ਬਰਨਾਲਾ ਵਿਖੇ ਬੈਂਕਰਜ਼ ਦੀ ਜ਼ਿਲ੍ਹਾ ਸਲਾਹਕਾਰ ਸੰਮਤੀ ਦੀ ਤਿਮਾਹੀ ਮੀਟਿੰਗ
ਰਵੀ ਸੈਣ , ਬਰਨਾਲਾ, 3 ਮਾਰਚ 2021
ਸਟੇਟ ਬੈਂਕ ਆਫ਼ ਇੰਡੀਆ ਲੀਡ ਬੈਂਕ ਆਫ਼ਿਸ ਬਰਨਾਲਾ ਵੱਲੋਂ ਜ਼ਿਲੇ ਦੀ 56ਵੀਂ, ਦਸੰਬਰ 2020 ਦੀ ਤਿਮਾਹੀ ਜ਼ਿਲ੍ਹਾ ਸਲਾਹਕਾਰ ਸੰਮਤੀ, ਜ਼ਿਲ੍ਹਾ ਸਲਾਹਕਾਰ ਰੀਵਿਊ ਸੰਮਤੀ ਅਤੇ ਜ਼ਿਲ੍ਹਾ ਲੈਵਲ ਸਕਿਉਰਟੀ ਸੰਮਤੀ ਦੀ ਮੀਟਿੰਗ ਸ਼੍ਰੀ ਅਦਿੱਤਿਆ ਡੇਚਲਵਾਲ, ਵਧੀਕ ਡਿਪਟੀ ਕਮਿਸ਼ਨਰ ਜਨਰਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਾਲ 2020—21 ਦੀ ਦਸੰਬਰ, 2020 ਦੀ ਤਿਮਾਹੀ ਤੱਕ ਕਰਜ਼ਾ ਯੋਜਨਾ ਅਧੀਨ ਕਰਜ਼ਿਆਂ ਦੀ ਵੰਡ ਅਤੇ ਸਰਕਾਰ ਦੀਆਂ ਵੱਖ—ਵੱਖ ਸ਼ਕੀਮਾਂ ਬਾਰੇ ਜਾਣੂ ਕਰਵਾਇਆਂ ਗਿਆ।
ਸ੍ਰੀ ਮਹਿੰਦਰਪਾਲ ਗਰਗ, ਲੀਡ ਜ਼ਿਲ੍ਹਾ ਮੈਨੇਜਰ, ਬਰਨਾਲਾ ਨੇ ਮੀਟਿੰਗ ਦਾ ਏਜੰਡਾ ਪੇਸ਼ ਕਰਦੇ ਹੋਏ ਦੱਸਿਆ ਕਿ 2020—21 ਦੀ ਯੋਜਨਾ ਅਧੀਨ ਬਰਨਾਲਾ ਜ਼ਿਲ੍ਹੇ ਵਿੱਚ ਬੈਂਕਾਂ ਨੇ ਦਸੰਬਰ, 2020 ਦੀ ਖ਼ਤਮ ਹੋਣ ਵਾਲੀ ਤਿਮਾਹੀ ਤੱਕ ਤਰਜ਼ੀਹੀ ਖੇਤਰ ਵਿੱਚ 3128 ਕਰੋੜ ਰੁਪਏ ਦੇ ਕਰਜ਼ੇ ਵੰਡੇ। ਜਿਸ ਵਿੱਚ ਸਭ ਤੋਂ ਵੱਧ ਖੇਤੀਬਾੜੀ ਖੇਤਰ ਲਈ 2535 ਕਰੋੜ ਰੁਪਏ ਦੇ ਕਰਜ਼ੇ ਵੰਡੇ। ਕਿਸਾਨਾਂ ਲਈ ਚਲਾਈ ਕਿਸਾਨ ਕਰੈਡਿਟ ਕਾਰਡ (ਡੇਅਰੀ) ਅਧੀਨ ਹੁਣ ਤੱਕ 1132 ਕਿਸਾਨਾਂ ਨੂੰ 1583 ਲੱਖ ਰੁਪਏ ਦੇ ਕਰਜ਼ੇ ਮੰਨਜ਼ੂਰ ਕੀਤੇ ਹਨ। ਬੈਂਕ ਦੇ ਤੈਅ ਮਾਣਕਾਂ ਅਨੁਸਾਰ ਬੈਂਕਾਂ ਦੀ ਕਰਜਾ ਜਮ੍ਹਾਂ ਅਨੁਪਾਤ 60 ਪ੍ਰਤੀਸ਼ਤ ਹੋਣੀ ਜ਼ਰੂਰੀ ਹੈ। ਜਿਹੜੀ ਕਿ ਬਰਨਾਲਾ ਜ਼ਿਲ੍ਹਾ ਦੀ ਇਹ ਅਨੁਪਾਤ 75.97 ਪ੍ਰਤੀਸ਼ਤ ਹੈ।
ਜ਼ਿਲ੍ਹਾ ਲੈਵਲ ਸਕਿਉਰਟੀ ਸੰਮਤੀ ਵਿੱਚ ਸ੍ਰੀ ਜਸਮਿੰਦਰ ਸਿੰਘ (ਇੰਚਾਰਜ ਸਕਿਉਰਟੀ, ਪੰਜਾਬ ਪੁਲਿਸ) ਨੇ ਬੈਂਕਾਂ ਨੂੰ ਹਰ ਟਾਇਮ ਚੌਕਸ ਰਹਿਣ ਲਈ ਕਿਹਾ। ਬੈਂਕਾਂ ਦੇ ਸੀ.ਸੀ.ਟੀ.ਵੀ ਕੈਮਰੇ, ਏ.ਟੀ.ਐਮ ਕੈਮਰੇ, ਖਤਰੇ ਦਾ ਅਲਾਰਮ, ਹਥਿਆਰ ਆਦਿ ਹਰ ਟਾਇਮ ਚਾਲੂ ਹਾਲਤ ਵਿੱਚ ਰਹਿਣੇ ਚਾਹੀਦੇ ਹਨ ਅਤੇ ਸਮੇਂ—ਸਮੇਂ ਤੇ ਚੈਕ ਹੋਣੇ ਚਾਹੀਦੇ ਹਨ। ਉਹਨਾਂ ਨੇ ਅੱਗੇ ਕਿਹਾ ਕਿ ਬੈਂਕਾਂ ਦੀ ਕਰੰਸੀ ਚੈਸਟ ਦੀ ਹੌਟ ਲਾਇਨ, ਫ਼ਾਇਰ ਅਲਾਰਮ ਚਾਲੂ ਹਾਲਤ ਵਿੱਚ ਰਹਿਣੇ ਚਾਹੀਦੇ ਹਨ ਅਤੇ ਕਿਸੇ ਵੀ ਸਕਿਉਰਟੀ ਗਾਰਡ ਦੇ ਛੁੱਟੀ ਜਾਣ ਬਾਰੇ ਸਿਟੀ ਥਾਣੇ ਨੂੰ 2—3 ਦਿਨ ਪਹਿਲਾਂ ਦੱਸਿਆ ਜਾਵੇ ਤਾਂ ਜੋ ਢੁਕਵੇਂ ਪ੍ਰਬੰਧ ਕੀਤੇ ਜਾਣ ।
ਸ਼੍ਰੀ ਅਦਿੱਤਿਆ ਡੇਚਲਵਾਲ ਨੇ ਸਾਰੇ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਾਰੇ ਬਕਾਇਆ ਕਰਜ਼ਿਆਂ ਦੀਆਂ ਦਰਖ਼ਾਸਤਾਂ ਜ਼ਲਦੀ ਤੋਂ ਜ਼ਲਦੀ ਨਿਪਟਾਉਣ ਅਤੇ ਪੀ.ਐਮ.ਈ.ਜੀ.ਪੀ, ਪੀ.ਐਮ.ਐਮ. ਵਾਈ ਅਤੇ ਸਟੈਂਡਅੱਪ ਇੰਡੀਆ ਵਿੱਚ ਐਸ.ਐਲ.ਬੀ.ਸੀ ਦੇ ਦਿੱਤੇ ਟੀਚਿਆਂ ਅਨੁਸਾਰ ਬੇਰੁਜ਼ਗਾਰਾਂ ਨੂੰ ਕਰਜ਼ੇ ਦੇਣ। ਉਨ੍ਹਾਂ ਨੇ ਵੱਖ—ਵੱਖ ਸਪਾਂਸਰ ਏਜੰਸੀਆਂ ਤੋਂ ਆਏ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਦਿੱਤੀ ਕਿ ਉਹ ਆਪਣੀ ਏਜੰਸੀ ਦੇ ਟੀਚਿਆਂ ਮੁਤਾਬਿਕ ਕਰਜਿਆਂ ਦੀਆਂ ਦਰਖ਼ਾਸਤਾਂ ਬੈਂਕਾਂ ਵਿੱਚ ਭੇਜਣ ਅਤੇ ਜਿਹੜ੍ਹੀਆਂ ਦਰਖ਼ਾਸਤਾਂ ਬੈਂਕ ਵਾਪਸ ਕਰ ਦਿੰਦੇ ਹਨ ਉਹਨਾਂ ਦੇ ਵਾਪਿਸੀ ਦੇ ਕਾਰਨਾਂ ਦੀ ਜਾਂਚ ਕਰਨ ਅਤੇ ਜੇ ਹੋ ਸਕਦਾ ਹੈ ਤਾਂ ਬੈਂਕ ਅਧਿਕਾਰੀਆਂ ਨਾਲ ਮਿਲਕੇ ਉਹਨਾਂ ਦੇ ਕਰਜ਼ੇ ਕਰਵਾਉਣ।
ਇਸ ਮੀਟਿੰਗ ਵਿੱਚ ਆਰ.ਬੀ.ਆਈ ਤੋਂ ਸ਼੍ਰੀਮਤੀ ਸਾਲਿਨੀ ਜੈਨ (ਏ.ਜੀ.ਐਮ) ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਸੈਲਫ਼—ਹੈਲਫ਼ ਗਰੁੱਪ ਸਕੀਮ ਅਤੇ ਬੈਂਕਾਂ ਦੀਆਂ ਡਿਜਟੀਲਾਈਜ਼ੇਸ਼ਨ ਸਕੀਮਾਂ ਬਾਰੇ ਦੱਸਿਆਂ। ਸ਼੍ਰੀ ਮਾਨਵਪ੍ਰੀਤ ਸਿੰਘ (ਡੀ.ਡੀ.ਐਮ ਨਾਬਾਰਡ) ਨੇ ਵੀ ਜ਼ਿਲ੍ਹੇ ਵਿੱਚ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਬਾਰੇ ਕਰਜ਼ੇ ਵੰਡ ਦੀ ਕਾਰਜ਼ਗੁਜਾਰੀ ਬਾਰੇ ਦੱਸਿਆ ਅਤੇ ਅੱਗੇ ਕਿਹਾ ਕਿ ਸੈਲਫ਼—ਹੈਲਫ਼ ਗੁਰੱਪਾਂ ਅਧੀਨ ਬੈਂਕਾਂ ਨੂੰ ਵੱਧ ਤੋਂ ਵੱਧ ਕਰਜ਼ੇ ਵੰਡਣੇ ਚਾਹੀਦੇ ਹਨ ਤਾਂ ਜੋ ਇਹਨਾਂ ਲੋਕਾਂ ਨੂੰ ਜ਼ਿਆਦਾ ਵਿਆਜ਼ ਆਦਿ ਤੋਂ ਬਚਾਇਆਂ ਜਾ ਸਕੇ। ਸ੍ਰੀ ਧਰਮਪਾਲ ਬਾਂਸਲ (ਡਾਇਰੈਕਟਰ, ਪੇਂਡੂ ਸਵੈਂ—ਰੋਜ਼ਗਾਰ ਇੰਸਟੀਚਿਊਟ ਅਤੇ ਟਰੇਨਿੰਗ ਸੈਂਟਰ, ਬਰਨਾਲਾ) ਨੇ ਵੀ ਦਸੰਬਰ,2020 ਦੀ ਤਿਮਾਹੀਂ ਦਾ ਡੀ.ਐਲ.ਆਰ.ਏ.ਸੀ ਮੀਟਿੰਗ ਦਾ ਏਜੰਡਾ ਪੇਸ਼ ਕੀਤਾ। ਇਸ ਮੀਟਿੰਗ ਵਿੱਚ ਬੈਂਕਾਂ ਦੇ ਜ਼ਿਲ੍ਹਾ ਕੋ—ਆਰਡੀਨੇਟਰ, ਸਾਖਾਂ ਪ੍ਰਬੰਧਕ ਅਤੇ ਵੱਖ—ਵੱਖ ਮਹਿਕਮਿਆਂ ਦੇ ਅਫ਼ਸਰਾਂ ਨੇ ਵੀ ਭਾਗ ਲਿਆ।