ਐਸ.ਐਸ.ਪੀ. ਗੋਇਲ ਨੇ ਕਿਹਾ ਕਿ ਪੀੜਤ ਬੱਚੀ ਮੇਰੀ ਧੀ ਐ,,,ਨਹੀਂ ਬਖਸ਼ੇ ਜਾਣਗੇ ਦੋਸ਼ੀ
ਦੋਸ਼ੀਆਂ ਤੇ ਐਸ.ਸੀ./ਐਸ.ਟੀ. ਐਕਟ ਦਾ ਜੁਰਮ ਵੀ ਲਾਇਆ
ਹਰਿੰਦਰ ਨਿੱਕਾ , ਬਰਨਾਲਾ 2 ਮਾਰਚ 2021
ਜਿਲ੍ਹੇ ਦੇ ਐਸ.ਐਸ.ਪੀ. ਸੰਦੀਪ ਗੋਇਲ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਤਾਂਤਰਿਕ ਗੈਂਗਰੇਪ ਦੀ ਪੀੜਤ ਲੜਕੀ ਦਾ ਹਾਲ ਜਾਣਨ ਅਤੇ ਪਰਿਵਾਰ ਨੂੰ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦਾ ਭਰੋਸਾ ਦੇਣ ਲਈ ਪਹੁੰਚੇ । ਇਸ ਮੌਕੇ ਪੀੜਤ ਪਰਿਵਾਰ ਦੇ ਸਮਰਥਕਾਂ ‘ਚ ਮੌਕੇ ਤੇ ਬਣੇ ਹਾਲਤ ਕਾਰਣ ਕੁਝ ਗਲਤ ਫਹਿਮੀ ਪੈਦਾ ਹੋ ਗਈ। ਜਿਸ ਕਾਰਣ ਮਾਮੂਲੀ ਤਕਰਾਰਬਾਜੀ ਵੀ ਹੋਈ । ਐਸ.ਐਸ.ਪੀ. ਗੋਇਲ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਦੋਸ਼ੀ ਕਿੰਨ੍ਹਾਂ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ, ਉਹ ਕਿਸੇ ਨੂੰ ਵੀ ਨਹੀਂ ਬਖਸ਼ਣਗੇ । ਉਨਾਂ ਇਹ ਵੀ ਯਕੀਨ ਦਿਵਾਇਆ ਕਿ ਪੁਲਿਸ ਦੇ ਤਿੰਨ ਅਧਿਕਾਰੀ ਬੇਸ਼ੱਕ ਸਸਪੈਂਡ ਕਰ ਦਿੱਤੇ ਗਏ ਹਨ, ਪਰੰਤੂ ਐਸ.ਪੀ. ਐਚ ਹਰਬੰਤ ਕੌਰ ਦੀ ਅਗਵਾਈ ਵਿੱਚ ਪੂਰੇ ਮਾਮਲੇ ਦੀ ਜਾਂਚ ਲਈ ਕਾਇਮ ਕੀਤੀ ਐਸ.ਆਈ.ਟੀ. ਕੇਸ ਦੀ ਤਫਤੀਸ਼ ਨਾਲ ਜੁੜੇ ਰਹੇ ਪੁਲਿਸ ਅਧਿਕਾਰੀਆਂ ਦੇ ਰੋਲ ਦੀ ਵੀ ਜਾਂਚ ਕਰ ਰਹੀ ਹੈ। ਕੋਈ ਵੀ ਦੋਸ਼ੀ ਪੁਲਿਸ ਅਧਿਕਾਰੀ ਨੂੰ ਵੀ ਉਹ ਸਪੇਅਰ ਨਹੀਂ ਕਰਨਗੇ। ਉਨਾਂ ਕਿਹਾ ਕਿ ਅਸੀਂ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਕੋਈ ਕਸਰ ਨਹੀਂ ਛੱਡਾਂਗੇ। ਐਸ.ਐਸ.ਪੀ. ਗੋਇਲ ਨੇ ਕੇਸ ਦੇ ਨਾਮਜ਼ਦ ਦੋਸ਼ੀ ਧਰਮਿੰਦਰ ਘੜੀਆਂ ਵਾਲਾ ਨੂੰ ਪੁਲਿਸ ਦੀ ਕੋਈ ਰਿਆਇਤ ਮਨਜੂਰ ਹੋਣ ਬਾਰੇ ਸਪੱਸ਼ਟ ਕੀਤਾ ਕਿ ਉਹ ਕਿਸੇ ਘੜੀਆਂ ਵਾਲੇ ਨੂੰ ਛੱਡਣ ਵਾਲੇ ਨਹੀਂ ਹਨ। ਉੱਧਰ ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਪੀੜਤ ਲੜਕੀ ਦਾ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਮਿਲਣ ਤੋਂ ਬਾਅਦ ਪਹਿਲਾਂ ਦਰਜ਼ ਕੇਸ ਵਿੱਚ ਐਸ.ਸੀ./ਐਸ.ਟੀ. ਐਕਟ 1989 ਦੀ ਸੈਕਸ਼ਨ 3/4/5 ਦਾ ਹੋਰ ਵਾਧਾ ਵੀ ਕਰ ਦਿੱਤਾ ਗਿਆ ਹੈ। ਵਰਣਨਯੋਗ ਹੈ ਕਿ ਬਰਨਾਲਾ ਟੂਡੇ ਨੇ ਹੀ ਲੰਘੀ ਕੱਲ੍ਹ ਕੇਸ ਵਿੱਚ ਨਾਮਜਦ ਦੋਸ਼ੀਆਂ ਖਿਲਾਫ ਐਸ.ਸੀ./ਐਸ.ਟੀ. ਐਕਟ ਦੀ ਸੈਕਸ਼ਨ ਨਾ ਲਾਏ ਜਾਣ ਦਾ ਮੁੱਦਾ ਪ੍ਰਮੁੱਖਤਾ ਨਾਲ ਉਭਾਰਿਆ ਸੀ। ਜਿਸ ਤੋਂ ਬਾਅਦ ਪੁਲਿਸ ਹੋਰ ਵਧੇਰੇ ਹਰਕਤ ਵਿੱਚ ਆ ਗਈ ਤੇ ਪੀੜਤ ਲੜਕੀ ਦਾ ਸਰਟੀਫਿਕੇਟ ਹਾਸਿਲ ਕਰਕੇ ਐਸ.ਸੀ./ਐਸ.ਟੀ. ਐਕਟ ਵੀ ਲਗਾ ਦਿੱਤਾ ਗਿਆ ਹੈ।