ਨਵੀਂ ਸਿੱਖਿਆ ਨੀਤੀ 2020 ਤੇ ਸਿੱਖਿਆ ਸੰਸਥਾਵਾਂ ਦੀ ਬੰਦੀ ਦੇ ਹੁਕਮਾਂ ਦੀਆਂ ਸਾੜੀਆਂ ਜਾਣਗੀਆਂ ਕਾਪੀਆਂ
ਹਰਪ੍ਰੀਤ ਕੌਰ ਸੰਗਰੂਰ, 5 ਅਪ੍ਰੈਲ 2021
ਡੀ.ਸੀ.ਦਫਤਰ ਸੰਗਰੂਰ ਵਿਖੇ ਇਕੱਠੀਆਂ ਹੋਈਆਂ ਵਿਦਿਆਰਥੀ ਅਤੇ ਅਧਿਆਪਕ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਸੰਗਰੂਰ ਦੇ ਅੰਬੇਡਕਰ ਪਾਰਕ ਵਿੱਚ 8 ਅਪ੍ਰੈਲ ਦੇ ਐਕਸ਼ਨ ਸੰਬੰਧੀ ਮੀਟਿੰਗ ਕੀਤੀ। ਜਿਕਰਯੋਗ ਹੈ ਕਿ ਬੀਤੇ ਦਿਨੀਂ ਇਹਨਾਂ 9 ਵਿਦਿਆਰਥੀ ਜਥੇਬੰਦੀਆਂ ਵੱਲੋਂ ਪੰਜਾਬ ਭਰ ਵਿੱਚ ਡੀ.ਸੀ. ਤੇ ਤਹਿਸੀਲ ਦਫਤਰਾਂ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਵਿੱਦਿਅਕ ਸੰਸਥਾਵਾਂ ਦੁਬਾਰਾ ਖੋਲ਼ਣ ਨੂੰ ਲੈ ਕੇ ਮੰਗ ਪੱਤਰ ਦਿੱਤੇ ਗਏ ਸਨ।
ਇਸ ਮੌਕੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਆਗੂਆ ਨੇ ਕਿਹਾ ਕਿ 8 ਅਪ੍ਰੈਲ ਨੂੰ ਮਾਤਾ ਨੈਣਾ ਦੇਵੀ ਪਾਰਕ ਵਿਖੇ ਕੱਠੇ ਹੋਣ ਤੋਂ ਬਾਅਦ ਵੱਡੇ ਚੌਂਕ ਤੱਕ ਮਾਰਚ ਕਰਕੇ ਨਵੀਂ ਸਿੱਖਿਆ ਨੀਤੀ 2020 ਅਤੇ ਸਿੱਖਿਆ ਸੰਸਥਾਵਾਂ ਦੀ ਬੰਦੀ ਦੇ ਹੁਕਮਾਂ ਦੀ ਕਾਪੀਆਂ ਸਾੜੀਆਂ ਜਾਣਗੀਆਂ ਅਤੇ ਮੰਗ ਕੀਤੀ ਜਾਵੇਗੀ ਕਿ ਛੇਤੀ ਤੋਂ ਛੇਤੀ ਸਿੱਖਿਆ ਸੰਸਥਾਵਾਂ ਨੂੰ ਖੋਲ੍ਹਿਆ ਜਾਵੇ।
ਪੰਜਾਬ ਸਰਕਾਰ ਕਰੋਨਾ ਬਹਾਨੇ ਵਿੱਦਿਅਕ ਸੰਸਥਾਵਾਂ ਬੰਦ ਕਰਨਾ ਜਾਰੀ ਰੱਖ ਕੇ ਕੇਂਦਰ ਦੀ ਮੋਦੀ ਸਰਕਾਰ ਦੇ ਇਸ਼ਾਰਿਆਂ ਤੇ ਨਵੀਂ ਸਿੱਖਿਆ ਨੀਤੀ ਲਾਗੂ ਕਰਨਾ ਚਾਹੁੰਦੀ ਹੈ ਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ, ਜਿਸਨੂੰ ਪੰਜਾਬ ਦੇ ਵਿਦਿਆਰਥੀ ਤੇ ਅਧਿਆਪਕ ਬਰਦਾਸ਼ਤ ਨਹੀਂ ਕਰਨਗੇ। ਓਹਨਾਂ ਕਿਹਾ ਕਿ 9 ਵਿਦਿਆਰਥੀ ਜਥੇਬੰਦੀਆਂ ਵੱਲੋਂ ਅਧਿਆਪਕ ਜਥੇਬੰਦੀਆਂ ਨਾਲ ਅੱਜ ਤਾਲਮੇਲ ਕਰਕੇ ਪੰਜਾਬ ਸਰਕਾਰ ਦੇ ਇਸ ਵਤੀਰੇ ਖਿਲਾਫ ਸ਼ਹੀਦ ਭਗਤ ਦੇ ਅਸੰਬਲੀ ਐਕਸ਼ਨ ਨੂੰ ਸਮਰਪਿਤ 8 ਅਪ੍ਰੈਲ ਤੱਕ ਰੋਸ ਹਫਤਾ ਮਨਾਉਂਦੇ ਹੋਏ ਇਸ ਦਿਨ ਕਈ ਕੇਂਦਰਾਂ ‘ਤੇ ਮਾਰਚ ਕਰਦੇ ਹੋਏ ਲੌਕਡਾਊਨ ਲਗਾਉਣ ਦੇ ਫੁਰਮਾਨ ਅਤੇ ਨਵੀਂ ਸਿੱਖਿਆ ਨੀਤੀ ਦੀਆਂ ਕਾਪੀਆਂ ਸਾੜਨ ਦਾ ਤੈਅ ਕੀਤਾ ਹੈ। ਕਿਉਂਕਿ 8 ਅਪ੍ਰੈਲ ਨੂੰ ਹੀ ਸ਼ਹੀਦ ਭਗਤ ਸਿੰਘ ਤੇ ਬੀ.ਕੇ. ਦੱਤ ਨੇ ਅਸੰਬਲੀ ਵਿੱਚ ਖਾਲੀ ਥਾਂ ‘ਤੇ ਬੰਬ ਸੁੱਟ ਕੇ ਬੋਲ਼ੀ ਅੰਗਰੇਜ਼ ਸਰਕਾਰ ਦੇ ਕੰਨਾਂ ਅਵਾਜ ਪਾਈ ਸੀ। ਸੋ ਹੁਣ ਵੀ ਵਿਦਿਆਰਥੀਆਂ-ਅਧਿਆਪਕਾਂ-ਮਾਪਿਆਂ ਦੀ ਅਵਾਜ ਨੂੰ ਅੰਨੀ-ਬੋਲ਼ੀ ਹੋਈ ਮੋਤੀਆਂ ਵਾਲੀ ਕੈਪਟਨ ਸਰਕਾਰ ਨੂੰ ਸੁਨਾਉਣ ਲਈ ਇਹ ਰੋਸ ਹਫਤਾ ਰੱਖਿਆ ਗਿਆ ਹੈ।
ਇਸ ਮੀਟਿੰਗ ਵਿੱਚ ਪੀ.ਆਰ.ਐੱਸ.ਯੂ. ਤੋਂ ਮਨਜੀਤ ਸਿੰਘ, ਪੀ.ਐੱਸ.ਯੂ. (ਲਲਕਾਰ) ਤੋਂ ਜਿਲਾ ਆਗੂ ਗੁਰਪ੍ਰੀਤ ਜੱਸਲ, ਪੀ.ਐੱਸ.ਯੂ. (ਸ਼ਹੀਦ ਰੰਧਾਵਾ) ਤੋਂ ਰਮਨ ਕਾਲਾਝਾੜ, ਪੀ.ਐੱਸ.ਯੂ. ਜ਼ਿਲ੍ਹਾ ਆਗੂ ਸੁਖਦੀਪ ਹਥਨ , ਅਧਿਆਪਕ ਜਥੇਬੰਦੀਆਂ ਤੋਂ ਡੀ.ਟੀ.ਐੱਫ. ਤੋਂ ਪਰਮਿੰਦਰ ਉੱਭਾਵਾਲ, ਡੀ ਜੀ.ਟੀ.ਯੂ. ਤੋਂ ਜ਼ਿਲ੍ਹਾ ਪ੍ਰਧਾਨ ਦੇਵੀ ਦਿਆਲ, ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਤੋਂ ਸੂਬਾ ਆਗੂ ਸੰਦੀਪ ਸਾਮਾ,ਸੈਂਟੀਫਿੱਕ ਅਵੇਅਰਨੈੱਸ ਤੋਂ ਡਾਕਟਰ ਏ.ਐੱਸ.ਮਾਨ ਹਾਜ਼ਰ ਸਨ। ਆਗੂਆਂ ਨੇ ਪੰਜਾਬ ਦੇ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਤੇ ਹੋਰ ਜਮਹੂਰੀਅਤ ਪਸੰਦ ਲੋਕਾਂ ਤੇ ਲੋਕਾਂ ਨੂੰ ਵੱਧ ਤੋਂ ਵੱਧ ਰੋਸ ਮਾਰਚ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।