ਜਾਣਕਾਰੀ ਦਿੰਦਿਆਂ ਮਨਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਜਾਗਲ ਵਾਸੀ ਬਰਨਾਲਾ ਨੇ ਦੱਸਿਆ ਕਿ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਲਾਅ ਦੀ ਪੜ੍ਹਾਈ ਕਰਦਾ ਹੈ। 9 ਅਪ੍ਰੈਲ ਨੂੰ ਉਸਦਾ ਜਨਮ ਦਿਨ ਸੀ। 10 ਅਪ੍ਰੈਲ ਨੂੰ ਮੈਂ ਆਪਣੇ ਦੋਸਤਾਂ ਨੂੰ ਪਾਰਟੀ ਦੇਣ ਲਈ ਕੱਚਾ ਕਾਲਜ ਰੋਡ ਤੇ ਪਹੁੰਚ ਗਿਆ। ਅਸੀਂ ਸਾਰੇ ਜਦੋਂ ਉੱਥੇ ਖੜ੍ਹੇ ਸੀ ਤਾਂ ਲਖਵਿੰਦਰ ਸਿੰਘ, ਸੁਖਮਣ ਸਿੰਘ ਅਤੇ ਇੱਨਾਂ ਦੇ ਹੋਰ ਸਾਥੀਆਂ ਦੇ ਝੁੰਡ ਨੇ ,ਜਿੰਨਾਂ ਕੋਲ ਕਿਰਪਾਨਾ ਅਤੇ ਹੋਰ ਮਾਰੂ ਹਥਿਆਰ ਸਨ, ਸਾਨੂੰ ਘੇਰ ਕੇ ਜਾਨ ਤੋਂ ਮਾਰ ਦੇਣ ਦੀ ਨੀਯਤ ਨਾਲ ਹਮਲਾ ਕਰ ਦਿੱਤਾ। ਹਮਲੇ ਸਮੇਂ ਦੋਸ਼ੀ ਉਸ ਦੀ ਸੋਨੇ ਦੀ ਚੈਨ ਵੀ ਖੋਹ ਕੇ ਲੈ ਗਏ। ਉਨਾਂ ਦੱਸਿਆ ਕਿ ਸਾਰੇ ਦੋਸ਼ੀ ਉਨਾਂ ਨੂੰ ਫਿਰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੰਦੇ ਫਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਵਾਰਦਾਤ ਵਾਲੀ ਥਾਂ ਤੇ ਪਹੁੰਚ ਗਈ। ਇਸ ਘਟਨਾ ਸਬੰਧੀ ਥਾਣਾ ਸਿਟੀ 1 ਦੇ ਐਸ.ਐਚ.ਉ ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਦੇ ਬਿਆਨ ਅਤੇ ਜਖਮੀਆਂ ਦੀ ਮੈਡੀਕਲ ਰਿਪੋਰਟ ਦੇ ਅਧਾਰ ਤੇ ਅਧੀਨ ਜੁਰਮ 307/ 379 B/324/ 506/ 148/149 ਆਈਪੀਸੀ ਤਹਿਤ ਕੇਸ ਦਰਜ਼ ਕੀਤਾ ਗਿਆ ਹੈ। ਮਾਮਲੇ ਦੀ ਤਫਤੀਸ਼ ਏ.ਐਸ.ਆਈ. ਸਤਵਿੰਦਰ ਸਿੰਘ ਨੂੰ ਸੌਂਪੀ ਗਈ ਹੈ। ਐਸ ਐਸ ਪੀ ਸ੍ਰੀ ਸੰਦੀਪ ਗੋਇਲ ਨੇ ਕਿਹਾ ਕਿ ਸਾਰੇ ਹਮਲਾਵਰਾਂ ਦੀ ਸ਼ਨਾਖਤ ਅਤੇ ਉਨ੍ਹਾਂ ਦੀ ਤਲਾਸ਼ ਲਈ ਵੱਖ ਵੱਖ ਪੁਲਿਸ ਪਾਰਟੀਆਂ ਲੱਗਾ ਦਿੱਤੀਆਂ ਹਨ। ਸ਼ਹਿਰ ਵਿੱਚ ਗੁੰਡਾਗਰਦੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ, ਭਾਂਵੇ ਕੋਈ ਦੋਸ਼ੀ ਕਿੰੰਨਾਂ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ। ਐਸ ਐਸ ਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਲਾਕੇ ਵਿਚੋਂ ਹਰ ਤਰ੍ਹਾਂ ਦੇ ਅਪਰਾਧ ਤੇ ਕਾਬੂ ਕਰਨ ਤੇ ਅਪਰਾਧੀਆਂ ਨੂੰੰ ਨੱਥ ਪਾਉਣ ਲਈ ਪੁਲਿਸ ਦਾ ਸਹਿਯੋਗ ਕਰੋ।